For the best experience, open
https://m.punjabitribuneonline.com
on your mobile browser.
Advertisement

ਦੋ ਦਿਨ ਪਹਿਲਾਂ ਅਗਵਾ ਹੋਇਆ ਕਾਰੋਬਾਰੀ ਪੁਲੀਸ ਨੇ ਲੱਭਿਆ

06:12 AM Nov 25, 2024 IST
ਦੋ ਦਿਨ ਪਹਿਲਾਂ ਅਗਵਾ ਹੋਇਆ ਕਾਰੋਬਾਰੀ ਪੁਲੀਸ ਨੇ ਲੱਭਿਆ
ਪੁਲੀਸ ਅਧਿਕਾਰੀ ਕਾਬੂ ਕੀਤੇ ਮੁਲਜ਼ਮ ਬਾਰੇ ਜਾਣਕਾਰੀ ਦਿੰਦੇ ਹੋਏ। -ਫੋਟੋ: ਇੰਦਰਜੀਤ ਵਰਮਾ
Advertisement

ਗੁਰਿੰਦਰ ਸਿੰਘ
ਲੁਧਿਆਣਾ, 24 ਨਵੰਬਰ
ਦੋ ਦਿਨ ਪਹਿਲਾਂ ਜਨਕਪੁਰੀ ਵਿੱਚ ਕਾਰ ਸਵਾਰ ਪੰਜ ਨੌਜਵਾਨਾਂ ਵੱਲੋਂ ਇੱਕ ਵਿਅਕਤੀ ਨੂੰ ਅਗਵਾ ਕਰਨ ਦਾ ਮਾਮਲਾ ਪੁਲੀਸ ਨੇ ਸੁਲਝਾ ਲਿਆ ਹੈ ਅਤੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਅਗਵਾ ਕੀਤੇ ਵਿਅਕਤੀ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਹੈ।
ਇਸ ਸਬੰਧ ਵਿੱਚ ਥਾਣਾ ਡਿਵੀਜ਼ਨ ਨੰਬਰ ਦੋ ਥਾਣੇ ਦੀ ਪੁਲੀਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਿਨ੍ਹਾਂ ਵਿੱਚੋਂ ਦੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਅਗਵਾਸ਼ੁਦਾ ਵਿਅਕਤੀ ਨੂੰ ਬਰਾਮਦ ਕੀਤਾ ਗਿਆ ਹੈ। ਏਡੀਸੀਪੀ ਜਗਵਿੰਦਰ ਸਿੰਘ ਸੰਧੂ ਅਤੇ ਏਸੀਪੀ ਸੈਂਟਰਲ ਅਨਿਲ ਕੁਮਾਰ ਭਨੋਟ ਨੇ ਦੱਸਿਆ ਕਿ ਸੁਜੀਤ ਦਿਨਕਰ ਪਾਟਿਲ ਜੋ ਆਹਲੂਵਾਲੀਆ ਕੰਪਲੈਕਸ ਸ਼ੋਕਰਾ ਵਾਲੀ ਗਲੀ ਵਿੱਚ ਅਕਾਊਟੈਂਟ ਦਾ ਕੰਮ ਕਰਦਾ ਹੈ, ਨੂੰ ਪੰਜ ਕਾਰ ਸਵਾਰ ਨੌਜਵਾਨਾਂ ਨੇ ਉਸ ਵਕਤ ਅਗਵਾ ਕਰ ਲਿਆ ਸੀ ਜਦੋਂ ਉਹ ਜਨਕਪੁਰੀ ਸਥਿਤ ਇਨਕਮ ਟੈਕਸ ਦੇ ਵਕੀਲ ਸਿਮਰਤ ਸਿੰਘ ਕੋਲ ਰਿਟਰਨ ਭਰਨ ਲਈ ਗਿਆ ਸੀ। ਉਹ ਜਦੋਂ ਜਨਕਪੁਰੀ ਵਿੱਚ ਵਕੀਲ ਦੀ ਉਡੀਕ ਕਰ ਰਿਹਾ ਸੀ ਤਾਂ ਇੱਕ ਆਈ 20 ਕਾਰ ਉਸ ਕੋਲ ਆ ਕੇ ਰੁਕੀ ਜਿਸ ਵਿੱਚ ਪੰਜ ਜਣੇ ਬੈਠੇ ਹੋਏ ਸਨ। ਉਨ੍ਹਾਂ ਕੁਝ ਸਮਾਂ ਪਾਟਿਲ ਨਾਲ ਗੱਲਬਾਤ ਕੀਤੀ ਅਤੇ ਉਸ ਨੂੰ ਕਾਰ ਵਿੱਚ ਬਿਠਾ ਕੇ ਨਾਲ ਲੈ ਗਏ ਤੇ ਮਗਰੋਂ ਪਾਟਿਲ ਦਾ ਕੋਈ ਪਤਾ ਨਾ ਲੱਗਿਆ।
ਪਾਟਿਲ ਦੀ ਗੁੰਮਸ਼ਦਗੀ ਦੀ ਰਿਪੋਰਟ ਥਾਣਾ ਪੁਲੀਸ ਡਿਵੀਜ਼ਨ ਨੰਬਰ ਦੋ ਵਿੱਚ ਦਰਜ ਕਰਵਾਈ ਗਈ ਸੀ ਜਿਸ ’ਤੇ ਕਾਰਵਾਈ ਕਰਦਿਆਂ ਸ਼ੁਭਮ ਅਗਰਵਾਲ ਸੰਯੁਕਤ ਕਮਿਸ਼ਨਰ ਪੁਲੀਸ ਅਤੇ ਅਮਨਦੀਪ ਸਿੰਘ ਬਰਾੜ ਵਧੀਕ ਕਮਿਸ਼ਨਰ ਪੁਲੀਸ (ਇਨਵੈਸਟੀਗੇਸ਼ਨ) ਦੀ ਦੇਖਰੇਖ ਹੇਠ ਜਾਂਚ ਦਾ ਕੰਮ ਸ਼ੁਰੂ ਕੀਤਾ ਗਿਆ। ਸੀਆਈਏ ਦੇ ਇੰਸਪੈਕਟਰ ਰਾਜ਼ੇਸ਼ ਕੁਮਾਰ, ਥਾਣਾ ਡਿਵੀਜ਼ਨ ਨੰਬਰ ਦੋ ਦੇ ਐੱਸਐੱਚਓ ਗੁਰਜੀਤ ਸਿੰਘ ਅਤੇ ਜਨਕਪੁਰੀ ਪੁਲੀਸ ਚੌਂਕੀ ਦੇ ਇੰਚਾਰਜ ਸਤਨਾਮ ਸਿੰਘ ਦੀ ਅਗਵਾਈ ਹੇਠਲੀਆਂ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਮੁਜ਼ਰਮਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਇਸ ਤਹਿਤ ਜਨਕਪੁਰੀ ਨੇੜੇ ਲਾਏ ਨਾਕੇ ਦੌਰਾਨ ਮਗਨਜੀਤ ਸਿੰਘ ਉਰਫ਼ ਮਗਨ ਵਾਸੀ ਪ੍ਰੀਤ ਵਿਹਾਰ ਨੂਰਵਾਲਾ ਰੋਡ ਅਤੇ ਜਸੀਮ ਉਰਫ਼ ਜਾਸ਼ੀਨ ਸ਼ੇਖ ਉਰਫ਼ ਸੋਨੂ ਵਾਸੀ ਸੰਨਿਆਸ ਨਗਰ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਪੁੱਛ-ਪੜਤਾਲ ਕੀਤੀ ਤਾਂ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਸੁਜੀਤ ਦਿਨਕਰ ਪਾਟਿਲ ਨੂੰ ਬਰਾਮਦ ਕਰ ਲਿਆ ਗਿਆ। ਮੁੱਢਲੀ ਪੜਤਾਲ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਉਨ੍ਹਾਂ ਨਾਲ ਸ਼ਹਾਬੁਦੀਨ ਅੰਸਾਰੀ ਵਾਸੀ ਗੁੜਗਾਓਂ ਅਤੇ ਸ਼ੁਭਮ ਦੀਕਸ਼ਿਤ ਵਾਸੀ ਗਰੇਵਾਲ ਕਲੋਨੀ ਜੋਧੇਵਾਲ ਵੀ ਸ਼ਾਮਲ ਸਨ। ਪੁਲੀਸ ਵੱਲੋਂ ਸ਼ਹਾਬੁਦੀਨ ਅੰਸਾਰੀ ਅਤੇ ਸ਼ੁਭਮ ਦੀਕਸ਼ਤ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਇਸ ਦੌਰਾਨ ਸੁਜੀਤ ਦਿਨਕਰ ਪਾਟਿਲ ਨੇ ਦੱਸਿਆ ਕਿ ਅਗਵਾਕਾਰ ਉਸ ਨੂੰ ਕਾਰ ਵਿੱਚ ਬਿਠਾ ਕੇ ਪਹਿਲਾਂ ਗਾਜ਼ੀਆਬਾਦ ਲੈ ਗਏ ਸਨ ਤੇ ਰਸਤੇ ਵਿੱਚ ਉਸ ਦੀ ਕੁੱਟਮਾਰ ਵੀ ਕੀਤੀ ਗਈ। ਉਸ ਤੋਂ ਬਾਅਦ ਪਾਟਿਲ ਨੂੰ ਇੱਕ ਹੋਟਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਦੀ ਕੁੱਟਮਾਰ ਕਰਕੇ ਖਾਲੀ ਚੈੱਕਾਂ ’ਤੇ ਦਸਤਖ਼ਤ ਕਰਵਾਏ ਗਏ ਤੇ ਹੋਰ ਪੈਸਿਆਂ ਦੀ ਮੰਗ ਕੀਤੀ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦਾ ਪੈਸਿਆਂ ਦੇ ਲੈਣ ਦੇਣ ਸਬੰਧੀ ਆਪਣੇ ਭਾਈਵਾਲ ਦਿਬਰੇ ਰਜਿੰਦਰ ਭਾਈ ਨਾਲ ਝਗੜਾ ਸੀ ਅਤੇ ਘਟਨਾ ਤੋਂ ਪਹਿਲਾਂ ਪਾਟਿਲ ਦੀ ਕਿਸੇ ਨਾਲ ਟੈਲੀਫੋਨ ’ਤੇ ਬਹਿਸਬਾਜ਼ੀ ਵੀ ਹੋਈ ਸੀ।

Advertisement

Advertisement
Advertisement
Author Image

Advertisement