ਜਲ ਸਰੋਤ ਮੰਤਰੀ ਵੱਲੋਂ ਮਾਈਨਿੰਗ ਸਾਈਟਾਂ ਦਾ ਦੌਰਾ
ਐੱਨਪੀ ਧਵਨ
ਪਠਾਨਕੋਟ, 10 ਅਕਤੂਬਰ
ਅੱਜ ਪੰਜਾਬ ਦੇ ਜਲ ਸਰੋਤ ਤੇ ਮਾਈਨਿੰਗ ਵਿਭਾਗ ਦੇ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਜ਼ਿਲ੍ਹਾ ਪਠਾਨਕੋਟ ਦਾ ਦੌਰਾ ਕੀਤਾ।
ਇਸ ਦੌਰੇ ਦੌਰਾਨ ਉਹ ਰਣਜੀਤ ਸਾਗਰ ਡੈਮ ਅਤੇ ਨਰੋਟ ਜੈਮਲ ਸਿੰਘ ਦੇ ਖੇਤਰ ਵਿੱਚ ਗਏ ਅਤੇ ਉੱਥੇ ਰਾਵੀ ਦਰਿਆ ਵਿੱਚ ਮਾਈਨਿੰਗ ਸਾਈਟਾਂ ਨੂੰ ਦੇਖਿਆ। ਇਸ ਮੌਕੇ ਡਿਪਟੀ ਕਮਿਸ਼ਨਰ ਆਦਿੱਤਿਆ ਉਪਲ, ਡੈਮ ਦੇ ਅਧਿਕਾਰੀ ਅਤੇ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਹਾਜ਼ਰ ਸਨ।
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੂੰ ਡੈਮ ਦੇ ਇੰਜਨੀਅਰਾਂ ਨੇ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰਕੰਢੀ ਡੈਮ ਦੇ ਚੱਲ ਰਹੇ ਕੰਮ ਬਾਰੇ ਜਾਣਕਾਰੀ ਦਿੱਤੀ। ਬਾਅਦ ਵਿੱਚ ਮੰਤਰੀ ਨੇ ਨਰੋਟ ਜੈਮਲ ਸਿੰਘ ਖੇਤਰ ਦੇ ਪਿੰਡ ਗੁਗਰਾਂ ਵਿੱਚ ਪੁੱਜ ਕੇ ਮਾਈਨਿੰਗ ਖੇਤਰ ਦਾ ਨਿਰੀਖਣ ਕੀਤਾ। ਕਰੱਸ਼ਰ ਮਾਲਕਾਂ ਨੇ ਮੰਤਰੀ ਨੂੰ ਖਣਨ ਬੰਦ ਹੋਣ ਨਾਲ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਇੱਕ ਬਿਹਤਰ ਪਾਲਸੀ ਬਣਾ ਕੇ ਕਰੱਸ਼ਰ ਇੰਡਸਟਰੀ ਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇਗਾ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਸਤੇ ਦਰਾਂ ਤੇ ਰੇਤਾ ਅਤੇ ਬੱਜਰੀ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਪ੍ਰਾਜੈਕਟ ਉਪਰ ਕੰਮ ਕੀਤਾ ਜਾ ਰਿਹਾ ਹੈ ਜਿਸ ਦੇ ਨਤੀਜੇ ਜਲਦੀ ਹੀ ਸਾਹਮਣੇ ਆ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜੰਮੂ-ਕਸ਼ਮੀਰ ਖੇਤਰ ਵਿੱਚੋਂ ਜੋ ਨਾਜਾਇਜ਼ ਰੂਪ ਨਾਲ ਖਣਨ ਮਟੀਰੀਅਲ ਆ ਰਿਹਾ ਹੈ, ਉਸ ’ਤੇ ਪਾਬੰਦੀ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।