ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਿਹਾਤੀ ਵਿਕਾਸ ਫੰਡ ਰੋਕਣ ਵਾਲਿਆਂ ਤੋਂ ਪੈਸੇ-ਪੈਸੇ ਦਾ ਹਿਸਾਬ ਲਵਾਂਗੇ: ਅਨਮੋਲ

07:52 AM Apr 18, 2024 IST
ਜੈਤੋ ’ਚ ਚੋਣ ਜਲਸੇ ਦੌਰਾਨ ਵਿਧਾਇਕ ਅਮਲੋਕ ਸਿੰਘ, ਕਰਮਜੀਤ ਅਨਮੋਲ ਤੇ ਸੋਨੀਆ ਮਾਨ।

ਸ਼ਗਨ ਕਟਾਰੀਆ
ਜੈਤੋ, 17 ਅਪਰੈਲ
ਫਰੀਦਕੋਟ ਲੋਕ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਦਾ 8 ਹਜ਼ਾਰ ਕਰੋੜ ਰੁਪਏ ਦਾ ‘ਦਿਹਾਤੀ ਵਿਕਾਸ ਫੰਡ’ ਰੋਕ ਕੇ ਸੂਬੇ ਦੇ ਪਿੰਡਾਂ ਖਾਸ ਕਰਕੇ ਕਿਸਾਨੀ ਨਾਲ ਬਹੁਤ ਵੱਡਾ ਧੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਵੋਟ ਦੀ ਤਾਕਤ ਨਾਲ ਪਾਰਲੀਮੈਂਟ ਵਿੱਚ ਜਾ ਕੇ ਕੇਂਦਰ ਤੋਂ ਪਾਈ-ਪਾਈ ਦਾ ਹਿਸਾਬ ਲਿਆ ਜਾਵੇਗਾ। ਬਾਜਾਖਾਨਾ ਅਤੇ ਬਰਗਾੜੀ ਪਿੰਡਾਂ ’ਚ ਕੀਤੇ ਚੋਣ ਜਲਸਿਆਂ ਦੌਰਾਨ ‘ਆਪ’ ਉਮੀਦਵਾਰ ਨੇ ਪੰਜਾਬ ਸਰਕਾਰ ਦੀਆਂ ਪਿਛਲੇ ਦੋ ਸਾਲਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਬਿਨਾਂ ਕਿਸੇ ਸਿਫਾਰਸ਼ ਅਤੇ ਮੈਰਿਟ ਦੇ ਆਧਾਰ ਉੱਤੇ ਨੌਕਰੀਆਂ ਦੇਣ ਤੋਂ ਇਲਾਵਾ ਹਰ ਘਰ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਕਿਸਾਨਾਂ ਨੂੰ ਟੇਲਾਂ ਤੱਕ ਨਹਿਰੀ ਪਾਣੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਪੂਰੇ ਹਿੰਦੁਸਤਾਨ ਦੀ ਲੜਾਈ ਲੜ ਰਹੀ ਹੈ, ਇਸ ਲਈ ‘ਆਪ’ ਉਮੀਦਵਾਰਾਂ ਦੇ ਹੱਥ ਮਜ਼ਬੂਤ ਕਰਕੇ ਪਾਰਲੀਮੈਂਟ ਵਿੱਚ ਭੇਜਣਾ ਜ਼ਰੂਰੀ ਹੈ, ਤਾਂ ਜੋ ਮੋਦੀ ਸਰਕਾਰ ਦੀ ਤਾਨਾਸ਼ਾਹੀ ਦਾ ਤਖ਼ਤਾ ਪਲਟਾਇਆ ਜਾ ਸਕੇ। ਉੱਘੀ ਗਾਇਕਾ ਸੋਨੀਆ ਮਾਨ ਨੇ ਕਰਮਜੀਤ ਅਨਮੋਲ ਦੇ ਹੱਕ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਉਹ ਇੱਕ ਸਿਆਸੀ ਆਗੂ ਵਜੋਂ ਨਹੀਂ ਸਗੋਂ ਕਲਾਕਾਰ ਅਤੇ ਕਿਸਾਨੀ ਅੰਦੋਲਨ ਦੀ ਆਵਾਜ਼ ਬਣ ਕੇ ਕਰਮਜੀਤ ਅਨਮੋਲ ਲਈ ਵੋਟਾਂ ਮੰਗਣ ਆਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਨੂੰ ਸੱਤਾ ਤੋਂ ਲਾਂਭੇ ਕਰਨਾ ਬਹੁਤ ਜ਼ਰੂਰੀ ਹੈ, ਜੇ ਗ਼ਲਤੀ ਨਾਲ ਫਿਰ ਬੀਜੇਪੀ ਸਰਕਾਰ ਆਉਂਦੀ ਹੈ ਤਾਂ ਦੇਸ਼ ਵਿੱਚੋਂ ਲੋਕਤੰਤਰ ਖ਼ਤਮ ਹੋ ਜਾਵੇਗਾ ਅਤੇ ਤਾਨਾਸ਼ਾਹੀ ਦਾ ਕਾਲਾ ਦੌਰ ਸ਼ੁਰੂ ਹੋ ਜਾਵੇਗਾ। ਜੈਤੋ ਹਲਕੇ ਤੋਂ ਵਿਧਾਇਕ ਅਮੋਲਕ ਸਿੰਘ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਸੂਬੇ ਵਿੱਚ ਸਿਆਸੀ ਸਮੀਕਰਨ ਬਣ ਰਹੇ ਹਨ, ਆਮ ਆਦਮੀ ਪਾਰਟੀ ਇਕੱਲੀ ਸਭ ਤੋਂ ਵੱਧ ਮਜ਼ਬੂਤ ਪਾਰਟੀ ਬਣ ਕੇ ਉੱਭਰ ਰਹੀ ਹੈ, ਕਿਉਂ ਕਿ ਦੋ ਸਾਲਾਂ ਵਿੱਚ ਹੀ ਇਸਨੇ ਲੋਕਾਂ ਵਿੱਚ ਆਪਣਾ ਆਧਾਰ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪਾਰਟੀ ਦੇ ਪਾਰਲੀਮੈਂਟ ਮੈਂਬਰ ਜਿੱਤਣ ਨਾਲ ਪਾਰਟੀ ਦੀ ਤਾਕਤ ਦੁੱਗਣੀ ਹੋ ਜਾਵੇਗੀ ਅਤੇ ਉਹ ਕਰਮਜੀਤ ਅਨਮੋਲ ਨਾਲ ਮਿਲ ਕੇ ਹਲਕੇ ਦੇ ਰਹਿੰਦੇ ਕੰਮ ਕਰਾਉਣ ਵਿੱਚ ਕਾਮਯਾਬ ਹੋਣਗੇ। ਇਸ ਮੌਕੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ, ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ, ਦਿ ਟਰੱਕ ਅਪ੍ਰੇਟਰਜ਼ ਐਸੋਸੀਏਸ਼ਨ ਦੇ ਸੂਬਾ ਆਗੂ ਐਡਵੋਕੇਟ ਹਰਸਿਮਰਨ ਮਲਹੋਤਰਾ, ਟਰੱਕ ਯੂਨੀਅਨ ਬਾਜਾਖਾਨਾ ਦੇ ਪ੍ਰਧਾਨ ਇਕਬਾਲ ਡੋਡ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ ਸਮੇਤ ਵੱਡੀ ਗਿਣਤੀ ’ਚ ਪਾਰਟੀ ਵਰਕਰ ਤੇ ਆਗੂ ਹਾਜ਼ਰ ਸਨ।

Advertisement

Advertisement
Advertisement