ਤਹਿਸੀਲ ਕੰਪਲੈਕਸ ਦੀ ਪਾਰਕਿੰਗ ’ਚ ਪਾਣੀ ਭਰਿਆ
ਪੱਤਰ ਪ੍ਰੇਰਕ
ਪਾਇਲ, 5 ਜੁਲਾਈ
ਇੱਥੇ ਅੱਜ ਮੋਹਲੇਧਾਰ ਵਰਖਾ ਪੈਣ ਕਾਰਨ ਤਹਿਸੀਲ ਕੰਪਲੈਕਸ ਦੇ ਅੱਗੇ ਸੇਵਾ ਕੇਂਦਰ ਅਤੇ ਕਾਰ ਪਾਰਕਿੰਗ ਮੀਂਹ ਦੇ ਪਾਣੀ ਨਾਲ ਜਲ ਥਲ ਹੋ ਗਈ। ਜਿੱਥੇ ਕੋਰਟ ਵਿੱਚ ਤਾਰੀਕਾਂ ਭੁਗਤਣ ਆਏ ਲੋਕਾਂ ਨੂੰ ਪਾਣੀ ਵਿੱਚੋਂ ਲੰਘਣ ਸਮੇ ਮੁਸ਼ਕਲਾਂ ਆਈਆਂ ਉਥੇ ਕਾਰ ਪਾਰਕਿੰਗ ਵਿੱਚੋਂ ਗੱਡੀਆਂ ਕੱਢਣ ਸਮੇਂ ਵੀ ਲੋਕਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪਿਆ। ਕੋਰਟ ’ਚ ਤਾਰੀਕ ’ਤੇ ਆਏ ਬਲਜੀਤ ਸਿੰਘ ਮਲਕਪੁਰ ਨੇ ਦੱਸਿਆ ਕਿ ਤਹਿਸੀਲ ਦੇ ਵਿਹੜੇ ਵਿੱਚ ਭਾਰੀ ਪਾਣੀ ਜਮ੍ਹਾਂ ਹੋਣ ਕਾਰਨ ਲੋਕਾਂ ਨੂੰ ਕੋਰਟ ਵਿੱਚ ਜਾਣ ਵੇਲੇ ਭਾਰੀ ਮੁਸ਼ਕਲ ਆਈ ਅਤੇ ਔਰਤਾਂ ਨੂੰ ਵੀ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਤਹਿਸੀਲ ਅਤੇ ਸੇਵਾ ਕੇਂਦਰ ਵਿੱਚ ਕੰਮ ਕਰਵਾਉਣ ਆਏ ਲੋਕ ਪਾਰਕਿੰਗ ਵਿੱਚ ਪਾਣੀ ਭਰਨ ਕਾਰਨ ਲੋਕ ਜੁੱਤੀਆਂ ਹੱਥਾਂ ਵਿੱਚ ਚੁੱਕੀ ਫਿਰਦੇ ਦਿਖਾਈ ਦਿੱਤੇ। ਇੱਥੇ ਇਹ ਵੀ ਪਤਾ ਲੱਗਾ ਕਿ ਕੋਰਟ ਕੰਪਲੈਕਸ ਵਿੱਚ ਗੰਦੇ ਪਾਣੀ ਦੀ ਨਿਕਾਸੀ ਵਾਲਾ ਪਾਇਆ ਸੀਵਰੇਜ ਸਿਸਟਮ ਵੀ ਠੀਕ ਨਹੀਂ ਚੱਲ ਰਿਹਾ ਕਿਉਂਕਿ ਕੋਰਟ ਵਾਲਾ ਪਾਸਾ ਨੀਵਾਂ ਅਤੇ ਸੜਕ ਵਾਲੇ ਪਾਸਿਓ ਸੀਵਰੇਜ ਪਾਇਪ ਲਾਈਨ ਉਚਾਈ ’ਤੇ ਹੈ। ਇਸ ਸਬੰਧੀ ਐੱਸਡੀਐੱਮ ਪਾਇਲ ਜਸਲੀਨ ਕੌਰ ਭੁੱਲਰ ਨੇ ਕਿਹਾ ਕਿ ਪਾਣੀ ਨਿਕਾਸੀ ਦਾ ਪੱਕਾ ਹੀ ਹੱਲ ਕਰਨ ਲਈ (ਗਰਾਊਂਡ ਵਾਟਰ ਰੀਚਾਰਜ਼ ਸਿਸਟਮ) ਬੋਰ ਕਰਵਾਉਣ ਲਈ ਐਸਟੀਮੇਂਟ ਬਣਾ ਕੇ ਭੇਜਿਆ ਹੋਇਆ ਹੈ।