ਭਾਜਪਾ-ਜਜਪਾ ਨੇਤਾਵਾਂ ਦੇ ਦਾਖ਼ਲ ਨਾ ਹੋਣ ਦੇ ਚਿਤਾਵਨੀ ਬੋਰਡ ਲਗਾਏ
ਪ੍ਰਭੂ ਦਿਆਲ
ਸਿਰਸਾ, 12 ਜੂਨ
ਜ਼ਿਲ੍ਹਾ ਸਿਰਸਾ ਦੇ ਪਿੰਡਾਂ ਵਿੱਚ ਭਾਜਪਾ-ਜਜਪਾ ਨੇਤਾਵਾਂ ਦੇ ਦਾਖ਼ਲ ਨਾ ਹੋਣ ਦੇ ਚਿਤਾਵਨੀ ਬੋਰਡ ਲਾਏ ਗਏ ਹਨ। ਸਰਪੰਚ ਐਸੋਸੀਏਸ਼ਨ ਵੱਲੋਂ ਲਾਏ ਇਨ੍ਹਾਂ ਚਿਤਾਵਨੀ ਬੋਰਡਾਂ ‘ਤੇ ਕਿਸਾਨਾਂ, ਖਿਡਾਰੀਆਂ ਤੇ ਸਰਪੰਚਾਂ ‘ਤੇ ਲਾਠੀਚਾਰਜ ਦਾ ਜ਼ਿਕਰ ਕੀਤਾ ਗਿਆ ਹੈ।
ਇਸ ਸਬੰਧੀ ਸਰਪੰਚ ਐਸੋਸੀਏਸ਼ਨ ਦੇ ਸੂਬਾਈ ਮੀਤ ਪ੍ਰਧਾਨ ਸਰਪੰਚ ਸੰਤੋਸ਼ ਬੈਨੀਵਾਲ ਨੇ ਕਿਹਾ ਕਿ ਜਦੋਂ ਤੱਕ ਸਰਪੰਚਾਂ ਦੀਆਂ ਮੰਗਾਂ ਤੋਂ ਇਲਾਵਾ ਕਿਸਾਨਾਂ ਤੇ ਖਿਡਾਰੀਆਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਦਿੱਤਾ ਜਾਂਦਾ, ਉਦੋਂ ਤੱਕ ਭਾਜਪਾ-ਜਜਪਾ ਦੇ ਕਿਸੇ ਵੀ ਨੇਤਾ ਨੂੰ ਪਿੰਡ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ 18 ਜੂਨ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਿਰਸਾ ਹੋਣ ਵਾਲੀ ਰੈਲੀ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਸ੍ਰੀ ਬੈਨੀਵਾਲ ਨੇ ਦੱਸਿਆ ਕਿ ਅਗਲੇ ਇੱਕ-ਦੋ ਦਿਨਾਂ ‘ਚ ਪੈਂਤਾਲਿਸਾ ਦੇ ਕਰੀਬ 51 ਪਿੰਡਾਂ ਵਿੱਚ ਇਹ ਚਿਤਾਵਨੀ ਬੋਰਡ ਲਾ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਤਾਨਾਸ਼ਾਹੀ ਦੇ ਜ਼ਰੀਏ ਲੋਕਾਂ ਦੀ ਆਵਾਜ਼ ਨੂੰ ਪੁਲੀਸ ਦੀ ਡਾਂਗ ਦੇ ਜੋਰ ਨਾਲ ਦਬਾਉਣ ਦੀ ਕੋਝੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਾਜਪਾ ਤੇ ਜਜਪਾ ਦੇ ਕਿਸੇ ਵੀ ਨੇਤਾਂ ਨੂੰ ਪੈਂਤਾਲੀਸਾ ਦੇ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ‘ਤੇ ਸਰਪੰਚ ਐਸੋਸੀੲੇਸ਼ਨ ਨਾਲ ਜੁੜੇ ਕਈ ਸਰਪੰਚ ਉਨ੍ਹਾਂ ਨਾਲ ਮੌਜੂਦ ਸਨ।