For the best experience, open
https://m.punjabitribuneonline.com
on your mobile browser.
Advertisement

ਦਿੱਲੀ ’ਚ ਲਗਾਤਾਰ ਘਟ ਰਹੀ ਹੈ ਪਾਣੀ ਦੀ ਸਪਲਾਈ: ਆਤਿਸ਼ੀ

08:07 AM Jun 15, 2024 IST
ਦਿੱਲੀ ’ਚ ਲਗਾਤਾਰ ਘਟ ਰਹੀ ਹੈ ਪਾਣੀ ਦੀ ਸਪਲਾਈ  ਆਤਿਸ਼ੀ
ਸ਼ਾਲੀਮਾਰ ਬਾਗ ਵਿੱਚ ਟੈਂਕਰ ’ਚੋਂ ਪਾਣੀ ਭਰਨ ਲਈ ਵਾਰੀ ਦੀ ਉਡੀਕ ਕਰਦੇ ਹੋਏ ਲੋਕ। -ਫੋਟੋ: ਪੀਟੀਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਜੂਨ
ਦਿੱਲੀ ਸਰਕਾਰ ਦੀ ਜਲ ਮੰਤਰੀ ਆਤਿਸ਼ੀ ਨੇ ਅੱਜ ਕਿਹਾ ਕਿ ਯਮੁਨਾ ’ਚ ਘੱਟ ਪਾਣੀ ਪਹੁੰਚਣ ਕਾਰਨ ਦਿੱਲੀ ’ਚ ਪਾਣੀ ਦੀ ਸਪਲਾਈ ਲਗਾਤਾਰ ਘਟ ਰਹੀ ਹੈ। ਆਮ ਆਦਮੀ ਪਾਰਟੀ (ਆਪ) ਹਰਿਆਣਾ ’ਤੇ ਆਪਣੇ ਹਿੱਸੇ ਦਾ ਪਾਣੀ ਦਿੱਲੀ ਨੂੰ ਨਾ ਦੇਣ ਦਾ ਦੋਸ਼ ਲਾ ਰਹੀ ਹੈ। ਆਤਿਸ਼ੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਯਮੁਨਾ ਵਿੱਚ ਘੱਟ ਪਾਣੀ ਪਹੁੰਚਣ ਕਾਰਨ ਦਿੱਲੀ ’ਚ ਪਾਣੀ ਦੀ ਸਪਲਾਈ ਲਗਾਤਾਰ ਘੱਟ ਰਹੀ ਹੈ। ਆਮ ਹਾਲਤ ਵਿੱਚ ਦਿੱਲੀ ’ਚ 1005 ਐੱਮਜੀਡੀ (ਮਿਲੀਅਨ ਗੈਲਨ ਪ੍ਰਤੀ ਦਿਨ) ਪਾਣੀ ਦਾ ਉਤਪਾਦਨ ਹੁੰਦਾ ਹੈ ਪਰ ਪਿਛਲੇ ਇੱਕ ਹਫ਼ਤੇ ਤੋਂ ਇਸ ਵਿੱਚ ਲਗਾਤਾਰ ਕਮੀ ਆ ਰਹੀ ਹੈ। ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਾਣੀ ਦੀ ਵਰਤੋਂ ਬਹੁਤ ਹੀ ਕਿਫ਼ਾਇਤੀ ਤਰੀਕੇ ਨਾਲ ਕੀਤੀ ਜਾਵੇ।’’ ਕੁਝ ਅੰਕੜੇ ਸਾਂਝੇ ਕਰਦਿਆਂ ਮੰਤਰੀ ਨੇ ਕਿਹਾ ਕਿ 6 ਜੂਨ ਨੂੰ ਪਾਣੀ ਦਾ ਉਤਪਾਦਨ 1002 ਐੱਮਜੀਡੀ ਸੀ ਜੋ ਅਗਲੇ ਦਿਨ ਭਾਵ 7 ਜੂਨ ਨੂੰ 993 ਐੱਮਜੀਡੀ ਅਤੇ 8 ਜੂਨ ਨੂੰ 990 ਐੱਮਜੀਡੀ ਹੋ ਗਿਆ। 9 ਜੂਨ ਨੂੰ ਇਹ 978 ਐੱਮਜੀਡੀ, 10 ਜੂਨ ਨੂੰ 958 ਐੱਮਜੀਡੀ, 11 ਜੂਨ ਨੂੰ 919, 12 ਜੂਨ ਨੂੰ 951 ਅਤੇ 13 ਜੂਨ ਨੂੰ 939 ਐੱਮਜੀਡੀ ਸੀ। ਉਧਰ ਪੁਲੀਸ ਨੇ ਮੂਨਕ ਨਹਿਰ ਤੋਂ ਕਥਿਤ ਤੌਰ ’ਤੇ ਪਾਣੀ ਚੋਰੀ ਕਰਨ ਦੇ ਦੋਸ਼ ਹੇਠ ਦੋ ਟੈਂਕਰ ਜ਼ਬਤ ਕੀਤੇ ਹਨ। ਦਿੱਲੀ ਦੀ ਜਲ ਮੰਤਰੀ ਆਤਿਸ਼ੀ ਵੱਲੋਂ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਪੱਤਰ ਲਿਖ ਕੇ ਦਿੱਲੀ ਜਲ ਬੋਰਡ (ਡੀਜੇਬੀ) ਦੇ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਜਾਂਚ ਦੀ ਅਪੀਲ ਕੀਤੇ ਜਾਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਆਤਿਸ਼ੀ ਨੇ ਦੋਸ਼ ਲਾਇਆ ਸੀ ਕਿ ਇਨ੍ਹਾਂ ਅਧਿਕਾਰੀਆਂ ਦੀ ‘ਟੈਂਕਰ ਮਾਫੀਆ’ ਨਾਲ ਮਿਲੀਭੁਗਤ ਹੋ ਸਕਦੀ ਹੈ। ਜਲ ਮੰਤਰੀ ਦੇ ਦੋਸ਼ਾਂ ਦੇ ਜਵਾਬ ਵਿੱਚ ਐਲਜੀ ਦੇ ਦਫਤਰ ਨੇ ਕਿਹਾ ਕਿ ਦਿੱਲੀ ਵਿੱਚ ਵੱਡੇ ਪੱਧਰ ’ਤੇ ਚੱਲ ਰਹੇ ਪਾਣੀ ਮਾਫੀਆ ਬਾਰੇ ਜਾਣਨ ਦੇ ਬਾਵਜੂਦ ਡੀਜੇਬੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਨਹੀਂ ਕੀਤੀ ਤੇ ਨਾ ਹੀ ਐੱਲਜੀ ਸਕੱਤਰੇਤ ਨੂੰ ਕਾਰਵਾਈ ਦੀ ਅਪੀਲ ਕੀਤੀ।

Advertisement

ਆਤਿਸ਼ੀ ਵੱਲੋਂ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼: ਸਚਦੇਵਾ

ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਇਹ ਅਫਸੋਸ ਦੀ ਗੱਲ ਹੈ ਕਿ ਅੱਧੀ ਤੋਂ ਵੱਧ ਦਿੱਲੀ ਪਾਣੀ ਦੇ ਸੰਕਟ ਨਾਲ ਜੂਝ ਰਹੀ ਹੈ ਅਤੇ ਸਬੰਧਤ ਜਲ ਮੰਤਰੀ ਅੰਕੜੇ ਅਤੇ ਸੋਸ਼ਲ ਮੀਡੀਆ ’ਤੇ ਪੋਸਟ ਵਿੱਚ ਪਾਣੀ ਦੀ ਚੋਰੀ ਰੋਕਣ ਦੀ ਬਜਾਏ ਫਰਜ਼ੀ ਬਿਆਨ ਦੇ ਕੇ ਦਿੱਲੀ ਵਾਸੀਆਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਆਮ ਦਿਨਾਂ ਵਿਚ ਦਿੱਲੀ ਵਿਚ ਪਾਣੀ ਦੀ ਚੋਰੀ ਅਤੇ ਲੀਕੇਜ ਦਾ ਨੁਕਸਾਨ 54 ਫੀਸਦ ਹੁੰਦਾ ਹੈ ਪਰ ਅੱਜ ਇਹ 75 ਫੀਸਦ ਹੈ।

ਸੰਜੈ ਸਿੰਘ ਨੇ ਭਾਜਪਾ ਸੰਸਦ ਮੈਂਬਰਾਂ ਦੀ ਖਾਮੋਸ਼ੀ ’ਤੇ ਸਵਾਲ ਉਠਾਏ

‘ਆਪ’ ਆਗੂ ਸੰਜੈ ਸਿੰਘ ਨੇ ਰਾਜਧਾਨੀ ਵਿੱਚ ਚੱਲ ਰਹੇ ਪਾਣੀ ਦੇ ਸੰਕਟ ਦੌਰਾਨ ਦਿੱਲੀ ਤੋਂ ਭਾਜਪਾ ਦੇ ਸਾਰੇ ਸੱਤ ਲੋਕ ਸਭਾ ਮੈਂਬਰਾਂ ਵੱਲੋਂ ਇਸ ਮੁੱਦੇ ਪ੍ਰਤੀ ਚੁੱਪ ਸਾਧਣ ’ਤੇ ਸਵਾਲ ਉਠਾਇਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਜਨਤਾ ਨੇ ਭਾਜਪਾ ਦੇ ਸੱਤ ਸੰਸਦ ਮੈਂਬਰ ਚੁਣੇ ਹਨ ਫਿਰ ਵੀ ਹਰਿਆਣਾ ਦੀ ਭਾਜਪਾ ਸਰਕਾਰ ਦਿੱਲੀ ਦੇ ਲੋਕਾਂ ਨੂੰ ਸਜ਼ਾ ਦੇ ਰਹੀ ਹੈ। ਉਨ੍ਹਾਂ ਭਾਜਪਾ ਨੂੰ ਸਵਾਲ ਕੀਤਾ, “ਤੁਹਾਡੇ ਸੱਤ ਸੰਸਦ ਮੈਂਬਰ ਕਿੱਥੇ ਹਨ? ਪਾਣੀ ਪਿਆਉਣਾ ਪੁੰਨ ਦਾ ਕੰਮ ਹੈ। ਮੈਂ ਉਨ੍ਹਾਂ (ਭਾਜਪਾ ਦੇ) ਸੱਤ ਸੰਸਦ ਮੈਂਬਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਹਰਿਆਣਾ ਤੇ ਕੇਂਦਰ ਸਰਕਾਰ ਅਤੇ ਦਿੱਲੀ ਦੇ ਐੱਲਜੀ ਨੂੰ ਮਿਲ ਕੇ ਉਨ੍ਹਾਂ ਨੂੰ ਪਾਣੀ ਦੇ ਮੁੱਦੇ ’ਤੇ ਦਿੱਲੀ ਨਾਲ ਵਿਤਕਰਾ ਨਾ ਕਰਨ ਲਈ ਆਖਣ।’’

ਪਾਣੀ ਚੋਰੀ ਦੇ ਦੋਸ਼ ਹੇਠ ਦੋ ਟੈਂਕਰ ਜ਼ਬਤ

ਦਿੱਲੀ ਦੀ ਮੂਨਕ ਨਹਿਰ ਤੋਂ ਕਥਿਤ ਤੌਰ ’ਤੇ ਪਾਣੀ ਚੋਰੀ ਕਰਨ ਦੇ ਦੋਸ਼ ਹੇਠ ਦੋ ਟੈਂਕਰ ਜ਼ਬਤ ਕੀਤੇ ਗਏ ਹਨ। ਇਹ ਕਾਰਵਾਈ ਦਿੱਲੀ ਵਿੱਚ ਪਾਣੀ ਦੇ ਵਧਦੇ ਸੰਕਟ ਤੋਂ ਬਾਅਦ ਟੈਂਕਰ ਮਾਫੀਆ ਦੀਆਂ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਮੂਨਕ ਨਹਿਰ ਖੇਤਰ ’ਚ ਪੁਲੀਸ ਵੱਲੋਂ ਗਸ਼ਤ ਸ਼ੁਰੂ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਹੋਈ ਹੈ। ਪੁਲੀਸ ਅਧਿਕਾਰੀ ਨੇ ਕਿਹਾ, “ਅਸੀਂ ਨਹਿਰ ਵਿੱਚੋਂ ਪਾਣੀ ਚੋਰੀ ਕਰਨ ਵਾਲੇ ਦੋ ਟੈਂਕਰ ਜ਼ਬਤ ਕੀਤੇ ਹਨ। ਇਕ ਟੈਂਕਰ ਖੇਤ ਦੇ ਨੇੜੇ ‘ਕੱਚੀ ਸਦਰ’ ਤੋਂ ਅਤੇ ਦੂਜਾ ਡੀਐੱਸਆਈਆਈਡੀਸੀ ਡੀ-ਬਲਾਕ ਤੋਂ ਜ਼ਬਤ ਕੀਤਾ ਗਿਆ ਹੈ। ਅਸੀਂ ਬਵਾਨਾ ਤੇ ਨਰੇਲਾ ਇੰਡਸਟਰੀਅਲ ਏਰੀਆ (ਐਨਆਈਏ) ਥਾਣਿਆਂ ਵਿੱਚ ਵਾਤਾਵਰਨ ਸੁਰੱਖਿਆ ਐਕਟ ਤਹਿਤ ਦੋ ਕੇਸ ਦਰਜ ਕੀਤੇ ਹਨ।’’

Advertisement
Author Image

joginder kumar

View all posts

Advertisement
Advertisement
×