ਮਾਰਚ 2026 ਤੱਕ ਭਾਰਤ ’ਚੋਂ ਨਕਸਲੀ ਖ਼ਤਮ ਕਰ ਦੇਵਾਂਗੇ: ਸ਼ਾਹ
ਨਵੀਂ ਦਿੱਲੀ, 6 ਜਨਵਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਰਚ 2026 ਤੱਕ ਨਕਸਲੀਆਂ ਨੂੰ ਦੇਸ਼ ਵਿਚੋਂ ਖ਼ਤਮ ਕਰਨ ਦਾ ਅਹਿਦ ਲੈਂਦਿਆਂ ਅੱਜ ਕਿਹਾ ਕਿ ਛੱਤੀਸਗੜ੍ਹ ਵਿਚ ਨਕਸਲੀਆਂ ਹੱਥੋਂ ਮਾਰੇ ਗਏ ਜ਼ਿਲ੍ਹਾ ਰਿਜ਼ਰਵ ਗਾਰਡਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ। ਨਕਸਲੀਆਂ ਵੱਲੋਂ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਕੀਤੇ ਹਮਲੇ ਮਗਰੋਂ ਸ਼ਾਹ ਨੇ ਇਹ ਟਿੱਪਣੀ ਕੀਤੀ ਹੈ। ਨਕਸਲੀਆਂ ਵੱਲੋਂ ਸੁਰੱਖਿਆ ਬਲਾਂ ਦੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਬਾਰੂਦੀ ਸੁਰੰਗ ਧਮਾਕੇ ਵਿਚ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਦੇ ਅੱਠ ਜਵਾਨਾਂ ਤੇ ਸਿਵਲੀਅਨ ਡਰਾਈਵਰ ਦੀ ਜਾਨ ਜਾਂਦੀ ਰਹੀ ਸੀ।
ਸ਼ਾਹ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੈਂ ਬੀਜਾਪੁਰ ਵਿਚ ਆਈਈਡੀ ਧਮਾਕੇ ਵਿਚ ਡੀਆਰਜੀ ਦੇ ਸੁਰੱਖਿਆ ਬਲਾਂ ਦੀ ਮੌਤ ਦੀ ਖ਼ਬਰ ਤੋਂ ਬੇਹੱਦ ਦੁਖੀ ਹਾਂ। ਮੈਂ ਬਹਾਦਰ ਫੌਜੀਆਂ ਦੇ ਪਰਿਵਾਰਾਂ ਨਾਲ ਡੂੰਘੀਆਂ ਸੰਵੇਦਨਾਵਾਂ ਜ਼ਾਹਿਰ ਕਰਦਾ ਹਾਂ। ਇਸ ਦੁੱਖ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਨਾਮੁਮਕਿਨ ਹੈ, ਪਰ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਸਾਡੇ ਸੁਰੱਖਿਆ ਬਲਾਂ ਦਾ ਬਲਿਦਾਨ ਬੇਕਾਰ ਨਹੀਂ ਜਾਵੇਗਾ। ਅਸੀਂ ਮਾਰਚ 2026 ਤੱਕ ਭਾਰਤ ’ਚੋਂ ਨਕਸਲੀਆਂ ਨੂੰ ਖ਼ਤਮ ਕਰ ਦਿਆਂਗੇ।’’ ਨਕਸਲੀਆਂ ਵੱਲੋਂ ਪਿਛਲੇ ਦੋ ਸਾਲਾਂ ਵਿਚ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਇਹ ਸਭ ਤੋਂ ਵੱਡਾ ਤੇ ਇਸ ਸਾਲ ਦਾ ਪਹਿਲਾ ਹਮਲਾ ਹੈ। -ਪੀਟੀਆਈ