For the best experience, open
https://m.punjabitribuneonline.com
on your mobile browser.
Advertisement

ਪੁਲੀਸ ਜਾਂਚ ਤੇ ਵਿਭਾਗੀ ਕਾਰਵਾਈ ’ਚ ਫਸਿਆ ਪਾਣੀ ਚੋਰੀ ਦਾ ਮਾਮਲਾ

07:24 AM Jul 31, 2024 IST
ਪੁਲੀਸ ਜਾਂਚ ਤੇ ਵਿਭਾਗੀ ਕਾਰਵਾਈ ’ਚ ਫਸਿਆ ਪਾਣੀ ਚੋਰੀ ਦਾ ਮਾਮਲਾ
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 30 ਜੁਲਾਈ
ਮਹਿਰਾਜਪੁਰ ਰਜਵਾਹੇ ਵਿੱਚੋਂ ਨਹਿਰੀ ਪਾਣੀ ਚੋਰੀ ਦਾ ਮਾਮਲਾ ਪੁਲੀਸ ਜਾਂਚ ਤੇ ਵਿਭਾਗੀ ਕਾਰਵਾਈ ਵਿੱਚ ਫਸ ਗਿਆ ਹੈ। ਨਹਿਰ ਵਿਭਾਗ ਗਿੱਦੜਬਾਹਾ ਨੇ ਲੰਘੀ 25 ਜੁਲਾਈ ਨੂੰ ਡੀਐਸਪੀ ਲੰਬੀ ਕੋਲ ਦੋ ਲਿਖਤੀ ਸ਼ਿਕਾਇਤਾਂ ਭੇਜੀਆਂ ਹੋਈਆਂ ਹਨ। ਫਤਿਹਪੁਰ ਮਨੀਆਂ ਤੇ ਸਹਿਣਾਖੇੜਾ ਦੇ 2 ਕਿਸਾਨਾਂ ‘ਤੇ ਨਹਿਰ ਵਿੱਚੋਂ ਨਾਜਾਇਜ਼ ਆਬਪਾਸੀ ਦੇ ਦੋਸ਼ ਹਨ। 21 ਜੁਲਾਈ ਨੂੰ ਰਾਤ ਸਮੇਂ ਮਹਿਰਾਜਪੁਰ ਰਜਵਾਹੇ ’ਚ ਝੋਨੇ ਲਈ ਨਹਿਰੀ ਪਾਣੀ ਦੀ ਕਿੱਲਤ ਝੱਲ ਰਹੇ ਸੀਤੋ ਗੁਨੋ, ਖੇਮਾਖੇੜਾ ਤੇ ਮਹਿਰਾਜਪੁਰਾ ਦੇ ਕਿਸਾਨਾਂ ਨੇ ਪਾਣੀ ਚੋਰੀ ਫੜ ਕੇ ਨਹਿਰੀ ਵਿਭਾਗ ਨੂੰ ਰਿਪੋਰਟ ਕੀਤੀ ਸੀ। ਦੱਸਿਆ ਜਾਂਦਾ ਕਿ ਮੌਕੇ ’ਤੇ ਦੋਵੇਂ ਧਿਰਾਂ ਤਕਰਾਰਬਾਜ਼ੀ ਦੀ ਇੱਕ ਵਾਇਰਲ ਵੀਡੀਓ ਵੀ ਹੋਈ ਹੈ। ਕਥਿਤ ਸਿਆਸੀ ਦਬਾਅ ਤਹਿਤ ਮੱਠੀ ਪੁਲੀਸ ਕਾਰਵਾਈ ਖਿਲਾਫ਼ ਪ੍ਰਭਾਵਿਤ ਕਿਸਾਨਾਂ ’ਚ ਭਾਰੀ ਰੋਸ ਹੈ। ਇਹ ਕਿਸਾਨ ਕੱਲ੍ਹ ਲੰਬੀ ਥਾਣੇ ਮੂਹਰੇ ਵੀ ਇਕੱਠੇ ਹੋਏ ਸਨ। ਮਹਿਰਾਜਪੁਰ ਦੇ ਕਿਸਾਨ ਪ੍ਰਸ਼ਾਂਤ ਬਿਸ਼ਨੋਈ, ਸਰਪੰਚ ਪ੍ਰਤੀਨਿਧੀ ਅਜੀਤ ਗੋਦਾਰਾ, ਸੱਤਿਆਜੀਤ, ਕਮਲ, ਤੇਜਕੰਵਲ ਤੇ ਅਸ਼ਵਨੀ ਸੀਤੋ ਗੁਣੋ ਤੇ ਪੁਨੀਤ ਖੁੱਬਣ ਨੇ ਦੱਸਿਆ ਕਿ 21 ਜੁਲਾਈ ਦੀ ਰਾਤ ਨੂੰ ਅਚਨਚੇਤ ਮਾਈਨਰ ਦੇ ਹਿੱਸੇਦਾਰ ਕਿਸਾਨਾਂ ਦਾ ਪਾਣੀ ਘਟ ਗਿਆ ਸੀ। ਉਹ ਕਾਰਨ ਜਾਣਨ ਗੇੜਾ ਮਾਰਨ ਗਏ ਤਾਂ ਮਾਇਨਰ ਦੀ ਬੁਰਜੀ 7261/ਖੱਬਾ ਤੇ ਬੁਰਜੀ 21150/ਖੱਬਾ ਉੱਪਰ 5-6 ਇੰਚ ਮੋਟੀਆਂ ਪਾਈਪਾਂ ਜਰੀਏ ਆਬਪਾਸੀ ਕਰਦੇ ਕਿਸਾਨਾਂ ਨੂੰ ਫੜ ਲਿਆ ਸੀ। ਬਿਸ਼ਨੋਈ ਨੇ ਦੋਸ਼ ਲਗਾਇਆ ਕਿ ਸਿਆਸੀ ਦਬਾਅ ਕਾਰਨ ਵਿਭਾਗੀ ਸ਼ਿਕਾਇਤ ‘ਤੇ ਕਾਰਵਾਈ ਨਹੀਂ ਹੋ ਰਹੀ, ਸਗੋਂ ਮਾਮਲੇ ਦਾ ਰੁੱਖ ਬਦਲਣ ਲਈ ਪੈਰਵੀਕਾਰ ਕਿਸਾਨਾਂ ਖਿਲਾਫ਼ 24 ਜੁਲਾਈ ਨੂੰ ਜਾਤੀਸੂਚਕ ਧਾਰਾਵਾਂ ਸਬੰਧੀ ਬੇਬੁਨਿਆਦ ਦਰਖ਼ਾਸਤ ਜ਼ਰੀਏ ਸਮਝੌਤੇ ਦਾ ਦਬਾਅ ਬਣਾਇਆ ਜਾ ਰਿਹਾ ਹੈ। ਕਿਸਾਨਾਂ ਨੇ ਕਾਰਵਾਈ ਨਾ ਹੋਣ ‘ਤੇ ਐਸਐਸਪੀ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਮੂਹਰੇ ਧਰਨੇ ਦੀ ਚਿਤਾਵਨੀ ਦਿੱਤੀ ਹੈ। ਨਹਿਰੀ ਐਸਡੀਓ ਨੇ ਪਾਣੀ ਦੀ ਆਬਪਾਸੀ ਬਾਰੇ ਡੀਐਸਪੀ ਲੰਬੀ ਨੂੰ ਸ਼ਿਕਾਇਤਾਂ ਭੇਜੇ ਜਾਣ ਦੀ ਪੁਸ਼ਟੀ ਕੀਤੀ ਹੈ।
ਲੰਬੀ ਦੇ ਡੀਐਸਪੀ ਫਤਿਹ ਸਿੰਘ ਬਰਾੜ ਦਾ ਕਹਿਣਾ ਸੀ ਕਿ ਨਹਿਰ ਵਿਭਾਗ ਵੱਲੋਂ ਜਾਂਚ ਕਰਕੇ ਸਹੀ ਵਿਭਾਗੀ ਰਾਹੀਂ ਪੱਤਰ ਭੇਜਿਆ ਜਾਵੇ, ਉਸ ਮੁਤਾਬਕ ਅਗਾਂਹ ਕਾਰਵਾਈ ਕਰਾਂਗੇ। ਲੰਬੀ ਥਾਣਾ ਦੇ ਮੁਖੀ ਪਰਮਜੀਤ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

sukhwinder singh

View all posts

Advertisement