ਅਸੀਂ ਪੰਜਾਬੀ ਦਾ ਠੇਕਾ ਲਿਐ
ਸੁਖਮਿੰਦਰ ਸੇਖੋਂ
ਇਸ ਠੇਕੇਦਾਰੀ ਸਿਸਟਮ ਵਿੱਚ ਜਿਹੜਾ ਬੰਦਾ ਕਿਸੇ ਖੇਤਰ ਦਾ ਠੇਕੇਦਾਰ ਨਹੀਂ ਉਹ ਇਸ ਜੱਗ ’ਤੇ ਆਇਆ ਨਾ ਆਇਆ ਇੱਕ ਬਰਾਬਰ ਹੈ। ਅਸੀਂ ਇਸ ਸਿਸਟਮ ਨੂੰ ਜਾਣਦਿਆਂ, ਸਮਝਦਿਆਂ ਤੇ ਪਛਾਣਦਿਆਂ ਮਾਂ ਬੋਲੀ ਪੰਜਾਬੀ ਦਾ ਠੇਕਾ ਲੈਣ ਦਾ ਨਿਰਣਾ ਲੈ ਲਿਆ ਹੈ। ਜਿਸ ਦਿਨ ਦਾ ਪੰਜਾਬੀ ਮਾਤ ਭਾਸ਼ਾ ਦਾ ਠੇਕਾ ਚਾਂਦੀ ਦੀ ਪਲੇਟ ਵਿੱਚ ਸਜ-ਧਜ ਕੇ ਸਾਨੂੰ ਹਾਸਲ ਹੋਇਆ ਹੈ, ਚਾਰੇ ਦਿਸ਼ਾਵਾਂ ਵਿੱਚ ਸਾਡੀ ਠੇਕੇਦਾਰੀ ਦੇ ਬੋਲਬਾਲੇ ਹੋਣ ਲੱਗੇ ਹਨ। ਹੋਣ ਵੀ ਕਿਉਂ ਨਾ, ਜਨਾਬ? ਠੇਕੇਦਾਰੀ ਸਾਡੇ ਲਹੂ ਵਿੱਚ ਰਚੀ-ਮਿਚੀ ਸੀ ਕਿਉਂਕਿ ਕਿੰਨੀਆਂ ਹੀ ਪੀੜ੍ਹੀਆਂ ਤੋਂ ਸਾਡਾ ਖਾਨਦਾਨ ਵਿਭਿੰਨ ਖਿੱਤਿਆਂ ਵਿੱਚ ਠੇਕੇਦਾਰੀ ਕਰਦਾ ਆ ਰਿਹਾ ਹੈ। ਪੜਦਾਦਾ ਡੰਗਰਾਂ ਦਾ ਠੇਕੇਦਾਰ ਸੀ, ਦਾਦਾ ਜੀ ਬਿਲਡਿੰਗਾਂ ਦੇ ਠੇਕੇਦਾਰ ਸਨ ਤੇ ਪਿਤਾ ਜੀ ਸ਼ਰਾਬ ਦੇ ਠੇਕੇਦਾਰ ਹਨ। ਅਸੀਂ ਵੀ ਉਨ੍ਹਾਂ ਦੇ ਸਾਰੇ ਖੇਤਰਾਂ ਦੀ ਠੇਕੇਦਾਰੀ ਮੁਹਾਰਤ ਨੂੰ ਅਪਣਾਉਂਦਿਆਂ ਪੰਜਾਬੀ ਭਾਸ਼ਾ ਦੀ ਠੇਕੇਦਾਰੀ ਆਪਣੇ ਨਾਉਂ ਅਲਾਟ ਕਰਵਾ ਲਈ ਹੈ ਕਿਉਂਕਿ ਅਸੀਂ ਵੀ ਚਾਰ ਜਮਾਤਾਂ ਪੜ੍ਹ ਕੇ ਆਪਣੇ ਆਪ ਨੂੰ ਲੇਖਕਾਂ ਤੇ ਬੁੱਧੀਜੀਵੀਆਂ ਦੀ ਕਤਾਰ ਵਿੱਚ ਲਿਆ ਖੜ੍ਹਾ ਕੀਤਾ ਹੈ। ਹੁਣ ਅਸੀਂ ਆਪਣੇ ਨਾਂ ਦੇ ਅੱਗੇ ਜਾਂ ਪਿੱਛੇ ਪ੍ਰੋਫੈਸਰ ਜਾਂ ਡਾਕਟਰ ਲਗਾਉਣਾ ਕਦੇ ਨਹੀਂ ਭੁੱਲਦੇ, ਆਪਣੀ ਬੀਵੀ ਤੇ ਬੱਚਿਆਂ ਨੂੰ ਬੇਸ਼ੱਕ ਦੀ ਭੁੱਲ ਹੀ ਜਾਈਏ। ਇਨ੍ਹਾਂ ਸਾਰਿਆਂ ਬਿਨਾਂ ਤਾਂ ਸਰ ਸਕਦਾ ਹੈ, ਪਰ ਹੁਣ ਪੰਜਾਬੀ ਮਾਂ ਬੋਲੀ ਦੀ ਠੇਕੇਦਾਰੀ ਕੀਤੇ ਬਿਨਾਂ ਸਾਡਾ ਭੋਰਾ ਨਹੀਂ ਸਰਦਾ।
ਹੱਟ ਜੋ ਪਿੱਛੇ ਸਾਡੀ ਪੰਜਾਬੀ ਭਾਸ਼ਾ ਦੀ ਰੇਲਗੱਡੀ ਆਈ ਐ। ਹੁਣ ਅਸੀਂ ਜੋ ਮਰਜ਼ੀ ਕਰੀਏ, ਸਾਰੀਆਂ ਸਿੱਖਿਆ ਸੰਸਥਾਵਾਂ, ਬੋਰਡ ਤੇ ਯੂਨੀਵਰਸਿਟੀਆਂ ਸਾਥੋਂ ਪੁੱਛ ਕੇ ਬਾਤ ਕਰਦੀਆਂ ਨੇ? ਅਖੇ, ਡਾਕਟਰ ਸੁਖੀ ਰਾਮ ਚੁਫੇਰਗੜ੍ਹੀਆ ਜੀ, ਹੁਣ ਪੰਜਾਬੀ ਭਾਸ਼ਾ ਮੁਤੱਲਕ ਕੋਈ ਲੈਕਚਰ ਈ ਦੇ ਛੱਡੋ।
ਇਸ ਦੇ ਇਵਜ਼ ਸਾਡੇ ਭਾਸ਼ਨ ਨਹੀਂ ਸਗੋਂ ਭਾਸ਼ਨਾਂ ਦੀ ਝੜੀ ਸ਼ੁਰੂ ਹੋ ਜਾਂਦੀ ਹੈ- ਬਚ ਕੇ ਰਹਿਓ ਮੈਥੋਂ ਹੋਰ ਕਿਤੇ ਟੰਗਾਂ ਤੁੜਵਾ ਬੈਠੋ। ਮੈਂ ਪੰਜਾਬੀ ਮਾਂ ਬੋਲੀ ਦਾ ਠੇਕੇਦਾਰ ਹਾਂ ਜਿਹੜਾ ਵੀ ਕੋਈ ਬੰਦਾ ਕਿਸੇ ਵੀ ਸਕੂਲ ਵਿੱਚ ਚਾਹੇ ਉਹ ਸਰਕਾਰੀ ਹੀ ਕਿਉਂ ਨਾ ਹੋਵੇ, ਪੰਜਾਬੀ ਬੋਲਦਾ ਫੜਿਆ ਗਿਆ ਤਾਂ ਬੱਸ ਢਾਹ ਹੀ ਲੈਣੈ। ਸਾਰੇ ਮਾਸਟਰ ਸਕੂਲਾਂ ਵਿੱਚ ਤੇ ਪ੍ਰੋਫੈਸਰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਅੰਗਰੇਜ਼ੀ ਬੋਲਿਆ ਕਰਨਗੇ। ਜੇਕਰ ਕਿਸੇ ਮਾਈ ਭਾਈ ਦਾ ਅੰਗਰੇਜ਼ੀ ਵੰਨੀਓਂ ਹੱਥ ਤੰਗ ਹੋਇਆ ਤਾਂ ਉਸ ਨੂੰ ਹਿੰਦੀ ਵਿੱਚ ਬੋਲਣ ਦੀ ਪੂਰੀ ਦਰਿਆਦਿਲੀ ਨਾਲ ਖੁੱਲ੍ਹ ਦਿੱਤੀ ਜਾਂਦੀ ਹੈ।
ਬੱਚੇ-ਜੁਆਕ, ਭਾਵ ਸਾਰੇ ਵਿਦਿਆਰਥੀ ਦੁਨੀਆ ਦੀ ਹੋਰ ਜਿਹੜੀ ਮਰਜ਼ੀ ਭਾਸ਼ਾ ਬੋਲਦੇ ਫਿਰਨ ਪਰ ਪੰਜਾਬੀ ਨਹੀਂ ਬੋਲਣੀ... ਜੇਕਰ ਕੋਈ ਬੋਲਦਾ ਫੜਿਆ ਗਿਆ ਤਾਂ ਲੰਮਾ ਪਾ ਕੇ ਡਾਂਗਾਂ ਨਾਲ ਕੁੱਟਾਂਗਾ ਤੇ ਪੁੱਛਾਂਗਾ, ‘‘ਪੁੱਤ, ਬੰਦੇ ਦਾ ਪੁੱਤ ਬਣ ਜਾ, ਨਹੀਂ ਤਾਂ ਤੈਨੂੰ ਸਿਖਾਉਂਦੇ ਆਂ ਅੰਗਰੇਜ਼ਾਂ ਵਾਲੀ ਪੰਜਾਬੀ। ਪੰਜਾਬੀ ਦਾ ਕੀ ਐ? ਹਰ ਜਣਾ ਖਣਾ- ਅਨਪੜ੍ਹ, ਗਵਾਰ ਪੰਜਾਬੀ ਬੋਲਦਾ ਪਿਐ। ਸਿੱਖਣੀ ਐ ਤਾਂ ਅੰਗਰੇਜ਼ੀ ਸਿੱਖੋ। ਅੰਗਰੇਜ਼ ਉਂਜ ਹੀ ਨਹੀਂ ਸਾਡੇ ’ਤੇ ਰਾਜ ਕਰ ਕੇ ਗਏ। ਅਗਲਿਆਂ ਸਾਨੂੰ ਤੋਤੇ ਵਾਂਗੂੰ ਅੰਗਰੇਜ਼ੀ ਹੋਰ ਵੀ ਸਿਖਾਉਣੀ ਸੀ ਜੇ ਉਹ ਕੁਝ ਸਾਲ ਸਾਨੂੰ ਹੋਰ ਗ਼ੁਲਾਮ ਬਣਾ ਕੇ ਰੱਖਦੇ। ਪਰ ਸਾਥੋਂ ਉਹ ਬਰਦਾਸ਼ਤ ਨਹੀਂ ਹੋਏ, ਅਖੇ, ਸਾਨੂੰ ਤਾਂ ਜੀ ਆਜ਼ਾਦੀ ਚਾਹੀਦੀ ਐ। ਨਾ ਲੈ ਲਓ ਆਜ਼ਾਦੀ! ਇਸੇ ਨੂੰ ਕਹਿੰਦੇ ਨੇ ਆਜ਼ਾਦੀ ਜਿਹੜੀ ਸਿਰ ’ਤੇ ਚੁੱਕੀ ਫਿਰਦੇ ਓ ਚੌਵੀ ਘੰਟੇ...! ਪੁਲੀਸ ਵਾਲੇ ਖੰਘਣ ਨਹੀਂ ਦਿੰਦੇ, ਛੋਟੀ ਜਿਹੀ ਗੱਲ ’ਤੇ ਝੱਟ..., ਪਏ ਤੁਸੀਂ ਪੰਜਾਬੀ ਬੋਲੀ ਜਾਓ। ਜੇ ਇੰਗਲਿਸ਼-ਵਿੰਗਲਿਸ਼ ਬੋਲੋ ਤਾਂ ਅਗਲਾ ਦੂਰੋਂ ਹੀ ਸਲੂਟ ਮਾਰਦੈ ਤੇ ਨਾਲੇ ਹੱਥ ਜੋੜ ਕੇ ਅਦਬ ਨਾਲ ਅਫ਼ਸੋਸ ਜ਼ਾਹਰ ਕਰਦਾ ਆਖਦਾ ਹੈ, ‘‘ਸੌਰੀ ਸਰ, ਸਾਹਿਬ ਨੂੰ ਪਛਾਣਿਆ ਨਹੀਂ ਸੀ ਪਹਿਲਾਂ।’’
‘‘ਲਓ ਹਟ ਜੋ ਪਿੱਛੇ, ਅਸੀਂ ਸਿਖਾਉਂਦੇ ਆਂ ਥੋਨੂੰ ਪੰਜਾਬੀ। ਆਪਣੇ ਜੁਆਕ ਤਾਂ ਅਸੀਂ ਕਾਨਵੈਂਟਾਂ ਵਿੱਚ ਅੰਗਰੇਜ਼ੀ ਪੜ੍ਹਨ ਲਾਏ ਹੋਏ ਨੇ, ਥੋਨੂੰ ਅਸੀਂ ਪੰਜਾਬੀ ਜ਼ਰੂਰ ਸਿਖਾਵਾਂਗੇ। ਕਿਹੜੇ ਸਕੂਲ ਵਿੱਚ ਸਿੱਖੋਗੇ? ਜਾਂ ਫੇਰ ਅੱਗੇ ਜਾ ਕੇ ਸਿੱਖੋਂਗੇ ਜਦੋਂ ਕਿਸੇ ਕਾਲਜ, ਯੂਨੀਵਰਸਿਟੀ ਵਿੱਚ ਪਹੁੰਚੇ? ਪਰ ਜਦੋਂ ਅੰਗਰੇਜੀ ਤੋਂ ਬਗੈਰ ਪਹੁੰਚੋਗੇ ਤਾਂ ਪੁੱਛਾਂਗੇ! ਨਾਲੇ ਪੰਜਾਬੀ ਦਾ ਕੀ ਐ? ਭੋਰਾ ਭਰ ਜੁਆਕ ਵੀ ਬੋਲ ਲੈਂਦੇ ਐ ਪੰਜਾਬੀ। ਵੱਡੇ ਹੋ ਕੇ ਵੱਡੀ ਜਮਾਤ ਵਿੱਚ ਚਾਹੇ ਉਨ੍ਹਾਂ ਨੂੰ ਛੁੱਟੀ ਦੀ ਅਰਜ਼ੀ ਵੀ ਨਾ ਲਿਖਣੀ ਆਵੇ। ਸਿਹਾਰੀ ਬਿਹਾਰੀ, ਕਾਮਾ, ਫੁੱਲ ਸਟਾਪ, ਟਿੱਪੀ, ਅੱਧਕ, ਬਿੰਦੀ ਦਾ ਕੀ ਹੈ? ਨਹੀਂ ਲਾਉਣੀ ਆਉਂਦੀ ਨਾ ਸਹੀ, ਪੰਜਾਬੀ ਹੀ ਹੈ; ਕਿਹੜਾ ਕੋਈ ਇੰਟਰਨੈਸ਼ਨਲ ਲੈਂਗੋਏਜ ਹੈ? ਪਰ ਅੰਗਰੇਜ਼ੀ ਤਾਂ ਅੰਗਰੇਜ਼ੀ ਹੀ ਹੈ। ਸਾਨੂੰ ਤਾਂ ਇਸ ਨਾਲ ਵੀ ਭੋਰਾ ਫ਼ਰਕ ਨਹੀਂ ਪੈਂਦਾ ਕਿ ਕੋਈ ਦਫ਼ਤਰੀ ਬਾਬੂ ਜਾਂ ਅਫ਼ਸਰ ਪੰਜਾਬੀ ਵਿੱਚ ਕੰਮ ਕਰੇ। ਫੇਰ ਕੀ ਹੋ ਜਾਊ? ਪੰਜਾਬੀ ਤਾਂ ਸਾਰੇ ਹੀ ਬੋਲਦੇ ਨੇ, ਪੜ੍ਹੀ-ਲਿਖੀ ਵੀ ਜਾਂਦੇ ਨੇ। ਜੇ ਅਸੀਂ ਪੰਜਾਬੀ ਵਿੱਚ ਬੋਲਣ ਲਿਖਣ ਲੱਗ ਪਏ ਤਾਂ ਆਮ ਆਦਮੀ ਤੇ ਸਾਡੇ ਵਿਚਕਾਰ ਭਲਾ ਫ਼ਰਕ ਹੀ ਕੀ ਰਹਿ ਜਾਵੇਗਾ?
ਦੋ ਚਾਰ ਪੰਜਾਬੀ ਗੀਤਾਂ ਦੇ ਸ਼ੋਰੀਲੇ ਸੰਗੀਤ ਤੇ ਟੱਪੇ ਜਿਹੇ ਸੁਣ ਕੇ ਐਵੇਂ ਨਾ ਕਿਤੇ ਟੱਪੀ ਜਾਇਓ? ਇਨ੍ਹਾਂ ਗਾਉਣ ਵਜਾਉਣ ਵਾਲਿਆਂ ਦਾ ਕੰਮ ਹੀ ਗਾਉਣਾ, ਵਜਾਉਣਾ ਤੇ ਆਪਣਾ ਮੁੱਲ ਵਧਾਉਣਾ ਹੁੰਦਾ ਹੈ। ਬਹੁਤੇ ਤਾਂ ਵਪਾਰੀ ਨੇ, ਵਪਾਰ ਹੀ ਕਰਦੇ ਨੇ। ਇਨ੍ਹਾਂ ਵਿੱਚੋਂ ਬਹੁਤਿਆਂ ਨੂੰ ਤਾਂ ਪੰਜਾਬੀ ਵੀ ਚੱਜ ਨਾਲ ਪੜ੍ਹਨੀ ਨਹੀਂ ਆਉਂਦੀ ਹੁੰਦੀ, ਲਿਖਣੀ ਦਾ ਦੂਰ ਦੀ ਗੱਲ ਹੈ। ਕਈ ਫਿਲਮੀ ਹੀਰੋ ਟਾਈਪ ਸਿੰਗਰ ਤਾਂ ਦੇਵਨਾਗਰੀ ਜਾਂ ਰੋਮਨ ਲਿੱਪੀ ਵਿੱਚ ਪੰਜਾਬੀ ਜ਼ਰੂਰ ਪੜ੍ਹ ਲੈਂਦੇ ਹੋਣਗੇ। ਕੋਈ ਗੱਲ ਨਹੀਂ ਗੱਭਰੂਓ ਤੇ ਮੁਟਿਆਰੋ, ਵਿਰਸੇ ਤੇ ਸੱਭਿਆਚਾਰ ਦੀ ਦੁਹਾਈ ਦੇਣ ਵਾਲੇ ਦੁਹਾਈਕਾਰੋ, ਕਦੇ ਪੰਜਾਬੀ ਦਾ ਕੈਦਾ ਲੈ ਕੇ ਵੀ ਪੜ੍ਹ ਲਿਆ ਕਰੋ! ਉਂਜ ਬੋਲੀ ਜੋ ਮਰਜ਼ੀ ਜਾਇਓ ਹਿੰਦੀ ਚਾਹੇ ਅੰਗਰੇਜ਼ੀ, ਕੀ ਫ਼ਰਕ ਪੈ ਚੱਲਿਆ ਹੈ ਆਪਣੇ ਦੇਸ਼ ਪੰਜਾਬ ਨੂੰ? ਨਾਲੇ ਪੰਜਾਬ ਹੁਣ ਕਿਤੇ ਇੱਕ ਪੰਜਾਬ ਹੈ? ਕਿੰਨੇ ਹੀ ਪੰਜਾਬ ਵਸ ਚੁੱਕੇ ਨੇ ਦੇਸ ਵਿਦੇਸ਼ਾਂ ’ਚ।
ਅਸੀਂ ਤਾਂ ਭਾ’ਜੀ, ਬਾਈ ਜੀ, ਪੰਜਾਬੀ ਦਾ ਠੇਕਾ ਲਿਆ ਹੋਇਆ ਹੈ। ਆਪਣੇ ਨਾਂ ਵਾਲੀ ਮੋਹਰ ਹਮੇਸ਼ਾ ਆਪਣੀ ਜੇਬ੍ਹ ਵਿੱਚ ਪਾ ਕੇ ਘੁੰਮਦੇ ਹਾਂ, ਮਤੇ ਕਿੱਥੇ ਲੋੜ ਪੈ ਜਾਵੇ ਸਾਡੀ ਪੱਕੀ ਠੇਕੇਦਾਰੀ ਮੋਹਰ ਦੀ। ਦੇਖੋ ਹੁਣ ਸਾਡੇ ਭਰਾ ਤੇ ਭੈਣਾਂ ’ਚ ਕੋਈ ਸਕੂਲ ਵਿੱਚ ਅਧਿਆਪਕ ਹੈ, ਕੋਈ ਹੈੱਡ ਮਾਸਟਰ ਤੇ ਕੋਈ ਪ੍ਰਿੰਸੀਪਲ ਤੇ ਇਨ੍ਹਾਂ ਹੀ ਕਾਲਜਾਂ ਯੂਨੀਵਰਸਿਟੀਆਂ ਦੀ ਖੱਟੀ ਅਸੀਂ ਖਾਈ ਜਾ ਰਹੇ ਹਾਂ ਤੇ ਸਾਡੀਆਂ ‘ਹੱਟੀਆਂ’ ਦੀਆਂ ਗਰਮਾ ਗਰਮ ਜਲੇਬੀਆਂ ਬਣਦੀਆਂ, ਚੱਲਦੀਆਂ ਰਹਿੰਦੀਆਂ ਹਨ ਤੇ ਅਸੀਂ ਚਲਾਉਂਦੇ ਰਹਿੰਦੇ ਹਾਂ। ਚੱਲਣ ਵੀ ਕਿਉਂ ਨਾ! ਗੋਸ਼ਟੀਆਂ, ਸੈਮੀਨਾਰਾਂ ਵਿੱਚ ਪੰਜਾਬੀ ਦੇ ਨਾਂ ’ਤੇ ਅਸੀਂ ਦਿਲ ਖੋਲ੍ਹ ਕੇ ਖਰਚ ਕਰਦੇ ਹਾਂ ਤੇ ਅਖ਼ਬਾਰਾਂ ਵਿੱਚ ‘ਪੰਜਾਬੀ ਮਾਂ ਬੋਲੀ ਕੋ ਖਤਰਾ’ ਆਖ ਕੇ ਬਿਆਨ ਦਾਗ ਦਿੰਦੇ ਹਾਂ ਤੇ ਰਿਪੋਰਟਾਂ ਛਪਵਾ ਕੇ ਆਥਣੇ ਵੇਲੇ ਵਧੀਆ ਅੰਗਰੇਜ਼ੀ ਪੀ ਕੇ ਬੱਕਰੇ ਬੁਲਾਉਂਦੇ ਤੇ ਘੋੜੇ ਵੇਚ ਕੇ ਸੌ ਜਾਂਦੇ ਹਾਂ ਜੀ।
ਹੁਣ ਤੁਸੀਂ ਸੋਚਦੇ ਹੋਵੋਗੇ ਕਿ ਅਸੀਂ ਜੇਕਰ ਪੰਜਾਬੀ ਬੋਲੀ ਦੇ ਠੇਕੇਦਾਰ ਹਾਂ ਤਾਂ ਇਸ ਦੇ ਹੱਕ ਵਿੱਚ ਹਾਅ ਦਾ ਨਾਅਰਾ ਕਿਉਂ ਨਹੀਂ ਮਾਰਦੇ? ਹੁਣ ਤੁਸੀਂ ਪੁੱਛੋਗੇ ਕਿ ਪੰਜਾਬੀ ਮਾਤ ਭਾਸ਼ਾ ਅਦਬੀ ਬੋਰਡ ਦੀ ਚੇਅਰਮੈਨੀ ਅਸੀਂ ਕਿਵੇਂ ਹਾਸਲ ਕੀਤੀ? ਠੇੇਕੇਦਾਰ ਹਾਂ ਭਾਈ, ਮਾਂ ਬੋਲੀ ਦੇ ਠੇਕੇਦਾਰ। ਇਹ ਚੇਅਰਮੈਨੀਆਂ ਤਾਂ ਸਾਡੇ ਅੱਗੇ-ਪਿੱਛੇ ਘੁੰਮਦੀਆਂ ਫਿਰਦੀਆਂ ਨੇ ਭਮੀਰੀ ਵਾਂਗੂੰ? ਇਹ ਤਾਂ ਕੁਝ ਵੀ ਨਹੀਂ, ਪੰਜਾਬੀ ਦੇ ਨਾਂ ’ਤੇ ਬਣੇ ਅਦਾਰੇ ਅਤੇ ਹੋਰ ਐਰੇ-ਗੈਰੇ ਵਿਦਿਆਲਿਆਂ ਦੇ ਸਾਡੇ ਥਾਪੇ ਤੇ ਥੋਪੇ ਮੁਖੀ ਪੰਜਾਬੀ ਭਾਸ਼ਾ ਮੁਤੱਲਕ ਕੋਈ ਕੰਮਕਾਰ ਕੀ ਸਾਥੋਂ ਪੁੱਛੇ ਬਗੈਰ ਕਰ ਲੈਣਗੇ? ਜਾਂ ਫਿਰ ਕਿਤੇ ਤੁਸੀਂ ਸਮਝਦੇ ਫਿਰੋ ਕਿ ਉਹ ਕਿਧਰੇ ਹੋਰ ਜਾ ਕੇ ਰੂਸ, ਚੀਨ, ਅਮਰੀਕਾ ਦੇ ਰਾਸ਼ਟਰਪਤੀਆਂ ਤੋਂ ਪੁੱਛਣਗੇ ਇਹ ਗੱਲਾਂਬਾਤਾਂ? ਹਟ ਜੋ ਪਿੱਛੇ ਸਾਡੀ ਰੇਲਗੱਡੀ ਆਈ ਹੈ, ਪੰਜਾਬੀ ਅਦਬ ਦੀ ਠੇਕੇਦਾਰੀ ਸਾਡੀ ਨੇਕ ਕਮਾਈ ਹੈ। ਹੁਣ ਮੂੰਹਾਂ ’ਤੇ ਉਂਗਲਾਂ ਰੱਖ ਲਓ ਕਿਉਂਕਿ ਹੁਣ ਅਸੀਂ ਜਾਂਦਿਆਂ ਜਾਂਦਿਆਂ ਮਾਂ ਬੋਲੀ ਪੰਜਾਬੀ ਦੀ ਸਹੁੰ ਅੰਗਰੇਜ਼ੀ ਵਿੱਚ ਖਾਣ ਲੱਗੇ ਹਾਂ। ਅਸੀਂ ਪੰਜਾਬੀ ਮਾਂ ਬੋਲੀ ਦਾ ਠੇਕਾ ਕਿਤੇ ਐਵੇਂ ਕਿਵੇਂ ਨਹੀਂ ਲੈ ਲਿਆ। ਬਹੁਤ ਸੋਚੀ ਸਮਝੀ ਸਕੀਮ ਤਹਿਤ ਲਿਆ ਹੈ ਕਿਉਂਕਿ ਪੰਜਾਬੀ ਤਾਂ ਹਰ ਕੋਈ ਬਣਿਆ ਫਿਰਦੈ, ਕੋਈ ਅੰਗਰੇਜ਼ ਦਾ ਪੁੱਤ ਬਣ ਕੇ ਦਿਖਾਵੇ ਤਾਂ ਮੰਨੀਏ। ਪੰਜਾਬੀ ਦੇ ਠੇਕੇਦਾਰ ਸਥਾਪਿਤ ਹੋਣ ਤੋਂ ਬਾਅਦ ਅਸੀਂ ਧੱਕੇ ਨਾਲ ਇਹ ਨਿਚੋੜ ਕੱਢਿਆ ਹੈ ਕਿ ਪੰਜਾਬੀ ਬੋਲਦੇ ਇਲਾਕਿਆਂ ਦੀ ਬਾਂਹ ਤਾਂ ਫੇਰ ਕਦੇ ਫੜਾਂਗੇ, ਫਿਲਹਾਲ ਤਾਂ ਪੰਜਾਬ ਵਿੱਚੋਂ ਪੰਜਾਬੀ ਦਾ ਬੀਜ ਨਾਸ ਕਰਕੇ ਅੰਗਰੇਜ਼ੀ ਦਾ ਪਰਚਮ ਲਹਿਰਾ ਲਈਏ।
ਸੰਪਰਕ: 98145-07693