ਵਾਇਨਾਡ: ਮ੍ਰਿਤਕਾਂ ਦੀ ਗਿਣਤੀ 210 ਹੋਈ
ਵਾਇਨਾਡ:
ਕੇਰਲ ਦੇ ਵਾਇਨਾਡ ਜ਼ਿਲ੍ਹੇ ’ਚ ਢਿੱਗਾਂ ਡਿੱਗਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਧ ਕੇ 210 ਹੋ ਗਈ ਹੈ। ਕੇਰਲ ਦੇ ਸੈਰ-ਸਪਾਟਾ ਮੰਤਰੀ ਪੀਏ ਮੁਹੰਮਦ ਰਿਆਸ ਨੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਇਥੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਮ੍ਰਿਤਕਾਂ ’ਚ 83 ਔਰਤਾਂ ਅਤੇ 29 ਬੱਚੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ 119 ਲਾਸ਼ਾਂ ਰਿਸ਼ਤੇਦਾਰਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ। ਪਿਛਲੇ ਤਿੰਨ ਦਿਨਾਂ ਤੋਂ ਪਡਾਵੇਟੀ ਕੁਨੂ ਨੇੜਲੇ ਇਲਾਕੇ ’ਚ ਫਸੇ ਇਕ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਬਚਾਇਆ ਗਿਆ ਹੈ। ਮੰਤਰੀ ਨੇ ਕਿਹਾ ਕਿ ਕਰੀਬ 1,374 ਬਚਾਅ ਕਰਮੀ ਕੁਦਰਤੀ ਆਫ਼ਤ ਨਾਲ ਝੰਬੇ ਇਲਾਕਿਆਂ ’ਚ ਖੋਜ ਮੁਹਿੰਮ ’ਚ ਜੁਟੇ ਹੋਏ ਹਨ। ਬਚਾਅ ਕਾਰਜਾਂ ’ਚ ਰਡਾਰਾਂ ਅਤੇ ਡਰੋਨਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਰਿਆਸ ਨੇ ਕਿਹਾ ਕਿ 218 ਵਿਅਕਤੀ ਲਾਪਤਾ ਹਨ ਜਦਕਿ ਕੇਰਲਾ ਦੇ ਏਡੀਜੀਪੀ ਐੱਮਆਰ ਅਜੀਤ ਕੁਮਾਰ ਨੇ ਕਿਹਾ ਸੀ ਕਿ ਕਰੀਬ 300 ਵਿਅਕਤੀ ਅਜੇ ਵੀ ਲਾਪਤਾ ਹਨ। ਕੇਰਲਾ ਦੀ ਸਿਹਤ ਮੰਤਰੀ ਵੀਨਾ ਜੌਰਜ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਕਿਹਾ ਕਿ ਵਾਇਨਾਡ ਦੇ ਸਰਕਾਰੀ ਹਸਪਤਾਲਾਂ ’ਚ ਆਈਸੀਯੂ ਤਿਆਰ ਕੀਤੇ ਗਏ ਹਨ। ਢਿੱਗਾਂ ਡਿੱਗਣ ਵਾਲੀਆਂ ਥਾਵਾਂ ਤੋਂ ਮਿਲੇ ਮਨੁੱਖੀ ਅੰਗਾਂ ਬਾਰੇ ਉਨ੍ਹਾਂ ਕਿਹਾ ਕਿ ਵਿਅਕਤੀਆਂ ਦੀ ਪਛਾਣ ਕਰਨ ਲਈ ਜੈਨੇਟਿਕ ਸੈਂਪਲ ਲਏ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਢਿੱਗਾਂ ਡਿੱਗਣ ਕਾਰਨ ਉਜੜੇ ਕਰੀਬ 9,910 ਵਿਅਕਤੀਆਂ ਨੂੰ ਵਾਇਨਾਡ ਦੇ 94 ਰਾਹਤ ਕੈਂਪਾਂ ’ਚ ਪਹੁੰਚਾਇਆ ਗਿਆ ਹੈ। -ਪੀਟੀਆਈ
ਸਰਕਾਰੀ ਕਬਰਿਸਤਾਨਾਂ ’ਚ ਦਫ਼ਨਾਈਆਂ ਜਾਣਗੀਆਂ ਅਣਪਛਾਤੀਆਂ ਲਾਸ਼ਾਂ
ਵਾਇਨਾਡ:
ਢਿੱਗਾਂ ਡਿੱਗਣ ਕਾਰਨ ਮਾਰੇ ਗਏ ਅਣਪਛਾਤੇ ਵਿਅਕਤੀਆਂ ਨੂੰ ਸਰਕਾਰੀ ਕਬਰਿਸਤਾਨਾਂ ’ਚ ਦਫ਼ਨਾਇਆ ਜਾਵੇਗਾ। ਸਰਕਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਕਲਪੇਟਾ, ਵਿਤਿਰੀ, ਮੁਤਿਲ, ਕੰਨਿਅੰਬਾਟਾ, ਪਡਨੀਜਾਤਰਾ, ਥੋਂਡਰਨਾਦ, ਇਡਵਾਕਾ ਅਤੇ ਮੁਲਾਨਕੋਲੀ ਗ੍ਰਾਮ ਪੰਚਾਇਤਾਂ ਦੇ ਕਬਰਿਸਤਾਨਾਂ ’ਚ ਉਚੇਚੇ ਤੌਰ ’ਤੇ ਇਸ ਸਬੰਧੀ ਪ੍ਰਬੰਧ ਕੀਤੇ ਗਏ ਹਨ। ਮੇਪਾਡੀ ਗ੍ਰਾਮ ਪੰਚਾਇਤ ’ਚ ਵੱਖ ਵੱਖ ਥਾਵਾਂ ’ਤੇ 74 ਅਣਪਛਾਤੀਆਂ ਲਾਸ਼ਾਂ ਰੱਖੀਆਂ ਗਈਆਂ ਹਨ ਅਤੇ ਉਹ ਦਫ਼ਨਾਉਣ ਲਈ ਸਬੰਧਤ ਅਧਿਕਾਰੀਆਂ ਹਵਾਲੇ ਕੀਤੀਆਂ ਜਾਣਗੀਆਂ। -ਪੀਟੀਆਈ