ਵਾਇਨਾਡ ਤ੍ਰਾਸਦੀ ਕੌਮੀ ਆਫ਼ਤ: ਰਾਹੁਲ ਗਾਂਧੀ
* ਪੀੜਤਾਂ ਦੀ ਹਰਸੰਭਵ ਸਹਾਇਤਾ ਕੀਤੀ ਜਾਵੇਗੀ: ਪ੍ਰਿਯੰਕਾ
ਵਾਇਨਾਡ, 1 ਅਗਸਤ
ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਵਾਇਨਾਡ ’ਚ ਢਿੱਗਾਂ ਖਿਸਕਣ ਦੀ ਘਟਨਾ ’ਚ ਆਪਣੇ ਪਰਿਵਾਰ ਤੇ ਘਰ ਗੁਆ ਚੁੱਕੇ ਲੋਕਾਂ ਨੂੰ ਦੇਖਣਾ ਬਹੁਤ ਹੀ ਦੁੱਖ ਭਰਿਆ ਹੈ ਅਤੇ ਉਨ੍ਹਾਂ ਇਸ ਤ੍ਰਾਸਦੀ ਨੂੰ ‘ਕੌਮੀ ਆਫ਼ਤ’ ਕਰਾਰ ਦਿੱਤਾ। ਵਾਇਨਾਡ ਤੋਂ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਵਾਇਨਾਡ, ਕੇਰਲ ਤੇ ਪੂਰੇ ਦੇਸ਼ ਲਈ ਵੱਡੀ ਤ੍ਰਾਸਦੀ ਹੈ। ਰਾਹੁਲ ਗਾਂਧੀ ਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਦੋਵੇਂ ਅੱਜ ਵਾਇਨਾਡ ਦੇ ਪ੍ਰਭਾਵਿਤ ਇਲਾਕੇ ਚੂਰਾਮਲਾ ਪੁੱਜੇ ਹੋਏ ਸਨ। ਉਨ੍ਹਾਂ ਇੱਥੇ ਦੇ ਇੱਕ ਹਸਪਤਾਲ ਤੇ ਕਮਿਊਨਿਟੀ ਸਿਹਤ ਕੇਂਦਰ ਅਤੇ ਦੋ ਰਾਹਤ ਕੈਂਪਾਂ ਦਾ ਦੌਰਾ ਕੀਤਾ।
ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੇਰੇ ਲਈ ਇਹ ਯਕੀਨੀ ਤੌਰ ’ਤੇ ਕੌਮੀ ਆਫ਼ਤ ਹੈ, ਪਰ ਦੇਖਦੇ ਹਾਂ ਕਿ ਸਰਕਾਰ ਕੀ ਕਹਿੰਦੀ ਹੈ।’ ਉਨ੍ਹਾਂ ਕਿਹਾ, ‘ਅਸੀਂ ਇੱਥੇ ਹਾਲਾਤ ਦਾ ਜਾਇਜ਼ਾ ਲੈਣ ਆਏ ਹਨ। ਆਪਣੇ ਪਰਿਵਾਰ ਤੇ ਘਰ ਗੁਆਉਣ ਵਾਲੇ ਲੋਕਾਂ ਨੂੰ ਦੇਖਣਾ ਬਹੁਤ ਹੀ ਦੁੱਖ ਭਰਿਆ ਹੈ। ਅਜਿਹੇ ਹਾਲਾਤ ’ਚ ਲੋਕਾਂ ਨਾਲ ਗੱਲ ਕਰਨੀ ਬਹੁਤ ਮੁਸ਼ਕਿਲ ਹੈ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਕੀ ਕਹੀਏ।’ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਇਸ ਖੇਤਰ ਦੇ ਲੋਕ ਜੋ ਦੁੱਖ ਝੱਲ ਰਹੇ ਹਨ, ਉਹ ਬਿਆਨ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਕਿਹਾ, ‘ਅਸੀਂ ਉਨ੍ਹਾਂ ਦੀ ਹਰਸੰਭਵ ਮਦਦ ਕਰਾਂਗੇ।’ -ਪੀਟੀਆਈ
ਮ੍ਰਿਤਕਾਂ ਦੀ ਗਿਣਤੀ ਵਧ ਕੇ 190 ਹੋਈ
ਵਾਇਨਾਡ:
ਵਾਇਨਾਡ ਜ਼ਿਲ੍ਹੇ ’ਚ ਦੋ ਦਿਨ ਪਹਿਲਾਂ ਢਿੱਗਾਂ ਖਿਸਕਣ ਦੀ ਘਟਨਾ ’ਚ ਹੁਣ ਤੱਕ 190 ਲੋਕਾਂ ਤੀ ਮੌਤ ਹੋਈ ਹੈ ਤੇ 200 ਤੋਂ ਵੱਧ ਜ਼ਖ਼ਮੀ ਹੋਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਦੱਸਿਆ ਕਿ ਬਚਾਅ ਕਰਮੀਆਂ ਵੱਲੋਂ ਮਲਬਾ ਹਟਾਏ ਜਾਣ ਮਗਰੋਂ ਇਹ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਮ੍ਰਿਤਕਾਂ ’ਚ 25 ਬੱਚੇ ਤੇ 70 ਔਰਤਾਂ ਸ਼ਾਮਲ ਹਨ। ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਹੁਣ ਤੱਕ ਮਲਬੇ ਹੇਠੋਂ 92 ਮਨੁੱਖੀ ਅੰਗ ਬਰਾਮਦ ਕੀਤੇ ਗਏ ਹਨ। ਪ੍ਰਭਾਵਿਤ ਖੇਤਰ ਤੋਂ 234 ਜਣਿਆਂ ਨੂੰ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ ਅਤੇ ਇਨ੍ਹਾਂ ’ਚੋਂ 92 ਦਾ ਇਲਾਜ ਅਜੇ ਵੀ ਜਾਰੀ ਹੈ। -ਪੀਟੀਆਈ