ਜਨਤਕ ਜਥੇਬੰਦੀਆਂ ਵੱਲੋਂ ਜਲ ਸਰੋਤ ਵਿਭਾਗ ਖ਼ਿਲਾਫ਼ ਸੰਘਰਸ਼ ਦੀ ਚਿਤਾਵਨੀ
ਕੁਲਦੀਪ ਸਿੰਘ
ਚੰਡੀਗੜ੍ਹ, 18 ਫ਼ਰਵਰੀ
ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਨਿਰਮਾਣ ਮਜ਼ਦੂਰ ਯੂਨੀਅਨ, ਨਰੇਗਾ ਮਜ਼ਦੂਰ ਯੂਨੀਅਨ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਸਟੂਡੈਂਟਸ ਫੈਡਰੇਸ਼ਨ, ਰਾਜ ਦੇ ਸਰਕਾਰੀ, ਅਰਧ ਸਰਕਾਰੀ ਅਤੇ ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫ਼ਰੰਟ ਜਨਤਕ ਜਥੇਬੰਦੀਆਂ ਦੇ ਮੋਰਚੇ ਦੀ ਮੀਟਿੰਗ ਫੈਡਰੇਸ਼ਨ ਦੇ ਸੈਕਟਰ-22 ਸਥਿਤ ਦਫ਼ਤਰ ਵਿੱਚ ਹੋਈ। ਇਸ ਦੌਰਾਨ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਫ਼ੈਸਲਾ ਕੀਤਾ ਹੈ 21 ਫ਼ਰਵਰੀ ਨੂੰ ਜਲ ਸਰੋਤ ਵਿਭਾਗ ਪਟਿਆਲਾ ਭਾਖੜਾ ਲਾਈਨ ਵਿੱਚ ਰੋਸ ਧਰਨਾ ਦੇਣ ਉਪਰੰਤ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ ਤੇ ਅਧਿਕਾਰੀਆਂ ਦਾ ਕੱਚਾ ਚਿੱਠਾ ਜਲ ਸਰੋਤ ਦੇ ਸਕੱਤਰ ਅਤੇ ਸਬੰਧਤ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।
ਮੀਟਿੰਗ ਜਮਹੂਰੀ ਕਿਸਾਨ ਸਭਾ ਦੇ ਆਗੂ ਰਾਜ ਕਿਸ਼ਨ ਨੂਰ ਖੇੜੀਆਂ, ਮਜ਼ਦੂਰ ਆਗੂ ਸੁੱਚਾ ਸਿੰਘ ਕੌਲ, ਸੁਰੇਸ਼ ਸਮਾਣਾ ਅਤੇ ਦਰਸ਼ਨ ਬੇਲੂ ਮਾਜਰਾ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਕਨਵੀਨਰਾਂ ਨੇ ਦੱਸਿਆ ਕਿ ਭਾਖੜਾ ਮੇਨ ਲਾਈਨ, ਨਰਵਾਣਾ ਬਰਾਂਚ ਅਤੇ ਘੱਗਰ ਲਿੰਕ ਬਣਾਉਣ ਸਮੇਂ ਪੁਰਾਣੇ ਪਟਿਆਲਾ ਜ਼ਿਲ੍ਹੇ ਦੀਆਂ ਸਭ ਤੋਂ ਵੱਧ ਜ਼ਮੀਨਾਂ ਦਾ ਨੁਕਸਾਨ ਹੋਇਆ ਕਿਉਂਕਿ ਇੱਥੋਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਦੋ ਹਿੱਸਿਆਂ ਵਿੱਚ ਵੰਡੀਆਂ ਗਈਆਂ।