For the best experience, open
https://m.punjabitribuneonline.com
on your mobile browser.
Advertisement

ਹੰਸ ਰਾਜ ਦੇ ਵਿਰੋਧ ਸਮੇਂ ਕਿਸਾਨਾਂ ਤੇ ਪੁਲੀਸ ਦਰਮਿਆਨ ਖਿੱਚ-ਧੂਹ

08:09 AM May 21, 2024 IST
ਹੰਸ ਰਾਜ ਦੇ ਵਿਰੋਧ ਸਮੇਂ ਕਿਸਾਨਾਂ ਤੇ ਪੁਲੀਸ ਦਰਮਿਆਨ ਖਿੱਚ ਧੂਹ
ਕੋਠਾ ਗੁਰੂ ਵਿੱਚ ਹੰਸ ਰਾਜ ਹੰਸ ਦਾ ਵਿਰੋਧ ਕਰਦੇ ਹੋਏ ਕਿਸਾਨ।
Advertisement

ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 20 ਮਈ
ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਵੱਲੋਂ ਪਿੰਡ ਕੋਠਾ ਗੁਰੂ ਵਿੱਚ ਰੱਖੇ ਚੋਣ ਪ੍ਰੋਗਰਾਮ ਦੀ ਭਿਣਕ ਪੈਂਦਿਆਂ ਹੀ ਬੀਕੇਯੂ (ਉਗਰਾਹਾਂ), ਬੀਕੇਯੂ (ਕ੍ਰਾਂਤੀਕਾਰੀ) ਪੰਜਾਬ, ਬੀਕੇਯੂ (ਸਿੱਧੂਪੁਰ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਨੇ ਵਿਰੋਧ ਕਰਦਿਆਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ। ਅੱਗੇ ਵਧ ਰਹੇ ਕਿਸਾਨਾਂ ਤੇ ਪੁਲੀਸ ਪ੍ਰਸ਼ਾਸਨ ਦਰਮਿਆਨ ਕੁਝ ਖਿੱਚਧੂਹ ਵੀ ਹੋਈ। ਇਸ ਸਮੇਂ ਵੱਡੀ ਗਿਣਤੀ ਵਿਚ ਪੁਲੀਸ ਤਾਇਨਾਤ ਕੀਤੀ ਗਈ ਸੀ। ਇਸ ਮੌਕੇ ਬੀਕੇਯੂ (ਕ੍ਰਾਂਤੀਕਾਰੀ) ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ ਦੱਸਿਆ ਕਿ ਬੀਤੇ ਦਿਨੀਂ ਹੰਸ ਰਾਜ ਹੰਸ ਨੇ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦੇ ਕੀਤੇ ਜਾ ਰਹੇ ਵਿਰੋਧ ਪ੍ਰਤੀ ਕੁਝ ਵਿਵਾਦਤ ਗੱਲਾਂ ਕਹੀਆਂ ਸਨ, ਜਿਨ੍ਹਾਂ ਤੋਂ ਕਿਸਾਨਾਂ ਵਿੱਚ ਭਾਰੀ ਰੋਸ ਹੈ। ਬੀਕੇਯੂ (ਉਗਰਾਹਾਂ) ਬਲਾਕ ਭਗਤਾ ਦੇ ਪ੍ਰਧਾਨ ਜਸਪਾਲ ਸਿੰਘ ਪਾਲਾ, ਬੀਕੇਯੂ (ਸਿੱਧੂਪੁਰ) ਦੇ ਗੁਰਜੰਟ ਸਿੰਘ ਕੋਠਾਗੁਰੂ, ਔਰਤ ਆਗੂ ਮਾਲਣ ਕੌਰ ਅਤੇ ਮਜ਼ਦੂਰ ਆਗੂ ਤੀਰਥ ਸਿੰਘ ਨੇ ਮੁੜ ਦੁਹਰਾਇਆ ਕਿ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਲਏ ਫ਼ੈਸਲੇ ਤਹਿਤ ਪੰਜਾਬ ਭਰ ਵਿੱਚ ਭਾਜਪਾ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਜਾਰੀ ਰਹੇਗਾ।
ਸਮਾਲਸਰ (ਪੱਤਰ ਪ੍ਰੇਰਕ): ਡੇਰਾ ਭੋਰੇ ਵਾਲਾ ਸੁਖਾਨੰਦ ਵਿੱਚ ਪਹੁੰਚੇ ਭਾਜਪਾ ਉਮੀਦਵਾਰ ਹੰਸ ਰਾਜ ਦੀ ਕਿਸਾਨਾਂ ਨੂੰ ਭੈਣਕ ਪੈ ਗਈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜਥੇਬੰਦੀ ਦੇ ਆਗੂ ਹੰਸ ਰਾਜ ਦਾ ਵਿਰੋਧ ਕਰਨ ਲਈ ਡੇਰੇ ਦੇ ਗੇਟ ਅੱਗੇ ਪਹੁੰਚ ਗਏ। ਕਿਸਾਨਾਂ ਦੇ ਵਿਰੋਧ ਦੀ ਖ਼ਬਰ ਸੁਣਦਿਆਂ ਹੀ ਵੱਡੀ ਗਿਣਤੀ ਵਿੱਚ ਪੁਲੀਸ ਵੀ ਇੱਥੇ ਪਹੁੰਚ ਗਈ। ਪੁਲੀਸ ਨੇ ਕਿਸਾਨਾਂ ਨੂੰ ਬਾਹਰ ਹੀ ਰੋਕੀ ਰੱਖਿਆ। ਭਾਜਪਾ ਉਮੀਦਵਾਰ ਜਦੋਂ ਇੱਥੋਂ ਭਗਤਾ ਭਾਈ ਰੋਡ ਨੂੰ ਜਾਣ ਲਈ ਨਿਕਲਿਆ ਤਾਂ ਕਿਸਾਨਾਂ ਨੇ ਮੁਰਦਾਬਾਦ ਦੇ ਨਾਅਰੇ ਲਗਾ ਕੇ ਉਸ ਨੂੰ ਕਾਲੀਆਂ ਝੰਡੀਆਂ ਦਿਖਾਈਆਂ।

Advertisement

ਭਾਜਪਾ ਉਮੀਦਵਾਰ ਵੱਲੋਂ ਭਗਤਾ ਭਾਈ ਵਿੱਚ ਚੋਣ ਦਫ਼ਤਰ ਦਾ ਉਦਘਾਟਨ

ਭਗਤਾ ਭਾਈ: ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਵੱਲੋਂ ਅੱਜ ਭਗਤਾ ਭਾਈ ਦੇ ਬਾਜ਼ਾਰ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਹਾਜ਼ਰੀ ’ਚ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਹੰਸ ਰਾਜ ਹੰਸ ਨੇ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅੱਜ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਯੂਪੀ ਤੇ ਬਿਹਾਰ ਵਰਗੇ ਪਛੜੇ ਰਾਜ ਵੀ ਅੱਗੇ ਵਧ ਰਹੇ ਹਨ ਤਾਂ ਪੰਜਾਬ ਦੀ ਬਿਹਤਰੀ ਲਈ ਸਾਨੂੰ ਪਿੱਛੇ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਭਾਜਪਾ ਤੀਜੀ ਵਾਰ ਸੱਤਾ ’ਤੇ ਕਾਬਜ਼ ਹੋਣ ਜਾ ਰਹੀ ਹੈ। ਅੱਜ ਲੋੜ ਹੈ ਕਿ ਅਸੀਂ ਪੰਜਾਬੀ ਵੀ ਭਾਜਪਾ ਨਾਲ ਮਿਲ ਕੇ ਸੂਬੇ ਦੀ ਤਰੱਕੀ ਦਾ ਰਾਹ ਪੱਧਰਾ ਕਰੀਏ। ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਗੁਰਵਿੰਦਰ ਸਿੰਘ ਭਗਤਾ, ਹਲਕਾ ਰਾਮਪੁਰਾ ਫੂਲ ਦੇ ਕਨਵੀਨਰ ਡਾ. ਅਮਰਜੀਤ ਸ਼ਰਮਾ ਭਗਤਾ ਅਤੇ ਮੰਡਲ ਪ੍ਰਧਾਨ ਸਵਰਨ ਸਿੰਘ ਬੁਰਜ ਲੱਧਾ ਨੇ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ। ਇਸ ਉਪਰੰਤ ਹੰਸ ਰਾਜ ਹੰਸ ਨੇ ਪਿੰਡ ਬੁਰਜ ਲੱਧਾ, ਸੁਰਜੀਤ ਨਗਰ, ਕੋਠਾ ਗੁਰੂ, ਮਲੂਕਾ ਤੇ ਸਿਰੀਏਵਾਲਾ ਵਿੱਚ ਵੀ ਚੋਣ ਪ੍ਰਚਾਰ ਕੀਤਾ।

Advertisement
Author Image

Advertisement
Advertisement
×