ਚਾਹ ਵੀ ਪਿਆਵਾਂਗੇ...
ਡਾ. ਪ੍ਰਦੀਪ ਕੌੜਾ
ਦਸੰਬਰ ਮਹੀਨੇ ਦੀ ਅਖੀਰਲੇ ਦਿਨਾਂ ਦੀ ਧੁੰਦ ਵਾਲੀ ਕੜਾਕੇ ਦੀ ਠੰਢ ਪੈ ਰਹੀ ਸੀ। ਕਾਲਜ ਵਿਚ ਛੁੱਟੀਆਂ ਹੋਣ ਕਾਰਨ ਮੈਂ ਘਰ ਹੀ ਸਾਂ ਕਿ ਸਵੇਰੇ ਸਾਢੇ ਕੁ ਅੱਠ ਵਜੇ ਅਚਾਨਕ ਡੋਰ ਬੈੱਲ ਵੱਜੀ। ਪਤਨੀ ਨੇ ਜਿਉਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਇਕ ਅੱਧਖੜ ਜਿਹਾ ਬੰਦਾ ਕੰਬਲ ਦੀ ਬੁੱਕਲ ਮਾਰੀ ਮੋਟਰਸਾਈਕਲ ’ਤੇ ਬੈਠਾ ਸੀ ਅਤੇ ਮੋਟਰਸਾਈਕਲ ਦੀ ਪਿਛਲੀ ਸੀਟ ਤੋਂ ਉਤਰਕੇ ਲੜਕੀ ਨੇ ਅੱਗੇ ਹੋ ਕੇ ਪੁੱਛਿਆ, ‘ਕੌੜਾ ਸਰ ਦਾ ਘਰ ਇਹੀ ਹੈ? ਫਾਰਮ ਅਟੈਸਟ ਕਰਵਾਉਣੇ ਸਨ।’
‘ਹਾਂ ਜੀ, ਅੰਦਰ ਆ ਜਾਓ।’ ਪਤਨੀ ਦਾ ਹੁੰਗਾਰਾ ਪਾ ਕੇ ਉਹ ਲੜਕੀ ਅੰਦਰ ਆ ਗਈ।
ਰਜਾਈ ਵਿਚੋਂ ਨਿਕਲ ਕੇ ਮੈਂ ਬਾਹਰ ਆਇਆ। ‘‘ਸਰ ਜੀ, ਫਾਰਮ ਅਟੈਸਟ ਕਰਵਾਉਣਾ ਸੀ। ਤੁਹਾਡੇ ਹੀ ਕਾਲਜ ਵਿਚ ਪੜ੍ਹਦੀ ਹਾਂ, ਅੱਜ ਫਾਰਮ ਭਰਨ ਦੀ ਆਖਰੀ ਮਿਤੀ ਐ ਜੀ।’’ ਠੰਢ ਨਾਲ ਕੰਬਦੀ ਲੜਕੀ ਇਕੋ ਸਾਹ ਸਾਰਾ ਕੁਝ ਬੋਲ ਗਈ।
‘‘ਕੋਈ ਗੱਲ ਨਹੀਂ ਬੇਟਾ, ਨਾਲ ਕੌਣ ਆਇਆ?’’
‘‘ਜੀ, ਮੇਰੇ ਡੈਡੀ ਆਏ ਨੇ।’’
‘‘ਉਨ੍ਹਾਂ ਨੂੰ ਵੀ ਬੁਲਾ ਲੈ। ਮੈਂ ਮੋਹਰ ਚੁੱਕ ਲਿਆਵਾਂ।’’ ਕਹਿ ਕੇ ਮੈਂ ਅੰਦਰ ਚਲਾ ਗਿਆ। ਮੇਰੇ ਵਾਪਸ ਆਉਣ ਤੱਕ ਦੋਵੇਂ ਪਿਉ-ਧੀ ਦਰਵਾਜ਼ੇ ਦੇ ਅੱਧ-ਵਿਚਾਲੇ ਖੜ੍ਹੇ ਸਨ।
‘‘ਅੰਦਰ ਆ ਜਾਓ।’’ ਮੇਰੇ ਜ਼ੋਰ ਦੇ ਕੇ ਕਹਿਣ ’ਤੇ ਉਹ ਅੰਦਰ ਆ ਗਏ। ਮੈਂ ਉਨ੍ਹਾਂ ਨੂੰ ਸੋਫੇ ’ਤੇ ਬੈਠਣ ਦਾ ਇਸ਼ਾਰਾ ਕੀਤਾ ਅਤੇ ਪਤਨੀ ਨੂੰ ਚਾਹ ਬਣਾਉਣ ਦੀ ਆਵਾਜ਼ ਦੇ ਦਿੱਤੀ।
‘‘ਨਹੀਂ ਜੀ, ਚਾਹ ਦੀ ਤਕਲੀਫ਼ ਨਾ ਕਰੋ। ਫਾਰਮ ਅਟੈਸਟ ਕਰ ਦੇਵੋ, ਬੜੀ ਮਿਹਰਬਾਨੀ ਜੀ।’’ ਲੜਕੀ ਦਾ ਬਾਪ ਬੜੀ ਹਲੀਮੀ ਨਾਲ ਬੋਲਿਆ।
‘‘ਮਿਹਰਬਾਨੀ ਦੀ ਕਿਹੜੀ ਗੱਲ ਐ? ਫਾਰਮ ਵੀ ਅਟੈਸਟ ਕਰਾਂਗੇ ਅਤੇ ਚਾਹ ਵੀ ਪਿਆਵਾਂਗੇ।।’’
‘‘ਕਮਲੀ ਨੇ ਪਹਿਲਾਂ ਯਾਦ ਨਹੀਂ ਕੀਤਾ ਤੇ ਅੱਜ ਕਿਸੇ ਕੁੜੀ ਨੇ ਇਹਨੂੰ ਦੱਸਿਆ ਕਿ ਅੱਜ ਹੀ ਆਖਰੀ ਮਿਤੀ ਐ। ਅੰਗਰੇਜ਼ੀ ਦੇ ਪੇਪਰ ’ਚੋਂ ਰਹਿ ਗਈ ਸੀ।’’ ਲੜਕੀ ਦਾ ਪਿਤਾ ਬਹੁਤ ਹੀ ਹੌਲੀ ਆਵਾਜ਼ ਵਿਚ ਬੋਲਿਆ।
ਇੰਨੇ ਨੂੰ ਚਾਹ ਵੀ ਆ ਗਈ। ਪਿਉ-ਧੀ ਨੇ ਥੋੜ੍ਹੇ ਜਿਹੇ ਸੰਕੋਚ ਤੋਂ ਬਾਅਦ ਚਾਹ ਦੇ ਕੱਪ ਤਾਂ ਚੁੱਕ ਲਏ ਅਤੇ ਮੇਰੇ ਬਹੁਤ ਕਹਿਣ ’ਤੇ ਮਸਾਂ ਹੀ ਇਕ-ਇਕ ਬਿਸਕੁਟ ਲਿਆ ਅਤੇ ਚਾਹ ਪੀ ਕੇ ਮੇਰਾ ਧੰਨਵਾਦ ਕਰਦੇ ਹੋਏ ਚਲੇ ਗਏ।
‘‘ਨਾਲੇ ਫਾਰਮ ਅਟੈਸਟ ਕਰੋ ਅਤੇ ਨਾਲੇ ਚਾਹਾਂ ਪਿਆਓ? ਆਹ ਚੰਗਾ ਕੰਮ ਐ ਤੁਹਾਡਾ।’’ ਕੱਪ ਚੁੱਕਣ ਆਈ ਪਤਨੀ ਨੇ ਨਿਹੋਰਾ ਮਾਰਿਆ।
***
ਗੱਲ 1997 ਦੀ ਹੈ। ਅਸੀਂ ਪਿੰਡੋਂ ਬਠਿੰਡੇ ਨਵੇਂ-ਨਵੇਂ ਆਏ ਸੀ। ਭੈਣ ਦੇ ਵਿਆਹ ਵਾਲੇ ਦਿਨ ਹੀ ਬੀ.ਏ. ਦਾ ਅੰਗਰੇਜ਼ੀ ਦਾ ਪ੍ਰੈਕਟੀਕਲ ਦਾ ਪੇਪਰ ਹੋਣ ਕਾਰਨ ਮੈਂ ਪੇਪਰ ਇਕ ਦਿਨ ਪਹਿਲਾਂ ਹੀ ਦੇ ਆਇਆ ਸੀ, ਪਰ ਪ੍ਰੋਫ਼ੈਸਰ ਸਾਹਿਬ ਭੁੱਲ ਗਏ ਅਤੇ ਉਨ੍ਹਾਂ ਮੈਨੂੰ ਪੇਪਰ ਵਿਚੋਂ ਗੈਰਹਾਜ਼ਰ ਕਰਕੇ ਭੇਜ ਦਿੱਤਾ, ਜਿਸ ਦਾ ਨਤੀਜਾ ਇਹ ਹੋਇਆ ਕਿ ਮੇਰੀ ਅੰਗਰੇਜ਼ੀ ਦੇ ਪੇਪਰ ਵਿਚੋਂ ਰੀਅਪੀਅਰ ਆ ਗਈ। ਭਰੇ ਮਨ ਨਾਲ ਕਿਤਾਬਾਂ ਵਾਲੀ ਦੁਕਾਨ ਤੋਂ ਫਾਰਮ ਲੈ ਕੇ ਭਰਿਆ ਅਤੇ ਕਾਲਜ ਅਟੈਸਟ ਕਰਵਾਉਣ ਚਲਾ ਗਿਆ। ਕਾਲਜ ਜਾ ਕੇ ਪ੍ਰੋਫ਼ੈਸਰ ਸਾਹਬ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਸਰ ਕੰਟੀਨ ’ਤੇ ਬੈਠੇ ਹਨ। ਕਾਹਲੀ ਨਾਲ ਕੰਟੀਨ ’ਤੇ ਜਾ ਕੇ ਸਰ ਨੂੰ ਫਾਰਮ ਅਟੈਸਟ ਕਰਨ ਦੀ ਬੇਨਤੀ ਕੀਤੀ ਤਾਂ ਸਰ ਕਹਿਣ ਲੱਗੇ ਆਈ.ਕਾਰਡ ਦਿਖਾ।
‘‘ਸਰ ਅਸੀਂ ਪਿੰਡੋਂ, ਬਠਿੰਡੇ ਆਏਂ ਆਂ ਅਤੇ ਚੱਕ-ਧਰ ਵਿਚ ਕਾਰਡ ਕਿਤੇ ਗੁਆਚ ਗਿਆ ਸੀ। ਨਵਾਂ ਤਾਂ ਬਣਵਾਇਆ ਨਹੀਂ ਜੀ।’’
‘‘ਕਾਕਾ, ਬਿਨਾਂ ਆਈ. ਕਾਰਡ ਤੋਂ ਕੀ ਪਤਾ ਲੱਗੇ ਬਈ ਤੂੰ ਸਾਡੇ ਕਾਲਜ ਦਾ ਵਿਦਿਆਰਥੀ ਐਂ ? ਕਿਸੇ ਦੇ ਮੂੰਹ ’ਤੇ ਥੋੜ੍ਹਾ ਲਿਖਿਆ ਹੁੰਦੈ?’’ ਸਰ ਨੇ ਬੜਾ ਰੁੱਖਾ ਜਿਹਾ ਜਵਾਬ ਦਿੰਦੇ ਹੋਏ ਫਾਰਮ ਮੈਨੂੰ ਵਾਪਸ ਕਰ ਦਿੱਤਾ। ਮਿੰਨਤ ਵੀ ਕੀਤੀ, ਪਰ ਕੋਈ ਗੱਲ ਨਾ ਬਣੀ। ਮੈਂ ਵਾਪਸ ਕਿਤਾਬਾਂ ਵਾਲੀ ਦੁਕਾਨ ’ਤੇ ਆ ਗਿਆ ਅਤੇ ਸਾਰੀ ਗੱਲ ਕਿਤਾਬਾਂ ਵਾਲੇ ਨੂੰ ਸੁਣਾਈ। ਮੇਰੀ ਵਿੱਥਿਆ ਸੁਣ ਕੇ ਕਿਤਾਬਾਂ ਵਾਲਾ ਕਹਿਣ ਲੱਗਾ, ‘‘ਨਵੀਂ ਬਸਤੀ ਵੇਖੀ ਐ?’’
‘‘ਹਾਂ ਜੀ, ਮੈਂ ਉੱਥੇ ਹੀ ਰਹਿੰਦਾ ਹਾਂ।’’
‘‘ਜਿੱਥੋਂ ਇੱਕ ਨੰਬਰ ਗਲੀ ਸ਼ੁਰੂ ਹੁੰਦੀ ਐ, ਖੱਬੇ ਹੱਥ ਤੀਜਾ ਮਕਾਨ ਪ੍ਰੋਫ਼ੈਸਰ ਸਤਨਾਮ ਸਿੰਘ ਜੱਸਲ ਹੋਰਾਂ ਦਾ, ਉਨ੍ਹਾਂ ਕੋਲ ਚਲਾ ਜਾ। ਤੇਰਾ ਫਾਰਮ ਅਟੈਸਟ ਕਰ ਦੇਣਗੇ।’’
‘‘ਪਰ ਉਹ ਤਾਂ ਮੈਨੂੰ ਜਾਣਦੇ ਵੀ ਨਹੀਂ ?’’ ਮੈਂ ਕਿਹਾ।
‘‘ਬਹੁਤ ਨੇਕ ਦਿਲ ਅਤੇ ਤਜਰਬੇਕਾਰ ਨੇ, ਵੇਖ ਕੇ ਹੀ ਪਰਖ ਲੈਂਦੇ ਨੇ ਕਿ ਬੰਦਾ ਕਿਹੋ ਜਿਹਾ ਐ। ਤੇਰਾ ਕੰਮ ਹੋਜੂ।’’ ਦੁਕਾਨਦਾਰ ਦੇ ਤਸੱਲੀ ਦੇਣ ’ਤੇ ਮੈਂ ਦੱਸੇ ਹੋਏ ਟਿਕਾਣੇ ’ਤੇ ਪਹੁੰਚ ਗਿਆ। ਡੋਰ ਬੈੱਲ ਵਜਾਈ ਤਾਂ 13-14 ਸਾਲ ਦੇ ਲੜਕੇ ਨੇ ਦਰਵਾਜ਼ਾ ਖੋਲ੍ਹਿਆ।
‘‘ਫਾਰਮ ਅਟੈਸਟ ਕਰਵਾਉਣਾ ਸੀ।’’ ਮੈਂ ਹੱਥ ਵਿਚ ਫੜੇ ਫਾਰਮ ਨੂੰ ਉਸ ਲੜਕੇ ਵੱਲ ਵਧਾਉਂਦਿਆਂ ਕਿਹਾ।
‘‘ਅੰਦਰ ਆ ਜਾਓ।’’ ਕਹਿ ਕੇ ਲੜਕਾ ਮੈਨੂੰ ਡਰਾਇੰਗ ਰੂਮ ਵਿਚ ਬਿਠਾ ਕੇ ਫਾਰਮ ਲੈ ਕੇ ਅੰਦਰ ਚਲਾ ਗਿਆ। ਐਨੇ ਨੂੰ ਇਕ ਪ੍ਰਭਾਵਸ਼ਾਲੀ ਦਿੱਖ ਵਾਲਾ ਸ਼ਖ਼ਸ ਪੱਗ ਦੇ ਲੜ ਠੀਕ ਕਰਦਾ ਅਤੇ ਉਸ ਦੇ ਪਿੱਛੇ ਉਹੀ ਲੜਕਾ ਹੱਥ ਵਿਚ ਮੇਰਾ ਫਾਰਮ, ਮੋਹਰ ਅਤੇ ਪੈਡ ਫੜੀ ਕਮਰੇ ਵਿਚ ਦਾਖਲ ਹੋਇਆ। ਮੈਂ ਸਤਿਕਾਰ ਵੱਜੋਂ ਖੜ੍ਹਾ ਹੋ ਗਿਆ। ‘‘ਪਤਾ ਨਹੀਂ ਕੀ ਬਣੂੰ...?’’ ਮੇਰਾ ਦਿਲ ਧੱਕ-ਧੱਕ ਕਰ ਰਿਹਾ ਸੀ।
‘‘ਲੜਕੇ ਨੇ ਮੇਰੇ ਫਾਰਮ ਅਤੇ ਫੋਟੋਆਂ ’ਤੇ ਮੋਹਰਾਂ ਲਾ ਕੇ ਪ੍ਰੋਫ਼ੈਸਰ ਸਾਹਬ ਵੱਲ ਵਧਾ ਦਿੱਤੀਆਂ। ਹੱਥ ਵਿਚ ਫਾਰਮ ਫੜਦਿਆਂ ਪਹਿਲਾਂ ਉਨ੍ਹਾਂ ਨੇ ਮੈਨੂੰ ਬੈਠਣ ਦਾ ਇਸ਼ਾਰਾ ਕੀਤਾ ਅਤੇ ਲੜਕੇ ਨੂੰ ਚਾਹ ਲਿਆਉਣ ਲਈ ਕਹਿਕੇ ਫਾਰਮ ਨੂੰ ਨੀਝ ਨਾਲ ਵੇਖਣਾ ਸ਼ੁਰੂ ਕਰ ਦਿੱਤਾ।
‘‘ਸਰ ਜੀ, ਬਹੁਤ ਮਿਹਰਬਾਨੀ, ਬਸ ਮੇਰਾ ਫਾਰਮ ਅਟੈਸਟ ਕਰ ਦਿਓ ਜੀ, ਮੇਰੇ ਲਈ ਇਹੋ ਚਾਹ ਜੀ।’’ ਕਹਿੰਦਿਆਂ ਮੇਰਾ ਗੱਚ ਭਰ ਆਇਆ।
‘‘ਫਾਰਮ ਵੀ ਅਟੈਸਟ ਕਰਾਂਗੇ ਤੇ ਚਾਹ ਵੀ ਪਿਆਵਾਂਗੇ।’’ ਮੇਰੇ ਵੱਲ ਮੁਸਕਰਾਉਂਦੇ ਹੋਏ ਉਨ੍ਹਾਂ ਨੇ ਹਰੇ ਪੈੱਨ ਨਾਲ ਮੇਰੇ ਫਾਰਮ ’ਤੇ ਹਸਤਾਖਰ ਕਰ ਦਿੱਤੇ। ਐਨੇ ਨੂੰ ਚਾਹ ਅਤੇ ਬਿਸਕੁਟ ਵੀ ਆ ਗਏ। ਮੈਂ ਸੰਗਦੇ-ਸੰਗਦੇ ਨੇ ਚਾਹ ਚੁੱਕ ਲਈ ਅਤੇ ਬਿਸਕੁਟ ਉਨ੍ਹਾਂ ਨੇ ਮੈਨੂੰ ਧੱਕੇ ਨਾਲ ਖੁਆ ਦਿੱਤੇ।
ਧੰਨਵਾਦ ਕਰਕੇ ਵਾਪਸ ਆਉਂਦਿਆਂ ਮੈਂ ਰਸਤੇ ਵਿਚ ਸੋਚ ਰਿਹਾ ਸੀ ਕਿ ਜੇ ਕਿਤੇ ਪਰਮਾਤਮਾ ਨੇ ਮੈਨੂੰ ਵੀ ਅਜਿਹਾ ਕੋਈ ਮੌਕਾ ਬਖ਼ਸ਼ਿਆ ਤਾਂ ਮੈਂ ਵੀ ਫਾਰਮ ਇਸੇ ਤਰ੍ਹਾਂ ਅਟੈਸਟ ਕਰਿਆ ਕਰਾਂਗਾ।
ਸੰਪਰਕ: 98156-64444