ਸੰਯੁਕਤ ਕਿਸਾਨ ਮੋਰਚੇ ਵੱਲੋਂ ਚਿਤਾਵਨੀ ਰੈਲੀਆਂ ਦਾ ਐਲਾਨ
* ਦੇਸ਼ ਭਰ ਦੇ 500 ਜ਼ਿਲ੍ਹਿਆਂ ’ਚ 26 ਨਵੰਬਰ ਨੂੰ ਕੀਤੀਆਂ ਜਾਣਗੀਆਂ ਰੈਲੀਆਂ
* ਮੰਗਾਂ ਨਾ ਮੰਨੇ ਜਾਣ ’ਤੇ ਅਗਲੇ ਸਾਲ ਵੱਡਾ ਅੰਦੋਲਨ ਸ਼ੁਰੂ ਕਰਨ ਦੀ ਚਿਤਾਵਨੀ
ਪੱਤਰ ਪ੍ਰੇਰਕ/ਪੀਟੀਆਈ
ਨਵੀਂ ਦਿੱਲੀ, 17 ਅਕਤੂਬਰ
ਕਿਸਾਨਾਂ ਦੀ ਸਾਂਝੀ ਜਥੇਬੰਦੀ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਉਹ ਕਿਸਾਨਾਂ ਦੇ ਦਿੱਲੀ ਮਾਰਚ ਦੇ ਚਾਰ ਸਾਲ ਪੂਰੇ ਹੋਣ ਮੌਕੇ 26 ਨਵੰਬਰ ਨੂੰ ਦੇਸ਼ ਦੇ 500 ਜ਼ਿਲ੍ਹਿਆਂ ’ਚ ‘ਚਿਤਾਵਨੀ’ ਰੈਲੀਆਂ ਕਰੇਗਾ। ਮੋਰਚੇ ਨੇ ਮੰਗਾਂ ਪੂਰੀਆਂ ਨਾ ਹੋਣ ’ਤੇ ਅਗਲੇ ਸਾਲ ਵੱਡੇ ਅੰਦੋਲਨ ਦੀ ਚਿਤਾਵਨੀ ਵੀ ਦਿੱਤੀ। ਇਹ ਐਲਾਨ ਇੱਥੋਂ ਦੇ ਹਰਕ੍ਰਿਸ਼ਨ ਸਿੰਘ ਸੁਰਜੀਤ ਭਵਨ ਵਿੱਚ ਹੋਈ ਸੰਯੁਕਤ ਕਿਸਾਨ ਮੋਰਚੇ ਦੀ ਜਨਰਲ ਬਾਡੀ ਦੀ ਮੀਟਿੰਗ ਦੌਰਾਨ ਕੀਤਾ ਗਿਆ। ਮੋਰਚੇ ਨੇ ਡਿਜੀਟਲ ਐਗਰੀਕਲਚਰ ਮਿਸ਼ਨ (ਡੀਏਐੱਮ) ਖਾਦ ਸਬਸਿਡੀ ਵਿੱਚ ਵੱਡੀ ਕਟੌਤੀ ਰਾਹੀਂ ਖੇਤੀਬਾੜੀ ਨੂੰ ਅਣਗੌਲਿਆਂ ਕੀਤੇ ਜਾਣ ’ਤੇ ਕੇਂਦਰ ਸਰਕਾਰ ਦੀ ਨਿੰਦਾ ਵੀ ਕੀਤੀ।
ਏਆਈਕੇਐੱਸ ਦੇ ਆਗੂ ਹਨਨ ਮੋਲਾ ਨੇ ਕਿਹਾ, ‘ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ। ਉਨ੍ਹਾਂ ਕਿਸਾਨਾਂ ਨੂੰ ਧੋਖਾ ਦਿੱਤਾ ਹੈ। ਇਸ ਲਈ ਅਸੀਂ ਦੇਸ਼ ਭਰ ’ਚ ਰੈਲੀਆਂ ਕਰਨ ਦਾ ਫ਼ੈਸਲਾ ਕੀਤਾ ਹੈ।’ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨ ਪਾਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਅਗਲੇ ਸਾਲ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਕਿਸਾਨ ਆਗੂ ਜਗਮੋਹਨ ਸਿੰਘ ਤੇ ਸਾਥੀਆਂ ਨੇ ਆਨਲਾਈਨ ਪ੍ਰੈੱਸ ਕਾਨਫਰੰਸ ਕਰਕੇ ਮੀਟਿੰਗ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨਗੀ ਮੰਡਲ ਵਿੱਚ ਜਗਮੋਹਨ ਸਿੰਘ, ਹਨਨ ਮੋਲਾ, ਰਾਜਨ ਕਸ਼ੀਰਸਾਗਰ, ਪਦਮ ਪਸ਼ਿਆਮ, ਜੋਗਿੰਦਰ ਸਿੰਘ ਨੈਨ, ਸਿਦਾਗੌੜਾ ਮੋਦਗੀ ਅਤੇ ਡਾ. ਸੁਨੀਲਮ ਸ਼ਾਮਲ ਸਨ। ਡਾ. ਦਰਸ਼ਨ ਪਾਲ ਨੇ ਰਿਪੋਰਟ ਰੱਖੀ ਅਤੇ ਪੀ ਕ੍ਰਿਸ਼ਨ ਪ੍ਰਸਾਦ ਨੇ ਸਮਾਪਤੀ ਟਿੱਪਣੀ ਕੀਤੀ। ਉਨ੍ਹਾਂ ਲੱਦਾਖ ਦੇ ਲੋਕਾਂ ਦੀਆਂ ਅਸਲ ਸਿਆਸੀ ਮੰਗਾਂ ਲਈ ਨਵੀਂ ਦਿੱਲੀ ’ਚ ਮਰਨ ਵਰਤ ’ਤੇ ਬੈਠੇ ਸੋਨਮ ਵਾਂਗਚੁਕ ਦੇ ਸੰਘਰਸ਼ ਨਾਲ ਇਕਜੁੱਟਤਾ ਜ਼ਾਹਿਰ ਕੀਤੀ। ਮੋਰਚੇ ਨੇ ਪ੍ਰੋ. ਜੀਐੱਨ ਸਾਈਬਾਬਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ।