ਸਾਨੂੰ ਆਪਣੇ ਪੁੱਤ ਦੀ ਜਿੱਤ ’ਤੇ ਪੂਰਾ ਯਕੀਨ ਸੀ: ਮਾਪੇ
ਮੁੰਬਈ, 1 ਅਗਸਤ
ਓਲੰਪਿਕ ਕਾਂਸੇ ਦਾ ਤਗ਼ਮਾ ਜੇਤੂ ਸਵਪਨਿਲ ਕੁਸਾਲੇ ਦੇ ਮਾਪਿਆਂ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਸੀ ਕਿ ਉਨ੍ਹਾਂ ਦਾ ਪੁੱਤਰ ਤਿਰੰਗੇ ਅਤੇ ਦੇਸ਼ ਲਈ ਤਗ਼ਮਾ ਜਿੱਤੇਗਾ। ਸਵਪਨਿਲ ਦੇ ਪਿਤਾ ਸੁਰੇਸ਼ ਕੁਸਾਲੇ ਨੇ ਕੋਹਲਾਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅਸੀਂ ਉਸ ਨੂੰ ਖੇਡ ਵੱਲ ਧਿਆਨ ਦੇਣ ਦਿੱਤਾ ਅਤੇ ਕੱਲ੍ਹ ਫੋਨ ਵੀ ਨਹੀਂ ਕੀਤਾ। ਪਿਛਲੇ ਦਸ-ਬਾਰਾਂ ਸਾਲ ਤੋਂ ਉਹ ਘਰ ਤੋਂ ਬਾਹਰ ਹੀ ਹੈ ਅਤੇ ਆਪਣੀ ਨਿਸ਼ਾਨੇਬਾਜ਼ੀ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਉਸ ਦੇ ਤਗ਼ਮਾ ਜਿੱਤਣ ਮਗਰੋਂ ਸਾਨੂੰ ਲਗਾਤਾਰ ਫੋਨ ਆ ਰਹੇ ਹਨ।’’
ਸੁਰੇਸ਼ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਪੁੱਤਰ ਲਈ ਕੀਤੇ ਗਏ ਯਤਨਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਉਨ੍ਹਾਂ ਕਿਹਾ, ‘‘ਪਰ ਇਹ ਉਸ ਦਾ ਦ੍ਰਿੜ੍ਹ ਇਰਾਦਾ ਅਤੇ ਸਖ਼ਤ ਮਿਹਨਤ ਸੀ, ਜੋ ਅੱਜ ਰੰਗ ਲਿਆਈ।” ਸਵਪਨਿਲ ਦੀ ਮਾਂ ਅਨੀਤਾ ਨੇ ਦੱਸਿਆ ਕਿ ਪਰਿਵਾਰ ਪੱਛਮੀ ਮਹਾਰਾਸ਼ਟਰ ਦੇ ਕੋਹਲਾਪੁਰ ਜ਼ਿਲ੍ਹੇ ਦੀ ਰਾਧਾਨਗਰੀ ਤਹਿਸੀਲ ਦੇ ਕੰਬਲਵਾੜੀ ਪਿੰਡ ਦਾ ਰਹਿਣ ਵਾਲਾ ਹੈ। ਪਿੰਡ ਦੀ ਸਰਪੰਚ ਅਨੀਤਾ ਨੇ ਕਿਹਾ, ‘‘ਉਹ ਸਾਂਗਲੀ ਵਿੱਚ ਪਬਲਿਕ ਸਕੂਲ ’ਚ ਸੀ, ਜਦੋਂ ਨਿਸ਼ਾਨੇਬਾਜ਼ੀ ਵਿੱਚ ਉਸ ਦੀ ਰੁਚੀ ਜਾਗੀ। ਬਾਅਦ ਵਿੱਚ ਉਹ ਸਿਖਲਾਈ ਲਈ ਨਾਸਿਕ ਚਲਾ ਗਿਆ।’’ ਸਵਪਨਿਲ ਦੇ ਭਰਾ ਨੇ 28 ਸਾਲਾ ਨਿਸ਼ਾਨੇਬਾਜ਼ ਨੂੰ ਸਮਰਥਨ ਦੇਣ ਤੇ ਵਿਸ਼ਵਾਸ ਕਰਨ ਲਈ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਸਵਪਨਿਲ ਨੇ ਦੇਸ਼ ਦਾ ਮਾਣ ਵਧਾਇਆ ਹੈ। -ਪੀਟੀਆਈ
ਯੁਵਰਾਜ ਸਿੰਘ ਤੇ ਹੋਰਾਂ ਨੇ ਸਵਪਨਿਲ ਨੂੰ ਦਿੱਤੀ ਵਧਾਈ
ਮੁੰਬਈ:
ਪੈਰਿਸ ਓਲੰਪਿਕ ਵਿੱਚ ਸਵਪਨਿਲ ਕੁਸਾਲੇ ਦੇ ਨਿਸ਼ਾਨੇਬਾਜ਼ੀ ’ਚ ਕਾਂਸੇ ਦਾ ਤਗ਼ਮਾ ਜਿੱਤਣ ਨਾਲ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਭਾਰਤੀ ਆਲ-ਰਾਊਂਡਰ ਯੁਵਰਾਜ ਸਿੰਘ ਨੇ ਸਵਪਨਿਲ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਵਧਾਈ ਦਿੰਦਿਆਂ ਉਸ ਨੂੰ ਵੱਡਾ ਟੀਚਾ ਰੱਖਣ ਅਤੇ ਰਿਕਾਰਡ ਤੋੜਦੇ ਰਹਿਣ ਦੀ ਅਪੀਲ ਕੀਤੀ। ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਐਕਸ ’ਤੇ ਸਵਪਨਿਲ ਨੂੰ ਵਧਾਈ ਦਿੱਤੀ। ਓਲੰਪਿਕ ਸੋਨ ਤਗ਼ਮਾ ਜੇਤੂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਸ ਨੇ ਆਪਣੇ ਹੁਨਰ ਅਤੇ ਸਮਰਪਣ ਨਾਲ ਦੇਸ਼ ਦਾ ਮਾਣ ਵਧਾਇਆ ਹੈ। ਇਸੇ ਤਰ੍ਹਾਂ ਹਾਰਦਿਕ ਪਾਂਡਿਆ ਨੇ ਆਪਣੇ ਇੰਸਟਾਗ੍ਰਾਮ ’ਤੇ ਸਵਪਨਿਲ ਦੀ ਸ਼ਲਾਘਾ ਕੀਤੀ। ਸਾਬਕਾ ਭਾਰਤੀ ਨਿਸ਼ਾਨੇਬਾਜ਼ੀ ਹਿਨਾ ਸਿੰਧੂ ਨੇ ਤਗ਼ਮਾ ਜਿੱਤਣ ਨੂੰ ਭਵਨਾਤਮਕ ਪਲ ਦੱਸਿਆ। ਸਾਬਕਾ ਭਾਰਤੀ ਪਹਿਲਵਾਨ ਤੇ ਓਲੰਪਿਕ ਤਗ਼ਮਾ ਜੇਤੂ ਸਾਕਸ਼ੀ ਮਲਿਕ, ਆਲ ਇੰਡੀਆ ਫੁਟਬਾਲ ਐਸੋਸੀਏਸ਼ਨ ਅਤੇ ਭਾਰਤੀ ਬੈਡਮਿੰਟਨ ਐਸੋਸੀਏਸ਼ਨ ਨੇ ਵੀ ਸਵਪਨਿਲ ਨੂੰ ਤਗ਼ਮਾ ਜਿੱਤਣ ’ਤੇ ਵਧਾਈ ਦਿੱਤੀ। -ਏਐੱਨਆਈ