For the best experience, open
https://m.punjabitribuneonline.com
on your mobile browser.
Advertisement

ਘਨੌਰ ਵਿੱਚ ਕੌਮੀ ਪੱਧਰ ਦੀ ਖੇਡ ਅਕੈਡਮੀ ਬਣਾਵਾਂਗੇ: ਗੁਰਲਾਲ

10:30 AM Jul 21, 2024 IST
ਘਨੌਰ ਵਿੱਚ ਕੌਮੀ ਪੱਧਰ ਦੀ ਖੇਡ ਅਕੈਡਮੀ ਬਣਾਵਾਂਗੇ  ਗੁਰਲਾਲ
ਜੇਤੂ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਦੇ ਹੋਏ ਵਿਧਾਇਕ ਗੁਰਲਾਲ ਸਿੰਘ। -ਫੋਟੋ: ਅਕੀਦਾ
Advertisement

ਪੱਤਰ ਪ੍ਰੇਰਕ
ਪਟਿਆਲਾ, 20 ਜੁਲਾਈ
ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਕਿਹਾ ਕਿ ਖੇਡ ਸੱਭਿਆਚਾਰ ਨੂੰ ਵਿਕਸਤ ਕਰਨ ਅਤੇ ਹੇਠਲੇ ਪੱਧਰ ਤੋਂ ਲੈ ਕੇ ਕੌਮਾਂਤਰੀ ਪੱਧਰ ਤੱਕ ਉੱਭਰਦੇ ਖਿਡਾਰੀਆਂ ਅਤੇ ਕੋਚਾਂ ਨੂੰ ਸਮਰਥਨ ਦੇਣ ਲਈ ਇੱਕ ਨਵੀਂ ਖੇਡ ਨੀਤੀ ਦਾ ਖਰੜਾ ਤਿਆਰ ਹੋ ਰਿਹਾ ਹੈ, ਜਿਸ ਤਹਿਤ ਘਨੌਰ ਹਲਕੇ ’ਚ ਇਕ ਕੌਮੀ ਪੱਧਰ ਦੀ ਖੇਡ ਅਕਾਦਮੀ ਬਣਾਈ ਜਾਵੇਗੀ। ਵਿਧਾਇਕ ਗੁਰਲਾਲ ਘਨੌਰ ਖੇਡ ਸਟੇਡੀਅਮ ਘਨੌਰ ਵਿੱਚ ਖਿਡਾਰੀਆਂ ਨਾਲ ਮੁਲਾਕਾਤ ਮਗਰੋਂ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਜ਼ਿਲ੍ਹਾ ਅਤੇ ਸੂਬਾ ਪੱਧਰ ’ਤੇ ਜਾਂ ਫਿਰ ਕੌਮਾਂਤਰੀ ਪੱਧਰ ’ਤੇ ਖੇਡ ਕੇ ਆਇਆ ਕਰਨਗੇ, ਉਨ੍ਹਾਂ ਲਈ ਉਸ ਅਕਾਦਮੀ ’ਚ ਰਹਿਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਤਾਂ ਕਿ ਘਨੌਰ ਹਲਕੇ ’ਚੋਂ ਕੌਮਾਂਤਰੀ ਪੱਧਰ ’ਤੇ ਖੇਡਣ ਲਈ ਖਿਡਾਰੀ ਪੈਦਾ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਅੱਜ ਬੱਚਿਆਂ ਨੂੰ ਸੰਭਾਲਣ ਦੀ ਲੋੜ ਹੈ ਕਿਉਂਕਿ ਜਦੋਂ ਪਿਛਲੇ ਵਰ੍ਹੇ ‘ਖੇਡਾਂ ਵਤਨ ਪੰਜਾਬ ਦੀਆਂ’ ਦੀਆਂ ਹੋਈਆਂ ਸਨ ਤਾਂ ਉਸ ’ਚ ਪਟਿਆਲਾ ਪਹਿਲੇ ਨੰਬਰ ’ਤੇ ਸੀ ਤੇ ਪਟਿਆਲੇ ’ਚੋਂ ਘਨੌਰ ਪਹਿਲੇ ਨੰਬਰ ’ਤੇ ਸੀ। ਉਨ੍ਹਾਂ ਕਿਹਾ ਕਿ ਉਸ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਖੇਡਾਂ ਦੇ ਖੇਤਰ ਵਿੱਚ ਪੰਜਾਬ ’ਚੋਂ ਘਨੌਰ ਸੂਬੇ ਦਾ ਮੋਹਰੀ ਹਲਕਾ ਬਣ ਕੇ ਉੱਭਰੇਗਾ। ਇਸ ਮੌਕੇ ਕਰਵਾਈ ਗਈ ਮਿਨੀ ਮੈਰਾਥਨ ’ਚ ਪਹਿਲੇ ਪੰਜ ਸਥਾਨ ਪ੍ਰਾਪਤ ਕਰਨ ਵਾਲੇ ਮੁੰਡੇ ਤੇ ਕੁੜੀਆਂ ਨੂੰ ਵਿਧਾਇਕ ਗੁਰਲਾਲ ਘਨੌਰ ਵੱਲੋਂ ਤਗ਼ਮੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੈਰਾਥਨ ’ਚ 155 ਐਥਲੀਟਾਂ ਨੇ ਭਾਗ ਲਿਆ ਜਿਸ ’ਚ ਲੜਕਿਆਂ ’ਚੋਂ ਗੁਰਵਿੰਦਰ ਸਿੰਘ ਉਲਾਣਾ ਪਹਿਲਾ ਸਥਾਨ, ਹਰਪ੍ਰੀਤ ਸਿੰਘ ਦੂਜਾ ਸਥਾਨ, ਹਰਜੋਤ ਸਿੰਘ ਤੀਜਾ ਸਥਾਨ, ਸੁਹੇਲ ਖ਼ਾਨ ਚੌਥਾ ਸਥਾਨ, ਜਸਵਿੰਦਰ ਸਿੰਘ ਪੰਜਵਾਂ ਸਥਾਨ ਪ੍ਰਾਪਤ ਕੀਤਾ ਤੇ ਕੁੜੀਆਂ ’ਚ ਸੋਨੀਆ ਪਹਿਲਾ ਸਥਾਨ, ਮਨਪ੍ਰੀਤ ਕੌਰ ਦੂਜਾ ਸਥਾਨ, ਸੁਨੇਹਪ੍ਰੀਤ ਕੌਰ ਤੀਜਾ ਸਥਾਨ, ਬਲਵਿੰਦਰ ਕੌਰ ਉਲਾਣਾ ਚੌਥਾ ਸਥਾਨ, ਹੁਸਨਪ੍ਰੀਤ ਕੌਰ ਪੰਜਵਾਂ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਐਥਲੀਟਾਂ ਲਈ ਵਿਧਾਇਕ ਗੁਰਲਾਲ ਘਨੌਰ ਵੱਲੋਂ 2 ਕੁਵਿੰਟਲ ਦੇਸੀ ਘਿਓ ਦੇਣ ਦਾ ਵੀ ਐਲਾਨ ਕੀਤਾ।

Advertisement
Advertisement
Author Image

sukhwinder singh

View all posts

Advertisement