ਅਸੀਂ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰਨ ਦੇ ਹੱਕ ’ਚ: ਆਜ਼ਾਦ
ਜੰਮੂ, 6 ਅਪਰੈਲ
ਡੈਮੋਕਰੈਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ (ਡੀਪੀਏਪੀ) ਦੇ ਪ੍ਰਧਾਨ ਗੁਲਾਮ ਨਬੀ ਆਜ਼ਾਦ ਨੇ ਅੱਜ ਕਿਹਾ ਕਿ ਇਹ ਜੰਮੂ ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰਨ ਤੇ ਜ਼ਮੀਨ ਤੇ ਰੁਜ਼ਗਾਰ ਦੇ ਅਧਿਕਾਰਾਂ ਸਮੇਤ ਲੋਕਾਂ ਦੇ ਮੁੱਦਿਆਂ ਦੀ ਹਮਾਇਤ ਕਰਦੀ ਹੈ। ਊਧਮਪੁਰ ਸੰਸਦੀ ਹਲਕੇ ’ਚ ਕਠੂਆ ਦੇ ਹੀਰਾਨਗਰ ਇਲਾਕੇ ’ਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਵੋਟਰਾਂ ਨੂੰ ਅਜਿਹੇ ਉਮੀਦਵਾਰਾਂ ਬਾਰੇ ਸਾਵਧਾਨੀ ਨਾਲ ਵਿਚਾਰ ਕਰਨ ਦੀ ਅਪੀਲ ਕੀਤੀ ਜੋ ਸੰਸਦ ’ਚ ਜਨਤਾ ਦੇ ਮੁੱਦੇ ਉਠਾਉਣ ਲਈ ਪ੍ਰਤੀਬੱਧ ਹਨ। ਉਨ੍ਹਾਂ ਕਿਹਾ, ‘ਜੰਮੂ ਕਸ਼ਮੀਰ ਦੇ ਲੋਕਾਂ ਦੇ ਹਿੱਤਾਂ ਦੀ ਵਕਾਲਤ ਲਈ ਸੰਸਦ ’ਚ ਮਜ਼ਬੂਤ ਹਾਜ਼ਰੀ ਜ਼ਰੂਰੀ ਹੈ। ਲੋਕਾਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਰਾਜ ਦਾ ਦਰਜਾ ਹਾਸਲ ਕਰਨ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਡੀਪੀਏਪੀ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਨੀ ਚਾਹੀਦੀ ਹੈ।’ ਆਜ਼ਾਦ ਆਨੰਤਨਾਗ-ਰਾਜੌਰੀ ਸੀਟ ਤੋਂ ਲੋਕ ਸਭਾ ਚੋਣ ਲੜ ਰਹੇ ਹਨ। ਉਨ੍ਹਾਂ ਕਾਂਗਰਸ ਨਾਲ ਆਪਣੇ ਲੰਮੇ ਸਮੇਂ ਦੇ ਰਿਸ਼ਤੇ ਦੌਰਾਨ ਵਿਰੋਧੀ ਧਿਰ ਦੇ ਨੇਤਾ ਵਜੋਂ ਸੰਸਦ ’ਚ ਵੱਡੇ ਮੁੱਦੇ ਚੁੱਕਣ ਦੇ ਆਪਣੇ ਰਿਕਾਰਡ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ‘ਸਾਨੂੰ ਆਪਣੇ ਰਾਜ ਦਾ ਦਰਜਾ ਮੁੜ ਹਾਸਲ ਕਰਨਾ ਪਵੇਗਾ।’ -ਪੀਟੀਆਈ