For the best experience, open
https://m.punjabitribuneonline.com
on your mobile browser.
Advertisement

ਧਾਰ ਕਲਾਂ ਬਲਾਕ ਦੇ ਨੀਮ ਪਹਾੜੀ ਇਲਾਕੇ ਵਿੱਚ ਪਾਣੀ ਦੀ ਕਿੱਲਤ ਸ਼ੁਰੂ

06:54 AM Apr 11, 2024 IST
ਧਾਰ ਕਲਾਂ ਬਲਾਕ ਦੇ ਨੀਮ ਪਹਾੜੀ ਇਲਾਕੇ ਵਿੱਚ ਪਾਣੀ ਦੀ ਕਿੱਲਤ ਸ਼ੁਰੂ
ਪਾਣੀ ਦੀ ਸਮੱਸਿਆ ਬਾਰੇ ਦੱਸਦੇ ਹੋਏ ਸਥਾਨਕ ਵਸਨੀਕ।
Advertisement

ਐੱਨ ਪੀ ਧਵਨ
ਪਠਾਨਕੋਟ, 10 ਅਪਰੈਲ
ਗਰਮੀਆਂ ਸ਼ੁਰੂ ਹੁੰਦੇ ਸਾਰ ਹੀ ਧਾਰ ਕਲਾਂ ਬਲਾਕ ਦੇ ਨੀਮ ਪਹਾੜੀ ਖੇਤਰ ਦੇ ਪਿੰਡਾਂ ਵਿੱਚ ਪਾਣੀ ਦੀ ਕਿੱਲਤ ਹੋਣੀ ਸ਼ੁਰੂ ਹੋ ਗਈ ਹੈ। ਮਜਬੂਰੀ ਵਿੱਚ ਲੋਕਾਂ ਨੂੰ ਪੀਣ ਵਾਲਾ ਪਾਣੀ ਲੈਣ ਲਈ ਕੁਦਰਤੀ ਸਰੋਤ ਬਾਉਲੀਆਂ ਉਪਰ ਨਿਰਭਰ ਹੋਣਾ ਪੈ ਰਿਹਾ ਹੈ। ਕੁੱਲ 60 ਦੇ ਕਰੀਬ ਬਾਉਲੀਆਂ ਵਿੱਚੋਂ ਸਿਰਫ 3-4 ਹੀ ਬਾਉਲੀਆਂ ਐਸੀਆਂ ਹਨ ਜੋ ਸਾਰਾ ਸਾਲ ਚੱਲਦੀਆਂ ਰਹਿੰਦੀਆਂ ਹਨ। ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਲੈ ਕੇ ਵਾਟਰ ਸਪਲਾਈ ਵਿਭਾਗ ਕਰੋੜਾਂ ਰੁਪਏ ਇਸ ਖੇਤਰ ਵਿੱਚ ਖਰਚ ਚੁੱਕਾ ਹੈ, ਪਰ ਅਜੇ ਵੀ ਵਿਭਾਗ ਪਿੰਡਾਂ ਨੂੰ ਪੀਣ ਵਾਲਾ ਸਾਫ਼ ਪਾਣੀ ਪੂਰੀ ਮਾਤਰਾ ਵਿੱਚ ਮੁਹੱਈਆ ਨਹੀਂ ਕਰਵਾ ਸਕਿਆ। ਜ਼ਿਕਰਯੋਗ ਹੈ ਕਿ ਇਹ ਸਾਰੇ ਪਿੰਡ ਰਣਜੀਤ ਸਾਗਰ ਡੈਮ ਦੀ ਝੀਲ ਦੇ ਕਿਨਾਰੇ ਪੈਂਦੇ ਹਨ, ਜਿਸ ਵਿੱਚ ਸਾਰਾ ਸਾਲ ਪਾਣੀ ਭਾਰੀ ਮਾਤਰਾ ਵਿੱਚ ਰਹਿੰਦਾ ਹੈ। ਪਿੰਡ ਦਰਬਾਨ ਦੀ ਮੌਜੂਦਾ ਸਰਪੰਚ ਆਸ਼ਾ ਕੁਮਾਰੀ, ਬਲਕਾਰ ਸਿੰਘ, ਰਾਧਾ, ਪ੍ਰਿਅੰਕਾ, ਰਵਿੰਦਰ ਸਿੰਘ, ਕੁਲਦੀਪ ਸਿੰਘ, ਨਰੋਤਮ, ਕਰਤਾਰ ਸਿੰਘ, ਨੰਦ ਲਾਲ, ਹਰਨਾਮ ਸਿੰਘ, ਸਵਿਤਾ ਦੇਵੀ, ਗੁੱਡੋ, ਰਾਣੀ, ਕਾਂਤਾ ਦੇਵੀ, ਸ਼ਿਵਾਨੀ ਦੇਵੀ ਆਦਿ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡਾਂ ਦਰਬਾਨ, ਦੁਖ ਨਿਆਲੀ, ਬਾੜ ਸੁਡਾਲ ਨੂੰ ਬਖਤਪੁਰ ਦੀ ਵਾਟਰ ਸਪਲਾਈ ਤੋਂ ਪਾਣੀ ਮਿਲਦਾ ਹੈ, ਪਰ ਇੱਕ ਦਿਨ ਆਉਂਦਾ ਤੇ ਫਿਰ ਅਗਲੇ ਦਿਨ ਨਹੀਂ ਆਉਂਦਾ ਤੇ ਤੀਸਰੇ ਦਿਨ ਜਾ ਕੇ ਦੁਬਾਰਾ ਪਾਣੀ ਆਉਂਦਾ ਹੈ।
ਉਨ੍ਹਾਂ ਨੂੰ ਮਜਬੂਰੀਵੱਸ ਸਕੂਲ ਕੋਲੋਂ 2 ਕਿਲੋਮੀਟਰ ਦੂਰ ਕੁਦਰਤੀ ਬਾਉਲੀ ਤੋਂ ਪਾਣੀ ਢੋਹਣਾ ਪੈਂਦਾ ਹੈ। ਵਾਟਰ ਸਪਲਾਈ ਵਿਭਾਗ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਝੀਲ ਦੇ ਪਾਣੀ ਨੂੰ ਟਰੀਟਮੈਂਟ ਕਰ ਕੇ ਪਿੰਡਾਂ ਨੂੰ ਸਪਲਾਈ ਕਰਨ ਲਈ ਇੱਕ ਯੋਜਨਾ ਬਣਾ ਕੇ ਸਰਕਾਰ ਨੂੰ ਭੇਜੀ ਗਈ ਹੈ ਜਿਸ ’ਤੇ 250 ਕਰੋੜ ਰੁਪਏ ਦੇ ਕਰੀਬ ਖਰਚਾ ਆਵੇਗਾ। ਇਹ ਯੋਜਨਾ ਅਜੇ ਮਨਜ਼ੂਰ ਨਹੀਂ ਹੋਈ।

Advertisement

ਫਿਲਟਰੇਸ਼ਨ ਪਲਾਂਟ ਤੋਂ ਨਹੀਂ ਮਿਲਦਾ ਸਾਫ਼ ਪਾਣੀ

ਪਿੰਡ ਚਿੱਬੜ, ਮਾੜਵਾਂ, ਪਤਰਾਲਵਾਂ, ਸ਼ਤੀਨ, ਕਸ਼ੀੜ, ਬਰੋਟੂ, ਅਠਾਰਵਾਂ, ਤਰੋਟਵਾਂ, ਗੁਨੇਰਾ, ਪੱਟਾ, ਨਲੋਹ, ਦਰਕੂਆ ਬੰਗਲਾ ਤੇ ਨਾਰੋਬੜ ਨੂੰ ਚਿੱਬੜ ਵਿੱਚ ਲੱਗੇ ਫਿਲਟਰੇਸ਼ਨ ਪਲਾਂਟ ਦੇ ਸਪਲਾਈ ਪਲਾਂਟ ਤੋਂ ਮਿਲਦੀ ਹੈ। ਇਸ ਪਲਾਂਟ ਵਿੱਚ ਡੈਮ ਦੀ ਝੀਲ ਵਿੱਚੋਂ ਪਾਣੀ ਲਿਫਟ ਕਰ ਕੇ ਫਿਲਟਰ ਕੀਤਾ ਜਾਂਦਾ ਹੈ ਤੇ ਫਿਰ ਪਿੰਡਾਂ ਨੂੰ ਸਪਲਾਈ ਕੀਤਾ ਜਾਂਦਾ ਹੈ ਪਰ ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਤਾਂ ਪਾਣੀ ਪੀਣਯੋਗ ਨਹੀਂ ਹੁੰਦਾ ਭਾਵ ਗੰਧਲਾ ਹੁੰਦਾ ਹੈ ਤੇ ਦੂਸਰਾ ਪੂਰਾ ਸਮਾਂ ਨਹੀਂ ਮਿਲਦਾ ਭਾਵ 1:30 ਘੰਟਾ ਹੀ ਪਾਣੀ ਦੀ ਸਪਲਾਈ ਮਿਲਦੀ ਹੈ। ਫਿਲਟਰੇਸ਼ਨ ਪਲਾਂਟ ’ਤੇ ਤਾਇਨਾਤ ਮੁਲਾਜ਼ਮ ਥੁੜੂ ਰਾਮ ਦਾ ਕਹਿਣਾ ਸੀ ਕਿ ਕਲੋਰੀਨੇਸ਼ਨ ਕਰਨ ਲਈ ਬਲੀਚਿੰਗ ਪਾਊਡਰ ਖਤਮ ਹੋਣ ਕਰਕੇ ਫਟਕੜੀ ਪਾ ਕੇ ਗੁਜ਼ਾਰਾ ਚਲਾਇਆ ਜਾਂਦਾ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਸੀ ਕਿ ਪਲਾਂਟ ਤੋਂ ਜੋ ਪਾਈਪਾਂ ਜ਼ਮੀਨ ਵਿੱਚ ਅੰਡਰ ਗਰਾਊਂਡ ਵਿਛਾਈਆਂ ਹੋਈਆਂ ਹਨ, ਉਹ ਗਲ-ਸੜ ਚੁੱਕੀਆਂ ਤੇ ਕੰਡਮ ਹੋ ਚੁੱਕੀਆਂ ਹਨ ਜਿਸ ਕਰਕੇ ਸਾਫ਼ ਪਾਣੀ ਪਿੰਡਾਂ ਵਿੱਚ ਨਹੀਂ ਪੁੱਜਦਾ।

Advertisement
Author Image

sukhwinder singh

View all posts

Advertisement
Advertisement
×