ਦੇਸ ਰਾਜ ਕਾਲੀ ਦਾ ਸਮਾਂ ਤੇ ਅਸੀਂ
ਸਵਰਾਜਬੀਰ
"ਇਹ ਦੇਸ ਰਾਜ ਕਾਲੀ ਕੀ ਕਰ ਰਿਹੈ? ਇਹ ਕੀ ਲਿਖ ਰਿਹੈ? ਨਾ ਤਾਂ ਉਸ ਦੇ ਲਿਖਣ ਵਿਚ ਕੋਈ ਜ਼ਬਤ ਹੈ ਅਤੇ ਨਾ ਹੀ ਬੋਲਣ ਵਿਚ। ਇਹ ਅਨਾਰਕੀ (ਅਰਾਜਕਤਾਵਾਦ) ਹੈ। ਏਦਾਂ ਥੋੜ੍ਹਾ ਹੁੰਦੈ। ਮੈਂ ਇਹਦੇ ਵਿਰੁੱਧ ਲਿਖਾਂਗਾ।’’ ਇਹ ਉਨ੍ਹਾਂ ਸ਼ਬਦਾਂ ਦਾ ਸਾਰ ਹੈ ਜੋ ਪੰਜਾਬੀ ਦੇ ਇਕ ਰਸਾਲੇ ਦੇ ਬਹੁਤ ਗਿਆਨਵਾਨ ਸੰਪਾਦਕ ਨੇ ਮੈਨੂੰ 11-12 ਵਰ੍ਹੇ ਪਹਿਲਾਂ ਟੈਲੀਫ਼ੋਨ ’ਤੇ ਕਹੇ। ਦੇਸ ਰਾਜ ਕਾਲੀ ਨਹੀਂ ਰਿਹਾ ਪਰ ਉਸ ਦੀ ਲਿਖਤ ਤੇ ਬੋਲਾਂ ਵਿਚ ਕੀ ਸੀ ਜਿਸ ਤੋਂ ਆਪਣੇ ਆਪ ਨੂੰ ਸੂਝਵਾਨ ਅਖਵਾਉਣ ਵਾਲੇ ਪੰਜਾਬੀ ਲੇਖਕ ਤੇ ਆਲੋਚਕ ਔਖੇ ਹੁੰਦੇ ਸਨ; ਔਖੇ ਹੁੰਦੇ ਸਨ ਪਰ ਫਿਰ ਉਨ੍ਹਾਂ ਨੂੰ ਕਾਲੀ ਦੀਆਂ ਲਿਖਤਾਂ ਨੂੰ ਸਵੀਕਾਰ ਕਰਨਾ ਪੈਂਦਾ ਸੀ; ਬਹੁਤਿਆਂ ਦਾ ਸਵੀਕਾਰ ਅਰਧ-ਸਵੀਕਾਰ ਹੁੰਦਾ; ਕਾਲੀ ਦੀ ਲਿਖਤ ਉਨ੍ਹਾਂ ਦੇ ਮਨਾਂ ਦੇ ਹਨੇਰੇ ਕੋਨਿਆਂ ਵਿਚ ਪਏ ਤੁਅੱਸਬਾਂ ਨੂੰ ਹਿਲਾਉਂਦੀ, ਝੰਜੋੜਦੀ ਤੇ ਉਹ ਆਪਣੇ ਸਾਹਮਣੇ ਨਿਰਉੱਤਰ ਹੋ ਜਾਂਦੇ।… ਤੇ ਕਾਲੀ, ਕਾਲੀ ਉੱਚੀ ਬੁਲੰਦ ਬੇਬਾਕ ਆਵਾਜ਼ ਵਿਚ ਬੋਲਦਾ; ਕੁਝ ਉਸ ਦੇ ਤਰਕ ਨੂੰ ਸਮਝਦੇ, ਕੁਝ ਉਸ ਨਾਲ ਝਗੜਦੇ, ਕੁਝ ਚੁੱਪ ਕਰ ਜਾਂਦੇ ਪਰ ਕਾਲੀ ਦੇ ਬੋਲ ਮਨਾਂ ਵਿਚ ਤਾਜ਼ਗੀ, ਨਵਾਂ ਸੁਹਜ, ਉਤੇਜਨਾ ਅਤੇ ਨਵੀਆਂ ਦਿਸ਼ਾਵਾਂ ਵੱਲ ਸੋਚਣ ਦੀ ਤਾਂਘ ਪੈਦਾ ਕਰਦੇ। ਉਸ ਦੀ ਲਿਖਤ ਤੇ ਬੋਲ ਸਾਹਮਣੇ ਪਏ ਯਥਾਰਥ ਨੂੰ ਸੰਬੋਧਿਤ ਨਾ ਹੁੰਦੇ, ਉਹ ਉਸ ਤਾਣੇ-ਬਾਣੇ ਨੂੰ ਤਾਰ ਤਾਰ ਕਰ ਦਿੰਦੇ ਜਿਸ ਨੂੰ ਲੇਖਕ ਤੇ ਆਲੋਚਕ ਯਥਾਰਥ ਸਮਝਦੇ ਹਨ; ਉਸ ਦੀ ਲਿਖਤ ਪਾਤਰਾਂ ਦੇ ਅਵਚੇਤਨ ਦੀਆਂ ਡੂੰਘੀਆਂ ਤਹਿਆਂ ਫਰੋਲਦੀ; ਉਨ੍ਹਾਂ ਨੂੰ ਨੰਗਾ ਕਰਦੀ ਤੇ ਕਾਲੀ ਦਾ ਮਨ ਵੀ ਉਨ੍ਹਾਂ ਲਿਖਤਾਂ ਵਿਚ ਨੰਗ-ਮੁਨੰਗਾ, ਸੁੱਚਮ-ਸੁੱਚਾ ਤੇ ਸਜੱਗ ਹੁੰਦਾ। ਉਹ ਕਿਸੇ ਪੁਰਾਣੇ ਵੈਦ ਜਾਂ ਹਕੀਮ ਵਰਗਾ ਲੱਗਦਾ ਜਿਹੜਾ ਆਪਣੇ ਨਸ਼ਤਰ ਨਾਲ ਕਿਸੇ ਨਾਸੂਰ ਜਾਂ ਜ਼ਖ਼ਮ ਨੂੰ ਉਚੇੜ ਕੇ ਉਸ ’ਚੋਂ ਗੰਦਾ ਲਹੂ ਤੇ ਪਾਕ ਕੱਢ ਰਿਹਾ ਹੋਵੇ।
ਦੇਸ ਰਾਜ ਕਾਲੀ ਗੁਰੂ ਨਾਨਕ ਦੇਵ ਜੀ, ਭਗਤ ਰਵਿਦਾਸ, ਭਗਤ ਨਾਮਦੇਵ ਅਤੇ ਹੋਰ ਸੰਤ ਕਵੀਆਂ ਦੀਆਂ ਬਾਤਾਂ ਪਾਉਂਦਾ। ਉਹ ਇਤਿਹਾਸ-ਮਿਥਿਹਾਸ ਦੀਆਂ ‘ਭੜੋਲੀਆਂ ਦੀਆਂ ਗੁੱਠਾਂ’ ਫਰੋਲਦਾ ਅਤੇ ਉੱਥੋਂ ਲਾਲ ਕੱਢ ਕੱਢ ਲਿਆਉਂਦਾ, ਦੋਸਤਾਂ ਨੂੰ ਦਿਖਾਉਂਦਾ; ਉਨ੍ਹਾਂ ਲਾਲਾਂ ਦੀ ਚਮਕ ਨਾਲ ਉਨ੍ਹਾਂ ਦੀਆਂ ਅੱਖਾਂ ਖੋਲ੍ਹਦਾ, ਸ੍ਵੈ ਦੀ ਜੈ ਜੈਕਾਰ ਕਰਦਾ। ਪਾਬਲੋ ਨੈਰੂਦਾ ਤੋਂ ਸ਼ਬਦ ਹੁਦਾਰੇ ਮੰਗ ਕੇ ਕਿਹਾ ਜਾ ਸਕਦਾ ਹੈ, ਉਹ ਪਾਣੀ ਵਰਗਾ ਸੀ- ਪਾਰਦਰਸ਼ੀ ਤੇ ਤਰਲ; ਗੱਲਾਂ ਕਰਦਿਆਂ ਨਾ ਤਾਂ ਉਹ ਆਪਣੇ ਆਪ ’ਤੇ ਤਰਸ ਕਰਦਾ ਅਤੇ ਨਾ ਹੀ ਕਿਸੇ ਗੱਲ ਦਾ ਪਰਦਾ ਰੱਖਦਾ।
ਸ਼ਾਇਦ ਕਾਲੀ ਦੇ ਇਹੀ ਗੁਣ-ਔਗੁਣ ਸਨ ਜਿਨ੍ਹਾਂ ਕਾਰਨ ਉਹ ਪੰਜਾਬੀ ਲੇਖਕਾਂ ਤੇ ਆਲੋਚਕਾਂ ਨੂੰ ਪਚਦਾ ਨਹੀਂ ਸੀ; ਇਹੀ ਕਾਰਨ ਸੀ ਕਿ ਉਹ ਪੰਜਾਬੀ ਸਾਹਿਤ ਵਿਚ ਵਿਰੋਧੀ-ਸੱਭਿਆਚਾਰ ਦਾ ਧੁਰਾ ਬਣ ਗਿਆ; ਉਸ ਦੇ ਹਮਾਇਤੀ ਵੀ ਸਨ ਤੇ ਵਿਰੋਧੀ ਵੀ। ਡਾ. ਸੇਵਾ ਸਿੰਘ, ਨਿਰੂਪਮਾ ਦੱਤ, ਰਾਜ ਕੁਮਾਰ ਹੰਸ, ਹਰੀਸ਼ ਪੁਰੀ ਤੇ ਹੋਰ ਪੰਜਾਬੀ ਲੇਖਕਾਂ, ਪੱਤਰਕਾਰਾਂ, ਆਲੋਚਕਾਂ, ਚਿੰਤਕਾਂ, ਇਤਿਹਾਸਕਾਰਾਂ ਤੇ ਵਿਦਵਾਨਾਂ ਤੋਂ ਲੈ ਕੇ ਹਿੰਦੀ, ਅੰਗਰੇਜ਼ੀ ਤੇ ਭਾਰਤ ਦੀਆਂ ਹੋਰ ਭਾਸ਼ਾਵਾਂ ਦੇ ਲੇਖਕ ਉਸ ਦੀਆਂ ਲਿਖਤਾਂ ਨੂੰ ਪੜ੍ਹਦੇ, ਵਾਚਦੇ, ਸਲਾਹੁੰਦੇ, ਅਸਲਾਹੁੰਦੇ ਤੇ ਆਲੋਚਨਾ ਕਰਦੇ। ਉਹ ਲਿਟਰੇਰੀ ਫੈਸਟੀਵਲਾਂ ਤੇ ਵਿਦੇਸ਼ੀ ਯੂਨੀਵਰਸਿਟੀਆਂ ’ਚ ਜਾਂਦਾ, ਪੰਜਾਬ ਦੇ ਵਿਦਿਅਕ ਅਦਾਰਿਆਂ ਵਿਚ ਭਾਸ਼ਨ ਦਿੰਦਾ, ਟੈਲੀਵਿਜ਼ਨ, ਰੇਡੀਓ, ਯੂਟਿਊਬ ’ਤੇ ਬੋਲਦਾ ਪਰ ਉਸ ਦੇ ਸਭ ਤੋਂ ਵਧੀਆ ਵਿਸ਼ਲੇਸ਼ਣ ਯਾਰਾਂ-ਦੋਸਤਾਂ ਦੀ ਮਹਿਫ਼ਿਲ ਵਿਚ ਨਮੂਦਾਰ ਹੁੰਦੇ। ਕਈ ਵਾਰ ਉਹ ਉਲਾਰ ਹੋ ਜਾਂਦਾ ਤੇ ਸੁਰ ਉੱਚੀ ਹੋ ਜਾਂਦੀ ਪਰ ਉਹ ਸੁਰ ਨਿਵੇਕਲੀ ਹੁੰਦੀ।
ਯਾਦਗਾਰੀ ਕਹਾਣੀਆਂ ਲਿਖਣ ਤੋਂ ਬਾਅਦ ਨਾਵਲ ਲਿਖਦਿਆਂ ਉਹ ਪੰਜਾਬੀ ਅਵਚੇਤਨ ਦਾ ਲਿਖਣਹਾਰ ਬਣ ਗਿਆ। ਉਸ ਦੇ ਕਈ ਨਾਵਲਾਂ ਨੂੰ ਪੜ੍ਹਨਾ ਔਖਾ ਹੈ। ਅਵਚੇਤਨ ਦੇ ਘੋੜੇ ਬੇਮੁਹਾਰ ਹੋ ਕੇ ਦੌੜਨ ਲੱਗਦੇ ਹਨ, ਭਾਸ਼ਾ ਲੜਖੜਾਉਂਦੀ ਹੈ ਪਰ ਅਵਚੇਤਨ ਦਾ ਅਮੋੜ ਦਰਿਆ ਵਹਿੰਦਾ ਰਹਿੰਦਾ ਹੈ; ਵਿਦੇਸ਼ੀ ਆਲੋਚਕਾਂ ਨੇ ਇਸ ਵਿਧੀ ਨੂੰ ਕਈ ਨਾਂ ਦਿੱਤੇ ਹਨ। ਉਸ ਦੀਆਂ ਲਿਖਤਾਂ ਪੜ੍ਹ ਕੇ ਅਸੀਂ ਨਾ ਤਾਂ ਸਹਿਜ ਹੁੰਦੇ ਹਾਂ ਤੇ ਨਾ ਹੀ ਸਾਨੂੰ ਸੁੱਖ ਮਿਲਦਾ ਹੈ। ਮੈਂ ਉਸ ਦੀ ਕਿਸੇ ਕਿਤਾਬ ਬਾਰੇ ਨਹੀਂ ਲਿਖ ਸਕਿਆ; ਉਸ ਦਾ ਕਾਰਨ ਇਹ ਸੀ ਕਿ ਉਸ ਦੇ ਨਾਵਲ ਪੜ੍ਹ ਕੇ ਤੁਹਾਡਾ ਮਨ ਟਿਕਦਾ ਨਹੀਂ ਸੀ, ਉੱਖੜ ਜਾਂਦਾ ਸੀ।
ਕਾਲੀ ਦਾ ਵਿਸ਼ਵਾਸ ਸੀ ਕਿ ਸਾਡੇ ਸਮਾਜ ਨੂੰ ਜਾਤ-ਪਾਤ ਦਾ ਘੁਣ ਲੱਗਾ ਹੋਇਆ ਹੈ। ਉਹ ਇਸ ਸਚਾਈ ਨੂੰ ਸਵੀਕਾਰ ਕਰਦਾ ਅਤੇ ਇਸ ਬਾਰੇ ਇਕ ਖ਼ਾਸ ਤਰ੍ਹਾਂ ਦੀ ਦਲੇਰੀ ਨਾਲ ਲਿਖਦਾ ਸੀ। ਪੰਜਾਬੀ ਸਾਹਿਤ ਵਿਚ ਦਲਿਤ ਸਾਹਿਤ ਨੂੰ ਵੱਖਰੀ ਤਰ੍ਹਾਂ ਨਾਲ ਵਿਚਾਰਿਆ ਗਿਆ ਹੈ ਭਾਵੇਂ ਕਿ ਹਕੀਕਤ ਇਹ ਹੈ ਕਿ ਸੰਤ ਵਜ਼ੀਰ ਸਿੰਘ, ਪੀਰੋ, ਗਿਆਨੀ ਦਿੱਤ ਸਿੰਘ ਤੇ ਹੋਰ ਮੋਢੀਆਂ ਤੋਂ ਲੈ ਕੇ ਗੁਰਦਾਸ ਰਾਮ ਆਲਮ, ਅਤਰਜੀਤ, ਪ੍ਰੇਮ ਗੋਰਖੀ, ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ ਤੇ ਸਮਕਾਲੀ ਸਾਹਿਤਕਾਰਾਂ ਤਕ ਦਲਿਤ ਸਾਹਿਤ ਪੰਜਾਬੀ ਸਾਹਿਤ ਦੀ ਮੁੱਖ ਧਾਰਾ ਦਾ ਹਿੱਸਾ ਹੀ ਨਹੀਂ ਸਗੋਂ ਮੁੱਖ ਧਾਰਾ ਹੀ ਹੈ। ਇਸ ਦੇ ਬਾਵਜੂਦ ਕਾਲੀ ਆਪਣੀਆਂ ਲਿਖਤਾਂ ਵਿਚਲੀ ਬੇਚੈਨੀ ਤੇ ਛਟਪਟਾਹਟ ਕਾਰਨ ਇਹੋ ਜਿਹਾ ਵਿਚਾਰਧਾਰਕ ਕੰਡਾ ਬਣ ਗਿਆ ਸੀ ਜੋ ਪੰਜਾਬੀ ਲੇਖਕਾਂ ਤੇ ਆਲੋਚਕਾਂ ਦੇ ਗਲਾਂ ਵਿਚ ਅਟਕ ਜਾਂਦਾ ਸੀ। ਉਸ ਦੀਆਂ ਲਿਖਤਾਂ ਵਿਚਲੀ ਕੜਵਾਹਟ ਅਜੋਕੇ ਪੰਜਾਬੀ ਸਾਹਿਤ ਦੇ ਸੁਖਾਂਤਮਈ ਸੱਭਿਆਚਾਰ ਵਿਰੁੱਧ ਵੱਡਾ ਉਲਾਂਭਾ ਹੈ; ਅਤੇ ਨਜਮ ਹੁਸੈਨ ਸੱਯਦ ਦੇ ਸ਼ਬਦਾਂ ਵਿਚ ਕਾਲੀ ਇਹ ਕਹਿੰਦਾ ਲੱਗਦਾ ਹੈ, ‘‘ਅਸਾਂ ਕੀਤਾ ਨਾਮਨਜ਼ੂਰ ਜੀਊਣਾ ਏਸ ਰੰਗ ਦਾ।’’
ਸੰਵਾਦ ਤੇ ਗੋਸ਼ਟਿ ਦਾ ਜੋਤੀਕਾਰ ਤੁਰ ਗਿਆ ਹੈ; ਬਹਿਸਣ, ਖਿਝਣ ਤੇ ਆਪਣੇ ਵਿਚਾਰਾਂ ਨੂੰ ਖਰ੍ਹਵੀ ਕਾਂਟੇਦਾਰ ਜ਼ੁਬਾਨ ਵਿਚ ਲਿਖਣ ਤੇ ਬੋਲਣ ਵਾਲਾ ਉਹ ਬੇਲੀ ਅੱਜ ਸਾਡੇ ਵਿਚ ਨਹੀਂ ਰਿਹਾ। ਹਫ਼ਤਾ ਪਹਿਲਾਂ ਉਸ ਨੇ ਮੈਨੂੰ ਟੈਲੀਫੋਨ ’ਤੇ ਕਿਹਾ, ‘‘ਮੈਂ ਹੁਣ ਤੇਜ਼ੀ ਨਾਲ ਕੰਮ ਕਰਾਂਗਾ।’’ ਸਾਹਿਤ ਤੇ ਮਹਿਫ਼ਿਲਾਂ ਵਿਚ ਇਹ ਸੱਖਣ ਮਹਿਸੂਸ ਹੁੰਦੀ ਰਹਿਣੀ ਹੈ। ਉਹਦੀ ਖਾਲੀ ਪਈ ਥਾਂ ਨੇ ਭਾਂ ਭਾਂ ਕਰਨਾ ਤੇ ਦੋਸਤਾਂ ਦੇ ਮਨਾਂ ਨੂੰ ਧੂਹ ਪਾਉਣੀ ਹੈ ਪਰ ਉਸ ਦੀਆਂ ਲਿਖਤਾਂ ਤੇ ਯਾਦਾਂ ਨੇ ਦੋਸਤਾਂ ਤੇ ਪਾਠਕਾਂ ਨੂੰ ਹਮੇਸ਼ਾ ਉਤੇਜਿਤ ਕਰਦੇ ਰਹਿਣਾ ਹੈ। ਪੰਜਾਬੀ ਅਵਚੇਤਨ ਦੇ ਇਸ ਲਿਖਣਹਾਰ ਨੂੰ ਅਲਵਿਦਾ ਕਹਿੰਦਿਆਂ ਮਨ ਭਰਿਆ ਹੋਇਆ ਹੈ। ਉਸ ਦਾ ਪਰਿਵਾਰ ਤੇ ਦੋਸਤ ਸਮੂਹ ਸੋਗਵਾਰ ਹੈ। ਉਸ ਨੇ ਬਹੁਤ ਚੇਤੇ ਆਉਣਾ ਹੈ। ਸਾਡਾ ਸਮਾਂ ਦੇਸ ਰਾਜ ਕਾਲੀ ਦੇ ਸਮੇਂ ਵਿਚ ਸਮਾ ਰਿਹਾ ਹੈ।