ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਸੀਂ ਕੌਮੀ ਪੱਧਰ ’ਤੇ ‘ਇੰਡੀਆ’ ਗੱਠਜੋੜ ਦਾ ਹਿੱਸਾ ਹਾਂ ਤੇ ਰਹਾਂਗੇ: ਮਮਤਾ

07:31 AM May 17, 2024 IST

ਤਮਲੁਕ, 16 ਮਈ
ਸੱਤਾ ਵਿੱਚ ਆਉਣ ’ਤੇ ਵਿਰੋਧੀ ਗੱਠਜੋੜ ‘ਇੰਡੀਆ’ ਨੂੰ ਬਾਹਰ ਤੋਂ ਸਮਰਥਨ ਦੇਣ ਦੇ ਐਲਾਨ ਦੇ ਇੱਕ ਦਿਨ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਕੌਮੀ ਪੱਧਰ ’ਤੇ ਭਾਜਪਾ ਵਿਰੋਧੀ ਗੱਠਜੋੜ ਦਾ ਹਿੱਸਾ ਹੈ ਅਤੇ ਅੱਗੇ ਵੀ ਰਹੇਗੀ। ਤਮਲੁਕ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਪੱਛਮੀ ਬੰਗਾਲ ਵਿੱਚ ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਐੱਮ) ਅਤੇ ਕਾਂਗਰਸ ਨਾਲ ਗੱਠਜੋੜ ਵਿੱਚ ਨਹੀਂ ਹੈ। ਉਨ੍ਹਾਂ ਕਿਹਾ, ‘‘ਕੁੱਝ ਲੋਕਾਂ ਨੇ ਕੱਲ੍ਹ ਦੇ ਮੇਰੇ ਬਿਆਨ ਨੂੰ ਗਲਤ ਸਮਝਿਆ ਹੈ। ਕੌਮੀ ਪੱਧਰ ’ਤੇ ਮੈਂ ਪੂਰੀ ਤਰ੍ਹਾਂ ਇੰਡੀਆ ਗੱਠਜੋੜ ਦਾ ਹਿੱਸਾ ਹਾਂ। ਇੰਡੀਆ ਗੱਠਜੋੜ ਦਾ ਮੈਂ ਸੁਝਾਅ ਦਿੱਤਾ ਸੀ। ਅਸੀਂ ਕੌਮੀ ਪੱਧਰ ’ਤੇ ਨਾਲ ਹਾਂ ਅਤੇ ਅੱਗੇ ਵੀ ਨਾਲ ਰਹਾਂਗੇ।’’ ਮਮਤਾ ਨੇ ਦੋਸ਼ ਲਾਇਆ ਕਿ ‘ਇੰਡੀਆ’ ਗੱਠਜੋੜ ਵਿੱਚ ਸ਼ਾਮਲ ਮਾਰਕਸਵਾਦੀ ਕਮਿਊਨਿਸਟ ਪਾਰਟੀ ਅਤੇ ਕਾਂਗਰਸ ਦੋਵਾਂ ਦੀਆਂ ਪੱਛਮੀ ਬੰਗਾਲ ਇਕਾਈਆਂ ਨੇ ਹੱਥ ਮਿਲਾ ਲਿਆ ਹੈ ਅਤੇ ਸੂਬੇ ਵਿੱਚ ਭਾਜਪਾ ਦੀ ਮਦਦ ਕਰ ਰਹੀਆਂ ਹਨ। ਉਨ੍ਹਾਂ ਰੈਲੀ ਵਿੱਚ ਕਿਹਾ, ‘‘ਬੰਗਾਲ ਵਿੱਚ ਮਾਰਕਸਵਾਦੀ ਕਮਿਊਨਿਸਟ ਪਾਰਟੀ ਅਤੇ ਕਾਂਗਰਸ ’ਤੇ ਭਰੋਸਾ ਨਾ ਕਰਨ। ਉਹ ਸਾਡੇ ਨਾਲ ਨਹੀਂ ਹਨ, ਉਹ ਭਾਜਪਾ ਨਾਲ ਹਨ।’’ ਮਮਤਾ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਵਿਰੋਧੀ ਗੱਠਜੋੜ ‘ਇੰਡੀਆ’ ਨੂੰ ਬਾਹਰੋਂ ਸਮਰਥਨ ਦੇਵੇਗੀ। ਲੋਕ ਸਭਾ ਚੋਣਾਂ ਵਿੱਚ 400 ਸੀਟਾਂ ਹਾਸਲ ਕਰਨ ਦੇ ਭਾਜਪਾ ਦੇ ਅਭਿਲਾਸ਼ੀ ਟੀਚੇ ’ਤੇ ਸ਼ੱਕ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਨੂੰ ਖਾਰਜ ਕਰ ਦੇਣਗੇ। ਬੈਨਰਜੀ ਨੇ ਕਿਹਾ, ‘‘ਪੂਰਾ ਦੇਸ਼ ਸਮਝ ਗਿਆ ਹੈ ਕਿ ਭਾਜਪਾ ਚੋਰਾਂ ਦੀ ਪਾਰਟੀ ਹੈ। ਅਸੀਂ (ਤ੍ਰਿਣਮੂਲ) ਕੇਂਦਰ ਵਿੱਚ ਸਰਕਾਰ ਬਣਾਉਣ ਲਈ ਬਾਹਰ ਤੋਂ ਇੰਡੀਆ ਗੱਠਜੋੜ ਦਾ ਸਮਰਥਨ ਕਰਾਂਗੇ।
ਟੀਐੱਮਸੀ ਨੇ ਪਹਿਲਾਂ ਕਿਹਾ ਸੀ ਕਿ ਉਹ ਕੌਮੀ ਪੱਧਰ ’ਤੇ ਵਿਰੋਧੀ ਗੱਠਜੋੜ ਦਾ ਹਿੱਸਾ ਬਣੀ ਰਹੇਗੀ ਹਾਲਾਂਕਿ ਉਹ ਪੱਛਮੀ ਬੰਗਾਲ ਵਿੱਚ ਵੱਖ ਲੜੇਗੀ। ਟੀਐੱਮਸੀ ਪ੍ਰਮੁੱਖ ਤਮਲੁਕ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੀ ਸੀ, ਜਿਸ ਅਧੀਨ ਨੰਦੀਗ੍ਰਾਮ ਵਿਧਾਨ ਸਭਾ ਹਲਕਾ ਆਉਂਦਾ ਹੈ। ਮਮਤਾ 2021 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨੰਦੀਗ੍ਰਾਮ ’ਚ ਭਾਜਪਾ ਨੇਤਾ ਸ਼ੁਵੇਂਦੂ ਅਧਿਕਾਰੀ ਤੋਂ 1956 ਵੋਟਾਂ ਨਾਲ ਹਾਰ ਗਈ ਸੀ। ਮਮਤਾ ਨੇ ਕਿਹਾ, ‘‘ਦੋ ਮਈ, 2021 ਨੂੰ ਵੋਟਿੰਗ ਵਾਲੇ ਦਿਨ ਵੋਟ ਗਿਣਤੀ ਕੇਂਦਰ ’ਤੇ ਬਿਜਲੀ ਸਪਲਾਈ ਕੱਟ ਕੇ ਭਾਜਪਾ ਨੇ ਜਿੱਤ ਹਾਸਲ ਕੀਤੀ ਸੀ।’’ ਉਨ੍ਹਾਂ ਕਿਹਾ, ‘‘ਭਾਜਪਾ ਨੇ ਫਤਵਾ ਚੋਰੀ ਕੀਤਾ। ਉਨ੍ਹਾਂ ਵੋਟਿੰਗ ਕੇਂਦਰ ਦੀ ਬਿਜਲੀ ਸਪਲਾਈ ਕੱਟ ਦਿੱਤੀ। ਮੈਂ ਇਸ ਖ਼ਿਲਾਫ਼ ਅਦਾਲਤ ਗਈ ਸੀ ਪਰ ਹੁਣ ਮੈਂ ਹਾਰ ਦਾ ਬਦਲਾ ਲਵਾਂਗੀ।’’ -ਪੀਟੀਆਈ

Advertisement

‘ਅਹਿਮੀਅਤ ਬਣਾਈ ਰੱਖਣ ਲਈ ‘ਇੰਡੀਆ’ ਗੱਠਜੋੜ ਦੀ ਹਮਾਇਤ ਕਰ ਰਹੀ ਹੈ ਮਮਤਾ’

ਕੋਲਕਾਤਾ: ਕਾਂਗਰਸ ਦੀ ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਸੁਪਰੀਮੋ ਮਮਤਾ ਬੈਨਰਜੀ ਵਿਰੋਧੀ ਗੱਠਜੋੜ ‘ਇੰਡੀਆ’ ਦੇ ਪੱਖ ਵਿੱਚ ਬਣਦੇ ਮਾਹੌਲ ਅਤੇ ਕੌਮੀ ਰਾਜਨੀਤੀ ਵਿੱਚ ਆਪਣੀ ਅਹਿਮੀਅਤ ਬਣਾਈ ਰੱਖਣ ਲਈ ਇਸ ਦਾ ਸਮਰਥਨ ਕਰ ਰਹੇ ਹਨ। ਅਧੀਰ ਰੰਜਨ ਨੇ ਮਮਤਾ ਨੂੰ ‘ਮੌਕਾਪ੍ਰਸਤ ਨੇਤਾ’ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਬਦਲਦੀ ਸਿਆਸਤ ਨੂੰ ਭਾਂਪਦਿਆਂ ਆਪਣਾ ਰੁਖ਼ ਬਦਲ ਲਿਆ ਹੈ। ਕਾਂਗਰਸ ਨੇਤਾ ਨੇ ਕਿਹਾ, ‘‘ਇਹ ਸਪੱਸ਼ਟ ਤੌਰ ’ਤੇ ਇਸ਼ਾਰਾ ਕਰਦਾ ਹੈ ਕਿ ‘ਇੰਡੀਆ’ ਗੱਠਜੋੜ ਲੀਡ ਲੈ ਰਿਹਾ ਹੈ ਅਤੇ ਸਰਕਾਰ ਬਣਾਉਣ ਦੇ ਨੇੜੇ ਹੈ। ਇਹੀ ਕਾਰਨ ਹੈ ਕਿ ਇੱਕ ਚੁਸਤ ਅਤੇ ਮੌਕਾਪ੍ਰਸਤ ਨੇਤਾ ਵਜੋਂ ਮਮਤਾ ਬੈਨਰਜੀ ਨੇ ਪਹਿਲਾਂ ਹੀ ਆਪਣਾ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ।’’ ਉਨ੍ਹਾਂ ਕਿਹਾ, ‘‘ਉਨ੍ਹਾਂ (ਬੈਨਰਜੀ) ਆਪਣੀ ਭਰੋਸੇਯੋਗਤਾ ਗੁਆ ਦਿੱਤੀ ਹੈ। ਉਹ ਇਹ ਸਮਝ ਗਈ ਹੈ ਕਿ ਵੋਟਰ ‘ਇੰਡੀਆ’ ਗੱਠਜੋੜ ਵੱਲ ਦੇਖ ਰਹੇ ਹਨ। ਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਉਹ ਕੌਮੀ ਸਿਆਸਤ ਵਿੱਚ ਇਕੱਲੀ ਰਹਿ ਗਈ ਹੈ। ਇਹ ਕੌਮੀ ਸਿਆਸਤ ਵਿੱਚ ਖ਼ੁਦ ਦੀ ਅਹਿਮੀਅਤ ਬਣਾਈ ਰੱਖਣ ਦਾ ਤਰੀਕਾ ਹੈ।’’ -ਪੀਟੀਆਈ

Advertisement
Advertisement