ਬ੍ਰਹਮਪੁੱਤਰ ਦਰਿਆ ’ਤੇ ਬੰਨ੍ਹ ਨਾਲ ਭਾਰਤ ਅਤੇ ਹੋਰ ਦੱਖਣ ਏਸ਼ਿਆਈ ਮੁਲਕ ਹੋਣਗੇ ਪ੍ਰਭਾਵਿਤ
ਧਰਮਸ਼ਾਲਾ, 7 ਜਨਵਰੀ
ਚੀਨ ਵੱਲੋਂ ਬ੍ਰਹਮਪੁੱਤਰ ਦਰਿਆ ’ਤੇ ਦੁਨੀਆ ਦਾ ਸਭ ਤੋਂ ਵੱਡਾ ਡੈਮ ਉਸਾਰੇ ਜਾਣ ਦੀ ਪ੍ਰਵਾਨਗੀ ਦਿੱਤੇ ਜਾਣ ਮਗਰੋਂ ਤਿੱਬਤ ਦੇ ਜਲਾਵਤਨ ਮਾਹਿਰਾਂ ਨੇ ਕਿਹਾ ਹੈ ਕਿ ਇਸ ਨਾਲ ਨਾ ਸਿਰਫ਼ ਭਾਰਤ ਸਗੋਂ ਹੋਰ ਕਈ ਦੱਖਣ ਏਸ਼ਿਆਈ ਮੁਲਕਾਂ ’ਤੇ ਨਾਂਹਪੱਖੀ ਅਸਰ ਪੈਣਗੇ। ਧਰਮਸ਼ਾਲਾ ’ਚ ਤਿੱਬਤ ਪਾਲਿਸੀ ਇੰਸਟੀਚਿਊਟ ਦੇ ਡਿਪਟੀ ਡਾਇਰੈਕਟਰ ਅਤੇ ਖੋਜੀ ਤੇਮਪਾ ਗਿਆਲਤਸੇਨ ਨੇ ਕਿਹਾ ਕਿ ਬ੍ਰਹਮਪੁੱਤਰ ’ਤੇ ਡੈਮ ਬਣਨ ਨਾਲ ਭਾਰਤ ਲਈ ਗੰਭੀਰ ਸਿੱਟੇ ਨਿਕਣਲਗੇ। ਤਿੱਬਤੀ ਮਾਹਿਰ ਨੇ ਕਿਹਾ ਕਿ 2020 ’ਚ ਚੀਨ ਦੇ ਇਸ ਬੰਨ੍ਹ ਬਾਰੇ ਉਨ੍ਹਾਂ ਲੇਖ ਰਾਹੀਂ ਜਾਣਕਾਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਡੈਮ ਦੀ ਉਸਾਰੀ ਨਾਲ ਉੱਤਰ-ਪੂਰਬੀ ਭਾਰਤ ਦੇ ਲੋਕਾਂ ਨੂੰ ਪਾਣੀ ਨਾਲ ਸਬੰਧਤ ਗੰਭੀਰ ਸਮੱਸਿਆਵਾਂ ਨਾਲ ਜੂਝਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਗਰਮੀਆਂ ’ਚ ਜਦੋਂ ਡੈਮ ਅੰਦਰ ਵਾਧੂ ਪਾਣੀ ਹੋ ਜਾਵੇਗਾ ਤਾਂ ਉਸ ਨੂੰ ਛੱਡੇ ਜਾਣ ’ਤੇ ਇਲਾਕੇ ’ਚ ਹੜ੍ਹ ਆਉਣਗੇ। ਇਸੇ ਤਰ੍ਹਾਂ ਸਰਦੀਆਂ ’ਚ ਡੈਮ ਅੰਦਰ ਪਾਣੀ ਤਾਂ ਜਮਾਂ ਹੋ ਜਾਵੇਗਾ ਪਰ ਖ਼ਿੱਤੇ ਦੇ ਲੋਕਾਂ ਨੂੰ ਪਾਣੀ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਹਿਮਾਲਿਅਨ ਖ਼ਿੱਤੇ ’ਚ ਅਕਸਰ ਭੂਚਾਲ ਆਉਣ ਦਾ ਖ਼ਤਰਾ ਰਹਿੰਦਾ ਹੈ ਅਤੇ ਵੱਡੇ ਡੈਮ ਨਾਲ ਕੁਦਰਤੀ ਆਫ਼ਤ ਆਉਣ ਦੀ ਸੰਭਾਵਨਾ ਹੋਰ ਵਧ ਜਾਵੇਗੀ। ਇਸ ਤੋਂ ਇਲਾਵਾ ਜਦੋਂ ਵੀ ਭਾਰਤ ਦੇ ਚੀਨ ਨਾਲ ਸਬੰਧ ਵਿਗੜਨਗੇ ਤਾਂ ਉਹ ਡੈਮ ਦੀ ਭਾਰਤ ਖ਼ਿਲਾਫ਼ ਦੁਰਵਰਤੋਂ ਕਰ ਸਕਦਾ ਹੈ। -ਏਐੱਨਆਈ
ਚੀਨੀ ਪ੍ਰਾਜੈਕਟ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਮੁਲਕ: ਡੋਲਮਾ
ਤਿੱਬਤ ਦੀ ਜਲਾਵਤਨ ਸੰਸਦ ਦੇ ਡਿਪਟੀ ਸਪੀਕਰ ਡੋਲਮਾ ਸੇਰਿੰਗ ਨੇ ਕਿਹਾ ਕਿ ਡੈਮ ਦੀ ਉਸਾਰੀ ਨਾਲ ਭਾਰਤ ਸਮੇਤ ਦੱਖਣ ਏਸ਼ਿਆਈ ਮੁਲਕਾਂ ’ਤੇ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਸਾਰੇ ਮੁਲਕਾਂ ਨੂੰ ਚੀਨ ਦੇ ਪ੍ਰਾਜੈਕਟ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਡੈਮ ਨੂੰ ਭੂਚਾਲ ਕਾਰਨ ਨੁਕਸਾਨ ਹੋਇਆ ਤਾਂ ਇਸ ਦੇ ਸਿੱਟੇ ਲੋਕਾਂ ਨੂੰ ਭੁਗਤਣੇ ਪੈਣਗੇ।