ਪਾਕਿਸਤਾਨ ਦੀਆਂ ਦਹਿਸ਼ਤੀ ਨੀਤੀਆਂ ਸਫਲ ਨਹੀਂ ਹੋਣਗੀਆਂ: ਜੈਸ਼ੰਕਰ
ਨਿਊਯਾਰਕ, 28 ਸਤੰਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਪਾਕਿਸਤਾਨ ਦੀ ਸਰਹੱਦ ਪਾਰੋਂ ਅਤਿਵਾਦ ਦੀ ਨੀਤੀ ਕਦੇ ਵੀ ਸਫਲ ਨਹੀਂ ਹੋਵੇਗੀ। ਉਨ੍ਹਾਂ ‘ਕਰਮ’ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਮੁਲਕ ਦੀਆਂ ਗਲਤ ਨੀਤੀਆਂ ਹਨ ਜੋ ਉਨ੍ਹਾਂ ਦੇ ਆਪਣੇ ਹੀ ਸਮਾਜ ਨੂੰ ਨਿਗਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਾਂਤੀ ਤੇ ਵਿਕਾਸ ਦੋਵੇਂ ਨਾਲ-ਨਾਲ ਚਲਦੇ ਹਨ। ਜੈਸ਼ੰਕਰ ਇੱਥੇ ਸੰਯੁਕਤ ਰਾਸ਼ਟਰ ਆਮ ਸਭਾ ’ਚ ਸੰਬੋਧਨ ਕਰ ਰਹੇ ਸਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਮਸਲੇ ਤਾਂ ਹੀ ਸੁਲਝ ਸਕਦੇ ਹਨ ਜੇ ਪਾਕਿਸਤਾਨ ਗ਼ੈਰਕਾਨੂੰਨੀ ਢੰਗ ਨਾਲ ਦੱਬੇ ਭਾਰਤੀ ਇਲਾਕੇ ਖਾਲੀ ਕਰ ਦੇਵੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਯੂਐੱਨ ’ਚ ਜੰਮੂ ਕਸ਼ਮੀਰ ਦਾ ਰਾਗ ਮੁੜ ਅਲਾਪਦਿਆਂ ਕਿਹਾ ਸੀ ਕਿ ਭਾਰਤ ਨੂੰ ਧਾਰਾ 370 ਮਨਸੂਖ ਕਰਨ ਦਾ ਫ਼ੈਸਲਾ ਵਾਪਸ ਲੈ ਕੇ ਦੋਵਾਂ ਮੁਲਕਾਂ ਵਿਚਾਲੇ ਵਾਰਤਾ ਸ਼ੁਰੂ ਕਰਨੀ ਚਾਹੀਦੀ ਹੈ।
ਜੈਸ਼ੰਕਰ ਨੇ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਮਹਾ ਸਭਾ ਦੇ ਵਿਸ਼ੇ ਦੀ ਹਮਾਇਤ ਕਰਦਾ ਹੈ ਜੋ ਕਿਸੇ ਨੂੰ ਵੀ ਪਿੱਛੇ ਨਾ ਛੱਡਣ ਦੀ ਤਰਜਮਾਨੀ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਇੱਥੇ ਔਖੇ ਸਮੇਂ ’ਚ ਇਕੱਠੇ ਹੋਏ ਹਨ। ਦੁਨੀਆ ਨੇ ਅਜੇ ਵੀ ਕੋਵਿਡ ਮਹਾਮਾਰੀ ਤੋਂ ਉੱਭਰਨਾ ਹੈ। ਯੂਕਰੇਨ ਜੰਗ ਦਾ ਤੀਜਾ ਸਾਲ ਚੱਲ ਰਿਹਾ ਹੈ ਤੇ ਗਾਜ਼ਾ ’ਚ ਸੰਘਰਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਦੁਨੀਆ ਆਪਸੀ ਸੰਘਰਸ਼ਾਂ ’ਚ ਵੰਡੀ ਗਈ ਹੈ ਤੇ ਦੁਨੀਆ ਦਾ ਧਰੁਵੀਕਰਨ ਹੋ ਗਿਆ ਹੈ। ਅਜਿਹੇ ’ਚ ਗੱਲਬਾਤ ਤੇ ਸਮਝੌਤੇ ਬਹੁਤ ਮੁਸ਼ਕਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਹ ਅਜਿਹਾ ਨਹੀਂ ਹੈ ਜਿਵੇਂ ਸੰਯੁਕਤ ਰਾਸ਼ਟਰ ਦੇ ਬਾਨੀ ਚਾਹੁੰਦੇ ਸਨ। ਸ਼ਾਂਤੀ ਤੇ ਖੁਸ਼ਹਾਲੀ ਦੋਵੇਂ ਖਤਰੇ ’ਚ ਹਨ ਅਤੇ ਅਜਿਹਾ ਇਸ ਕਰਕੇ ਹੈ ਕਿ ਆਪਸੀ ਭਰੋਸਾ ਖਤਮ ਹੋ ਗਿਆ ਹੈ। -ਪੀਟੀਆਈ