ਮਨਮੋਹਨ ਸਿੰਘ ਦੇ ਦੇਹਾਂਤ ਨਾਲ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਦਸੰਬਰ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਦੇ ਦੇਹਾਂਤ ਦੀ ਖਬਰ ਸੁਣਦੇ ਹੀ ਦਿੱਲੀ ਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ। ਕੌਮੀ ਰਾਜਧਾਨੀ ਦੇ ਵੱਖ ਵੱਖ ਵਰਗਾਂ ਵਿੱਚ ਉਨ੍ਹਾਂ ਦੀ ਮਕਬੂਲੀਅਤ ਇੰਨੀ ਸੀ ਕਿ ਹਰ ਕੋਈ ਉਨ੍ਹਾਂ ਨੂੰ ਆਪਣਾ ਸਮਝਦਾ ਸੀ। ਉਹ ਅਕਸਰ ਦਿੱਲੀ ਦੇ ਪੰਜਾਬੀ ਭਾਈਚਾਰੇ ਦੇ ਸਮਾਗਮਾਂ ਵਿੱਚ ਸ਼ਿਰਕਤ ਕਰਦੇ ਅਤੇ ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਕਰਵਾਏ ਗਏ ਸਮਾਗਮਾਂ ਵਿੱਚ ਵੀ ਹਾਜ਼ਰ ਹੁੰਦੇ ਸਨ। ਉਹ ਇਸ ਸਦਨ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਸਨ। ਉਨ੍ਹਾਂ ਦੇ ਦਿੱਲੀ ਦੇ ਸਿੱਖ ਸਿਆਸੀ ਆਗੂਆਂ ਨਾਲ ਗੂੜ੍ਹੇ ਸਬੰਧ ਸਨ ਅਤੇ ਅਕਸਰ ਸਿਆਸੀ ਆਗੂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਾਲੀ ਕੋਠੀ ਵਿੱਚ ਮਿਲਦੇ ਰਹਿੰਦੇ ਸਨ। ਸਿੱਖ ਧਾਰਮਿਕ ਸਮਾਗਮਾਂ ਦੌਰਾਨ ਵੀ ਮਨਮੋਹਨ ਸਿੰਘ ਦਿੱਲੀ ਦੇ ਇਤਿਹਾਸਿਕ ਗੁਰਦੁਆਰਿਆਂ ਵਿੱਚ ਅਕਸਰ ਮੱਥਾ ਟੇਕਣ ਜਾਂਦੇ ਸਨ।
ਪੰਜਾਬੀ ਸਾਹਿਤ ਸਭਾ ਦੀ ਚੇਅਰਪਰਸਨ ਡਾ. ਰੇਣੂਕਾ ਸਿੰਘ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਨੂੰ ਉਨ੍ਹਾਂ ਦੀ ਸਾਦਗੀ ਅਤੇ ਦੇਸ਼ ਦੀ ਆਰਥਿਕਤਾ ਨੂੰ ਨਵੀਂ ਦਿਸ਼ਾ ਦੇਣ ਲਈ ਜਾਣਿਆ ਜਾਂਦਾ ਰਹੇਗਾ। ਪੰਜਾਬੀ ਲੇਖਕ ਬਲਵੀਰ ਮਾਧੋਪੁਰੀ ਮੁਤਾਬਿਕ ਉਹ ਪੰਜਾਬੀ ਲੇਖਕਾਂ ਦੀਆਂ ਚੰਗੀਆਂ ਕਿਰਤਾਂ ਨੂੰ ਯਾਦ ਰੱਖਦੇ ਸਨ। ਡਾਕਟਰ ਰਵੇਲ ਸਿੰਘ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਨੇ ਆਪਣੇ ਕਾਰਜਕਾਲ ਦੌਰਾਨ ਦਿੱਲੀ ਦੇ ਕਈ ਪੰਜਾਬੀ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਸੀ। ਪ੍ਰਸਿੱਧ ਸਨਅਤਕਾਰ ਰਘਵੀਰ ਜੌੜਾ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਖਾਂ ਦੇ ਇੱਕ ਵਫ਼ਦ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਮੌਕਾ ਮਿਲਦਾ ਰਿਹਾ ਸੀ ਅਤੇ ਉਹ ਬੜੇ ਨਿੱਘ ਨਾਲ ਦਿੱਲੀ ਦੇ ਸਿੱਖ ਭਾਈਚਾਰੇ ਦੇ ਵਫਦ ਨੂੰ ਜੀ ਆਇਆਂ ਕਹਿੰਦੇ ਸਨ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਸਾਥੀਆਂ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਦੀ ਮ੍ਰਿਤਕ ਦੇਹ ਉਪਰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਮਨਮੋਹਨ ਸਿੰਘ ਨੂੰ ਭਾਰਤ ਰਤਨ ਦਿੱਤਾ ਜਾਵੇ: ਸਾਹਨੀ
ਪੰਜਾਬ ਤੋਂ ਰਾਜ ਸਭਾ ਮੈਂਬਰ ਡਾ: ਵਿਕਰਮਜੀਤ ਸਿੰਘ ਸਾਹਨੀ ਨੇ ਭਾਰਤ ਦੇ ਆਰਥਿਕ ਅਤੇ ਸਮਜਿਕ ਵਿਕਾਸ ਵਿਚ ਯੋਗਦਾਨ ਪਾਉਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਭਾਰਤ ਦੇ ਸਰਵਉਚ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ ਹੈ। ਡਾ. ਸਾਹਨੀ ਨੇ ਕਿਹਾ ਕਿ ਡਾ: ਮਨਮੋਹਨ ਸਿੰਘ ਆਧੁਨਿਕ ਭਾਰਤ ਦੇ ਅਰਥਚਾਰੇ ਦੇ ਨਿਰਮਾਤਾ ਸਨ। 1991 ਦੇ ਆਰਥਿਕ ਸੁਧਾਰਾਂ ਨੇ ਭਾਰਤ ਨੂੰ ਵਿਸ਼ਵ ਮਹਾਂਸ਼ਕਤੀ ਵਿੱਚ ਬਦਲ ਦਿੱਤਾ ਸੀ। ਡਾ: ਸਾਹਨੀ ਨੇ ਕਿਹਾ ਕਿ ਡਾ: ਮਨਮੋਹਨ ਸਿੰਘ ਅਗਾਂਹਵਧੂ ਵਿਚਾਰਾਂ ਵਾਲੇ ਆਗੂ ਸਨ।
ਪੁਰਾਣੀ ਦਿੱਲੀ ਆਉਂਦੇ-ਜਾਂਦੇ ਸਨ ਸਾਬਕਾ ਪ੍ਰਧਾਨ ਮੰਤਰੀ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਪੁਰਾਣੀ ਦਿੱਲੀ ਨਾਲ ਡੂੰਘਾ ਸਬੰਧ ਸੀ। ਉਹ ਲਗਾਤਾਰ 15 ਸਾਲ ਤੱਕ ਹਰ ਸਾਲ ਪੁਰਾਣੀ ਦਿੱਲੀ ਵਿੱਚ ਰਾਮਲੀਲਾ ਦਾ ਮੰਚਨ ਦੇਖਣ ਲਈ ਆਉਂਦੇ ਰਹੇ। ਹਾਲਾਂਕਿ 2020 ਵਿੱਚ ਕਰੋਨਾ ਮਹਾਂਮਾਰੀ ਕਾਰਨ ਦਿੱਲੀ ਵਿੱਚ ਰਾਮਲੀਲਾ ਦਾ ਮੰਚਨ ਨਹੀਂ ਕੀਤਾ ਗਿਆ ਅਤੇ ਮੈਦਾਨ ਸੁੰਨਸਾਨ ਹੀ ਰਿਹਾ। ਇਸ ਦੌਰਾਨ ਉਨ੍ਹਾਂ ਦਾ ਰਾਮਲੀਲਾ ’ਚ ਆਉਣ ਦਾ ਸਿਲਸਿਲਾ ਟੁੱਟ ਗਿਆ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 2004 ਤੋਂ 2013 ਤੱਕ ਉਹ ਹਰ ਦਸਹਿਰੇ ’ਤੇ ਰਾਮਲੀਲਾ ਮੈਦਾਨ ਵਿਚ ਹੋਣ ਵਾਲੇ ਰਾਮਲੀਲਾ ਸਮਾਗਮ ’ਚ ਆਉਂਦੇ ਸਨ। ਰਾਮਲੀਲਾ ਕਮੇਟੀ ਦੇ ਸਾਬਕਾ ਸਰਪ੍ਰਸਤ ਅਤੇ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਲੋਕ ਸਭਾ ਮੈਂਬਰ ਰਹੇ ਜੈਪ੍ਰਕਾਸ਼ ਅਗਰਵਾਲ ਦਾ ਕਹਿਣਾ ਹੈ ਕਿ ਉਹ ਰਾਮਲੀਲਾ ਸਮਾਗਮ ਵਿੱਚ ਸ਼ਰਧਾ ਨਾਲ ਹਿੱਸਾ ਲੈਂਦੇ ਸਨ।