For the best experience, open
https://m.punjabitribuneonline.com
on your mobile browser.
Advertisement

ਪਾਣੀ ਅਤੇ ਭਵਿੱਖ

10:03 AM Jun 15, 2024 IST
ਪਾਣੀ ਅਤੇ ਭਵਿੱਖ
Advertisement

ਰਘੁਵੀਰ ਸਿੰਘ ਕਲੋਆ

Advertisement

ਸ਼ਾਮ ਦਾ ਵੇਲਾ ਸੀ, ਮੱਛਰ ਮਹਾਰਾਜ ਆਪਣੇ ਟਿਕਾਣੇ ਤੋਂ ਉੱਡ ਕੇ ਸ਼ਿਕਾਰ ਦੀ ਭਾਲ ਵਿੱਚ ਨਿਕਲ ਪਿਆ। ਉੱਡਦਿਆਂ ਉੱਡਦਿਆਂ ਉਹ ਗਲੀ ਦੇ ਮੋੜ ਕੋਲ ਪੁੱਜਾਂ ਤਾਂ ਅੱਗੋਂ ਉਸ ਨੂੰ ਉਸ ਦੀ ਪੁਰਾਣੀ ਦੋਸਤ ਮੋਟੋ ਮੱਖੀ ਟੱਕਰ ਪਈ। ਦੋਵਾਂ ਦਾ ਜਨਮ ਇਸੇ ਗਲੀ ਦੀ ਇੱਕ ਨਾਲੀ ਵਿੱਚ ਹੋਇਆ ਸੀ। ਇਸੇ ਕਾਰਨ ਦੋਵਾਂ ਵਿੱਚ ਗੂੜ੍ਹੀ ਸਾਂਝ ਸੀ। ਹਮੇਸ਼ਾ ਵਾਂਗ ਮੱਖੀ ਨੂੰ ਮਿਲਦਿਆਂ ਸਾਰ ਹੀ ਮੱਛਰ ਨੇ ਮਖੌਲ ਕੀਤਾ;
‘‘ਭੈਣੇ! ਥੋੜ੍ਹਾ ਘੱਟ ਖਾਇਆ ਕਰ, ਨਹੀਂ ਤਾਂ ਇੰਨਾ ਭਾਰ ਲੈ ਕੇ ਤੈਥੋਂ ਉੱਡਿਆ ਵੀ ਨਹੀਂ ਜਾਣਾ।’’
‘‘ਵੀਰਾ, ਤੇਰੀ ਮਖੌਲ ਦੀ ਆਦਤ ਗਈ ਨਹੀਂ, ਊਂ ਖਾਣ ਪੀਣ ਤੋਂ ਪਰਹੇਜ਼ ਤਾਂ ਮੈਂ ਘੱਟ ਹੀ ਰੱਖਦੀ ਹਾਂ।’’
ਮੱਛਰ ਦੇ ਸੁਭਾਅ ਤੋਂ ਜਾਣੂ ਮੱਖੀ ਨੇ ਹੱਸਦਿਆਂ ਉਸ ਨੂੰ ਉੱਤਰ ਦਿੱਤਾ। ਦੋਵੇਂ ਨਾਲ ਲੱਗਦੇ ਘਰ ਦੀ ਕੰਧ ਉੱਪਰ ਬੈਠ ਕੇ ਇੱਧਰ ਉੱਧਰ ਦੀਆਂ ਛੱਡਣ ਲੱਗੇ। ਗੱਲਾਂ ਗੱਲਾਂ ਵਿੱਚ ਮੱਛਰ ਨੇ ਆਪਣੀ ਇੱਕ ਚਿੰਤਾ ਜ਼ਾਹਰ ਕੀਤੀ;
‘‘ਭੈਣੇ! ਹੁਣ ਤਾਂ ਹਰ ਵੇਲੇ ਜਾਨ ਦਾ ਖ਼ਤਰਾ ਬਣਿਆ ਰਹਿੰਦੈ। ਮੈਂ ਸੁਣਿਐ ਬੰਦੇ ਨੇ ਸਾਨੂੰ ਖ਼ਤਮ ਕਰਨ ਲਈ ਕਈ ਨਵੀਆਂ ਦਵਾਈਆਂ ਬਣਾ ਲਈਆਂ ਹਨ।’’
‘‘ਹਾਂ! ਸੁਣਿਆ ਤਾਂ ਮੈਂ ਵੀ ਆ ਪਰ ਤੂੰ ਡਰਿਆ ਨਾ ਕਰ, ਝਕਾਨੀ ਦੇਣੀ ਸਿੱਖ ਲੈ। ਬੰਦਾ ਤਾਂ ਸਾਨੂੰ ਕਦੋਂ ਦਾ ਮੁਕਾਉਂਦਾ, ਅਸੀਂ ਕਿਹੜਾ ਮੁੱਕੇ ਹਾਂ।’’
ਮੱਖੀ ਤੋਂ ਇਹ ਸੁਣ ਕੇ ਮੱਛਰ ਨੂੰ ਕੁਝ ਹੌਸਲਾ ਹੋਇਆ ਪ੍ਰੰਤੂ ਮੱਖੀ ਇੱਕ ਵੱਡੀ ਭੈਣ ਵਾਂਗ ਉਸ ਦਾ ਡਰ ਪੂਰੀ ਤਰ੍ਹਾਂ ਦੂਰ ਕਰਨਾ ਚਾਹੁੰਦੀ ਸੀ। ਇਸੇ ਲਈ ਉਸ ਨੇ ਹੌਸਲੇ ਭਰੀ ਆਵਾਜ਼ ਵਿੱਚ ਆਪਣੀ ਗੱਲ ਅੱਗੇ ਵਧਾਈ; ‘‘ਇਹ ਬੰਦਾ ਤਾਂ ਐਵੇਂ ਸਭ ਤੋਂ ਅਕਲਮੰਦ ਬਣਿਆ ਫਿਰਦੈ, ਊਂ ਇਹ ਹੈ ਨਹੀਂ। ਉਹ ਸਾਹਮਣੇ ਟੂਟੀ ਚੱਲਦੀ ਵੇਖ, ਜੇ ਇਹ ਸਾਡੇ ਦੋ-ਚਾਰ ਸਾਥੀ ਮਾਰ ਕੇ ਖ਼ੁਸ਼ ਹੁੰਦੈ ਤਾਂ ਸੈਂਕੜਿਆਂ ਦੀ ਤਾਦਾਦ ਵਿੱਚ ਸਾਡੇ ਪਲਣ ਲਈ ਗਲੀਆਂ ਨਾਲੀਆਂ ਵਿੱਚ ਫਾਲਤੂ ਪਾਣੀ ਵੀ ਤਾਂ ਇਹੀ ਛੱਡਦਾ ਹੈ।’’ ਮੱਖੀ ਦੀ ਇਸ ਗੱਲ ਨਾਲ ਦੋਵੇਂ ਖਿੜ ਖਿੜਾ ਕੇ ਹੱਸ ਪਏ ਪ੍ਰੰਤੂ ਹੱਸਦਿਆਂ ਹੱਸਦਿਆਂ ਉਸ ਟੂਟੀ ਵੱਲ ਵੇਖਦਾ ਮੱਛਰ ਇਕਦਮ ਗੰਭੀਰ ਹੋ ਗਿਆ। ਉਸ ਦੇ ਅਚਾਨਕ ਬਦਲੇ ਹੋਏ ਹਾਵ ਭਾਵ ਵੇਖ ਕੇ ਮੱਖੀ ਨੇ ਫ਼ਿਕਰਮੰਦ ਹੁੰਦਿਆਂ ਉਸ ਨੂੰ ਪੁੱਛਿਆ;
‘‘ਕੀ ਹੋਇਆ ਵੀਰੇ, ਇੰਨੀ ਸੋਹਣੀ ਗੱਲ ਸੁਣ ਕੇ ਵੀ ਤੂੰ ਉਦਾਸ ਕਿਉਂ ਹੋ ਗਿਆ ਏਂ?’’
ਲਗਾਤਾਰ ਚੱਲ ਰਹੀ ਉਸ ਟੂਟੀ ਵੱਲ ਇੱਕ ਟੱਕ ਵੇਖਦੇ ਮੱਛਰ ਨੇ ਬੜੇ ਹੀ ਉਦਾਸ ਸੁਰ ਵਿੱਚ ਉੱਤਰ ਦਿੱਤਾ; ‘‘ਉਹ ਟੂਟੀ ’ਚੋਂ ਡਿੱਗਦੇ ਪਾਣੀ ਵੱਲ ਵੇਖ, ਇਹ ਜਿਸ ਤੇਜ਼ ਰਫ਼ਤਾਰ ਨਾਲ ਆ ਰਿਹੈ, ਉਸੇ ਤੇਜ਼ ਰਫ਼ਤਾਰ ਨਾਲ ਇਹ ਛੇਤੀ ਮੁੱਕ ਵੀ ਜਾਣਾ ਹੈ।’’ ਪਲ ਭਰ ਰੁਕ ਕੇ ਮੱਛਰ ਨੇ ਆਪਣੀ ਗੱਲ ਅੱਗੇ ਤੋਰੀ, ‘‘ਜੀਵਨ ਦੀ ਸ਼ੁਰੂਆਤ ਪਾਣੀ ਤੋਂ ਹੀ ਹੁੰਦੀ ਹੈ ਤੇ ਇਹ ਸਭ ਜੀਵਾਂ ਲਈ ਜ਼ਰੂਰੀ ਹੈ, ਇਸੇ ਲਈ ਕੁਦਰਤ ਨੇ ਇਸ ਕੀਮਤੀ ਖ਼ਜ਼ਾਨੇ ਨੂੰ ਧਰਤੀ ਹੇਠ ਸੰਭਾਲ ਕੇ ਰੱਖਿਆ ਹੋਇਆ ਹੈ ਪਰ ਜਦੋਂ ਦਾ ਮਨੁੱਖ ਨੂੰ ਇਸ ਖ਼ਜ਼ਾਨੇ ਦਾ ਪਤਾ ਲੱਗਾ ਹੈ, ਪਹਿਲਾਂ ਉਸ ਨੇ ਖੂਹਾਂ ਵਾਲੀ ਉੱਪਰਲੀ ਪਹਿਲੀ ਤਹਿ ਮੁਕਾਈ, ਫਿਰ ਡੂੰਘੇ ਨਲਕਿਆਂ ਵਾਲੀ ਦੂਜੀ। ਹੁਣ ਸਿਰਫ਼ ਇਹ ਤੀਜੀ ਤੇ ਆਖਰੀ ਤਹਿ ਹੀ ਬਚੀ ਹੈ ਪਰ ਲੱਗਦਾ ਇਹ ਵੀ ਬਹੁਤੀ ਦੇਰ ਨਹੀਂ ਰਹਿਣੀ।’’
ਮੱਛਰ ਤੋਂ ਇਹ ਗੂੜ ਗਿਆਨ ਦੀਆਂ ਗੱਲਾਂ ਸੁਣ ਕੇ ਮੱਖੀ ਵੀ ਗੰਭੀਰ ਹੋ ਗਈ। ਮੱਛਰ ਨੇ ਗੱਲ ਟਿਕਾਣੇ ’ਤੇ ਲਿਆਂਦੀ;  ‘‘ਪਾਣੀ ਬਾਝੋਂ ਮੌਤ ਤਾਂ ਸਭ ਤੋਂ ਭੈੜੀ ਹੈ, ਇਸ ਲਾਪਰਵਾਹ ਮਨੁੱਖ ਨੇ ਆਪ ਤਾਂ ਮਰਨਾ ਹੀ ਹੈ, ਸਾਨੂੰ ਸਭ ਜੀਵਾਂ ਨੂੰ ਵੀ ਨਾਲੇ ਲੈ ਬਹਿਣਾ ਹੈ।’’ ਹੁਣ ਮੱਖੀ ਵੀ ਮੱਛਰ ਵਾਂਗ ਘੋਰ ਉਦਾਸੀ ਵਿੱਚ ਸੀ। ਲਗਾਤਾਰ ਬੇਵਜ੍ਹਾ ਚੱਲ ਰਹੇ ਉਸ ਪਾਣੀ ਵਿੱਚੋਂ ਉਨ੍ਹਾਂ ਦੋਵਾਂ ਨੂੰ ਸਭ ਜੀਵਾਂ ਦਾ ਭਵਿੱਖ ਰੁੜ੍ਹਦਾ ਨਜ਼ਰ ਆ ਰਿਹਾ ਸੀ।
ਸੰਪਰਕ: 98550-24495

Advertisement

Advertisement
Author Image

joginder kumar

View all posts

Advertisement