ਕੌਮੀ ਰਾਜਧਾਨੀ ਵਿੱਚ ਹਵਾ ਗੁਣਵੱਤਾ ਬਹੁਤ ਖਰਾਬ
ਪ੍ਰਦੂਸ਼ਣ
ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਨਵੰਬਰ
ਕੌਮੀ ਰਾਜਧਾਨੀ ਦੇ ਵਾਸੀਆਂ ਨੇ ਸਾਹ ਲੈਣ ਵਿੱਚ ਮੁਸ਼ਕਲ ਦੀ ਸ਼ਿਕਾਇਤ ਕੀਤੀ ਹੈ ਕਿਉਂਕਿ ਦੀਵਾਲੀ ਤੋਂ ਬਾਅਦ ਅੱਜ ਤੀਜੇ ਹਫ਼ਤੇ ਐਤਵਾਰ ਨੂੰ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਬਹੁਤ ਖਰਾਬ ਸ਼੍ਰੇਣੀ ਵਿੱਚ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਧੂੰਏਂ ਦੀ ਇੱਕ ਮੋਟੀ ਪਰਤ ਨਾਲ ਘਿਰੀ ਹੋਣ ਦੇ ਨਾਲ ਅੱਜ ਸਵੇਰੇ 8 ਵਜੇ ਤੱਕ ਦਿੱਲੀ ਵਿੱਚ ਸਮੁੱਚੀ ਏਕਿਊਆਈ 362 ਦਰਜ ਕੀਤੀ ਗਈ।
ਸੀਪੀਸੀਬੀ ਦੇ ਅੰਕੜਿਆਂ ਅਨੁਸਾਰ ਵਿਵੇਕ ਵਿਹਾਰ ਵਿੱਚ ਮਾਪਿਆ ਗਿਆ ਏਕਿਊਆਈ 399, ਨਹਿਰੂ ਨਗਰ ਵਿੱਚ 403, ਆਈਟੀਓ ਵਿੱਚ 317 ਅਤੇ ਚਾਂਦਨੀ ਚੌਕ ਵਿੱਚ 349 ਸੀ। 0-50 ਦੇ ਵਿਚਕਾਰ ਇੱਕ ਏਕਿਊਆਈ ਨੂੰ ਚੰਗਾ ਮੰਨਿਆ ਜਾਂਦਾ ਹੈ, 51-100 ਤਸੱਲੀਬਖਸ਼ ਹੈ, 101-200 ਮੱਧਮ ਹੈ, 201-300 ਮਾੜਾ ਹੈ, 301-400 ਬਹੁਤ ਮਾੜਾ ਹੈ ਅਤੇ 401-500 ਗੰਭੀਰ ਹੈ। ਇਸ ਦੌਰਾਨ ਦਿੱਲੀ ਦੇ ਵਾਸੀਆਂ ਨੇ ਸਾਹ ਲੈਣ ਵਿੱਚ ਮੁਸ਼ਕਲ, ਬੁਖਾਰ ਅਤੇ ਹੋਰ ਸਿਹਤ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ ਕਿਉਂਕਿ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਵੱਧ ਰਹੇ ਪ੍ਰਦੂਸ਼ਣ ਦੇ ਪੱਧਰ ਦਾ ਸਥਾਈ ਹੱਲ ਲੱਭਣ ਦੀ ਅਪੀਲ ਕੀਤੀ।
ਲਾਲ ਕਿਲੇ ਦੇ ਨੇੜੇ ਰਹਿਣ ਵਾਲੇ ਵਿਅਕਤੀ ਨੇ ਸ਼ਿਕਾਇਤ ਕੀਤੀ ਕਿ ਸਿਹਤ ਸਮੱਸਿਆਵਾਂ ਤੋਂ ਇਲਾਵਾ, ਵਿਦਿਆਰਥੀ ਸਕੂਲਾਂ ਵਿੱਚ ਨਹੀਂ ਜਾ ਸਕਦੇ ਕਿਉਂਕਿ ਜ਼ਿਆਦਾਤਰ ਸੰਸਥਾਵਾਂ ਬੰਦ ਰਹਿੰਦੀਆਂ ਹਨ ਜਦੋਂ ਕਿ ਕੁਝ ਆਨਲਾਈਨ ਕਲਾਸਾਂ ਵਿੱਚ ਬਦਲ ਜਾਂਦੇ ਹਨ।
ਐੱਨਸੀਆਰ ਸਣੇ ਪੂਰੇ ਉੱਤਰ ਭਾਰਤ ਵਿੱਚ ਪ੍ਰਦੂਸ਼ਣ
ਫਰੀਦਾਬਾਦ (ਪੱਤਰ ਪ੍ਰੇਰਕ): ਦਿੱਲੀ ਐੱਨਸੀਆਰ ਵਿੱਚ ਹਵਾ ਪ੍ਰਦੂਸ਼ਣ ਦੇ ਵਧਣ ਕਾਰਨ ਲੋਕਾਂ ਵਿੱਚ ਸਾਹ ਦੀਆਂ ਬਿਮਾਰੀਆਂ ਦਾ ਵਾਧਾ ਦਰਜ ਕੀਤਾ ਗਿਆ ਹੈ। ਸਿਹਤ ਮਾਹਿਰਾਂ ਵੱਲੋਂ ਕਿਹਾ ਗਿਆ ਕਿ ਦਮੇ ਦੇ ਮਰੀਜ਼ਾਂ ਅਤੇ ਛੋਟੇ ਬੱਚਿਆਂ ਲਈ ਗੰਧਲੀ ਹਵਾ ਨੁਕਸਾਨਦੇਹ ਹੈ। ਉਨ੍ਹਾਂ ਨੂੰ ਇਸ ਪ੍ਰਦੂਸ਼ਿਤ ਵਾਤਾਵਰਨ ਅੰਦਰ ਨਹੀਂ ਆਉਣਾ ਚਾਹੀਦਾ ਅਤੇ ਸਵੇਰੇ ਸ਼ਾਮ ਕਮਰਿਆਂ ਵਿੱਚ ਰਹਿਣਾ ਚਾਹੀਦਾ ਹੈ।
ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਿੱਚ ਰਾਜਨੀਤੀ ਕਰ ਰਹੀ ਹੈ ‘ਆਪ’ ਸਰਕਾਰ : ਭਾਜਪਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਨੇ ਦਿੱਲੀ ਵਿੱਚ ਵਧ ਰਹੇ ਪ੍ਰਦੂਸ਼ਣ ਲਈ ਫਿਰ ਤੋਂ ਦਿੱਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਰਾਜਧਾਨੀ ਵਿੱਚ ਏਕਿਊਆਈ ਲਗਾਤਾਰ 400 ਤੋਂ ਉੱਪਰ ਬਣਿਆ ਹੋਇਆ ਹੈ, ਪਰ ਦਿੱਲੀ ਸਰਕਾਰ ਦੀ ਅਣਗਹਿਲੀ ਕਾਰਨ ਇਸ ਅੰਕੜੇ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਖੁਦ ਮੰਨਦੀ ਹੈ ਕਿ ਦਿੱਲੀ ਵਿੱਚ ਪ੍ਰਦੂਸ਼ਣ ਤੋਂ ਲੋਕ ਪ੍ਰੇਸ਼ਾਨ ਹਨ, ਬਿਮਾਰ ਹੋ ਰਹੇ ਹਨ ਅਤੇ ਉਸ ਦੇ ਸਾਰੇ ਉਪਾਅ ਅਸਫਲ ਰਹੇ ਹਨ, ਪਰ ਆਤਿਸ਼ੀ ਕੋਈ ਠੋਸ ਹੱਲ ਜਾਂ ਯੋਜਨਾ ਬਣਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਦੂਜੇ ਰਾਜਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਗੱਲ ਕਰ ਰਹੀ ਹੈ। ਅੰਕੜੇ ਦਿਖਾ ਕੇ ਰਾਜਨੀਤੀ ਖੇਡ ਰਹੇ ਹਨ। ਆਤਿਸ਼ੀ ਵੱਲੋਂ ਅਜਿਹੀ ਸਥਿਤੀ ਨੂੰ ਰਾਸ਼ਟਰੀ ਮੈਡੀਕਲ ਐਮਰਜੈਂਸੀ ਘੋਸ਼ਿਤ ਕਰਨ ਦੀ ਮੰਗ ਹਾਸੋਹੀਣੀ ਹੈ। ਅਦਾਲਤ ਦੀ ਝਿੜਕ ਦਾ ਵੀ ਸਰਕਾਰ ’ਤੇ ਕੋਈ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ। ਐੱਮਸੀਡੀ ਦੀਆਂ ਅਸਫ਼ਲਤਾਵਾਂ ’ਤੇ ਐਨਜੀਟੀ ਵੱਲੋਂ ਭਾਰੀ ਜੁਰਮਾਨਾ ਲਗਾਇਆ ਜਾਣਾ ਸਰਕਾਰ ਦੀ ਅਸਫਲਤਾ ਨੂੰ ਦਰਸਾਉਣ ਲਈ ਕਾਫ਼ੀ ਹੈ। ਗੁਪਤਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੂਬੇ ਦੀ ਮੁੱਖ ਮੰਤਰੀ ਆਪਣੇ ਸਿਸਟਮ ਨੂੰ ਸੁਧਾਰਨ ਦੀ ਬਜਾਏ ਦੋਸ਼ਾਂ ਦੀ ਰਾਜਨੀਤੀ ਵਿੱਚ ਰੁੱਝੀ ਹੋਈ ਹੈ।