For the best experience, open
https://m.punjabitribuneonline.com
on your mobile browser.
Advertisement

ਵਿਨੇਸ਼ ਫੋਗਾਟ ਦਾ ਦਿੱਲੀ ਪੁੱਜਣ ’ਤੇ ਿਨੱਘਾ ਸਵਾਗਤ

07:40 AM Aug 18, 2024 IST
ਵਿਨੇਸ਼ ਫੋਗਾਟ ਦਾ ਦਿੱਲੀ ਪੁੱਜਣ ’ਤੇ ਿਨੱਘਾ ਸਵਾਗਤ
ਦਿੱਲੀ ਹਵਾਈ ਅੱਡੇ ’ਤੇ ਿਵਨੇਸ਼ ਫੋਗਾਟ ’ਤੇ ਕੀਤੀ ਗਈ ਫੁੱਲਾਂ ਦੀ ਵਰਖਾ। -ਫੋਟੋ: ਪੀਟੀਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 17 ਅਗਸਤ
ਪੈਰਿਸ ਓਲੰਪਿਕ ਵਿੱਚ ਮਹਿਲਾ 50 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਪਹੁੰਚਣ ਮਗਰੋਂ ਭਾਰ ਜ਼ਿਆਦਾ ਹੋਣ ਕਾਰਨ ਤਗ਼ਮਾ ਨਾ ਜਿੱਤ ਸਕਣ ਵਾਲੀ ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਦਾ ਅੱਜ ਇੱਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚਣ ’ਤੇ ਸਵਾਗਤ ਕੀਤਾ ਗਿਆ। ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਵਰਗੇ ਸਟਾਰ ਖਿਡਾਰੀਆਂ ਤੋਂ ਇਲਾਵਾ ਪੰਚਾਇਤ ਆਗੂ ਵੀ ਵਿਨੇਸ਼ ਦਾ ਸਵਾਗਤ ਕਰਨ ਲਈ ਪਹੁੰਚੇ ਹੋਏ ਸਨ। ਹਵਾਈ ਅੱਡੇ ’ਤੇ ਸਵਾਗਤ ਤੋਂ ਬਾਅਦ ਵਿਨੇਸ਼ ਦੀਆਂ ਅੱਖਾਂ ਭਰ ਆਈਆਂ। ਉਸ ਨੇ ਕਿਹਾ ਕਿ ਉਹ ਦੇਸ਼ ਵਾਸੀਆਂ ਦਾ ਧੰਨਵਾਦ ਕਰਦੀ ਹੈ। ਇਸ ਤੋਂ ਬਾਅਦ ਇਹ ਕਾਫਲਾ ਵਿਨੇਸ਼ ਦੇ ਨਾਲ ਹਰਿਆਣਾ ਵਿਚਲੇ ਉਸ ਦੇ ਪਿੰਡ ਬਲਾਲੀ ਰਵਾਨਾ ਹੋਇਆ। ਰਾਹ ਵਿੱਚ ਲੋਕ ਉਸ ਦੇ ਸਵਾਗਤ ਲਈ ਖੜ੍ਹੇ ਸਨ। ਉਸ ਨੇ ਆਪਣੇ ਪਿੰਡ ਰਵਾਨਾ ਹੋਣ ਤੋਂ ਪਹਿਲਾਂ ਦਿੱਲੀ ਦੇ ਦੁਆਰਕਾ ਵਿਚਲੇ ਇੱਕ ਮੰਦਰ ਵਿੱਚ ਪੂਜਾ ਕੀਤੀ। ਵਿਨੇਸ਼ ਦੇ ਆਉਣ ’ਤੇ ਪੁਲੀਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਪੈਰਿਸ ਓਲੰਪਿਕ ’ਚ ਫਾਈਨਲ ਤੋਂ ਪਹਿਲਾਂ ਕੀਤੇ ਗਏ ਵਜ਼ਨ ਵਿੱਚ ਉਸ ਦਾ ਭਾਰ 100 ਗ੍ਰਾਮ ਜ਼ਿਆਦਾ ਨਿਕਲਿਆ, ਜਿਸ ਕਾਰਨ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। ਵਿਨੇਸ਼ ਨੇ ਖੇਡਾਂ ਬਾਰੇ ਸਾਲਸੀ ਅਦਾਲਤ (ਸੀਏਐੱਸ) ਨੂੰ ਸਾਂਝੇ ਚਾਂਦੀ ਦੇ ਤਗ਼ਮੇ ਲਈ ਅਪੀਲ ਕੀਤੀ ਸੀ, ਜਿਸ ਕਰਕੇ ਉਹ ਪੈਰਿਸ ’ਚ ਹੀ ਰੁਕੀ ਹੋਈ ਸੀ। ਸਾਲਸੀ ਅਦਾਲਤ ਨੇ ਉਸ ਦੀ ਅਪੀਲ ਰੱਦ ਕਰ ਦਿੱਤੀ ਹੈ।
ਸਾਕਸ਼ੀ ਮਲਿਕ ਨੇ ਕਿਹਾ, ‘‘ਉਹ ਲੰਮੇ ਸਮੇਂ ਬਾਅਦ ਘਰ ਪਰਤੀ ਹੈ। ਉਹ ਕਾਫੀ ਭਾਵੁਕ ਹੈ। ਉਹ ਆਪਣੇ ਪਰਿਵਾਰ ਨਾਲ ਕੁਝ ਸਮਾਂ ਬਿਤਾਏਗੀ। ਵਿਨੇਸ਼ ਨੇ ਔਰਤਾਂ ਲਈ ਜੋ ਵੀ ਕੀਤਾ ਉਹ ਸ਼ਲਾਘਾਯੋਗ ਹੈ। ਉਹ ਭਾਵੇਂ ਕੋਈ ਤਗ਼ਮਾ ਹਾਸਲ ਨਹੀਂ ਕਰ ਸਕੀ ਪਰ ਸਾਡੇ ਲਈ ਉਹ ਚੈਂਪੀਅਨ ਹੈ।’’ ਇਸ ਦੌਰਾਨ ਵਿਨੇਸ਼ ਦਾ ਭਰਾ ਹਰਵਿੰਦਰ ਫੋਗਾਟ ਵੀ ਮੌਜੂਦ ਸੀ। ਲੰਡਨ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਨਿਸ਼ਾਨੇਬਾਜ਼ ਅਤੇ ਪੈਰਿਸ ਓਲੰਪਿਕ ਵਿੱਚ ਭਾਰਤੀ ਦਲ ਦੇ ਨੇਤਾ ਗਗਨ ਨਾਰੰਗ ਨੇ ਵਿਨੇਸ਼ ਨੂੰ ਚੈਂਪੀਅਨ ਕਰਾਰ ਦਿੱਤਾ। ਇਹ ਦੋਵੇਂ ਇੱਕ ਹੀ ਉਡਾਨ ਵਿੱਚ ਦਿੱਲੀ ਪਹੁੰਚੇ ਹਨ। ਨਾਰੰਗ ਨੇ ਪੈਰਿਸ ਹਵਾਈ ਅੱਡੇ ’ਤੇ ਵਿਨੇਸ਼ ਨਾਲ ਖਿੱਚੀ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ। ਉਸ ਨੇ ਲਿਖਿਆ, “ਉਹ ਖੇਡ ਪਿੰਡ ਵਿੱਚ ਪਹਿਲੇ ਦਿਨ ਚੈਂਪੀਅਨ ਵਜੋਂ ਪਹੁੰਚੀ ਸੀ ਅਤੇ ਉਹ ਹਮੇਸ਼ਾ ਸਾਡੀ ਚੈਂਪੀਅਨ ਰਹੇਗੀ। ਕੁਝ ਮੌਕਿਆਂ ’ਤੇ ਕਰੋੜਾਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਓਲੰਪਿਕ ਤਗ਼ਮੇ ਦੀ ਲੋੜ ਨਹੀਂ ਹੁੰਦੀ। ਵਿਨੇਸ਼ ਫੋਗਾਟ ਤੁਸੀਂ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਤੁਹਾਡੇ ਜਜ਼ਬੇ ਨੂੰ ਸਲਾਮ।’’

Advertisement

ਨਵੀਂ ਦਿੱਲੀ ਵਿੱਚ ਸਵਾਗਤ ਕਬੂਲਦੀ ਹੋਈ ਪਹਿਲਵਾਨ ਵਿਨੇਸ਼ ਫੋਗਾਟ। -ਫੋਟੋ: ਪੀਟੀਆਈ

ਇਸ ਦਿੱਗਜ ਪਹਿਲਵਾਨ ਨੇ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ’ਚ ਸ਼ਨਿਚਰਵਾਰ ਨੂੰ ਕਿਹਾ ਸੀ ਕਿ ਉਸ ਨੂੰ ਲੱਗਦਾ ਹੈ ਕਿ ਉਹ 2032 ਤੱਕ ਖੇਡ ਸਕਦੀ ਹੈ। ਉਸ ’ਚ ਹਾਲੇ ਵੀ ਕਾਫੀ ਕੁਸ਼ਤੀ ਬਾਕੀ ਹੈ ਪਰ ਫਿਲਹਾਲ ਉਹ ਭਵਿੱਖ ਬਾਰੇ ਸਪੱਸ਼ਟ ਨਹੀਂ ਹੈ ਕਿਉਂਕਿ ਹੋ ਸਕਦਾ ਹੈ ਚੀਜ਼ਾਂ ਪਹਿਲਾਂ ਵਾਂਗ ਨਾ ਰਹਿਣ। ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਨੇ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਸੋਸ਼ਲ ਮੀਡੀਆ ’ਤੇ ਇਕ ਭਾਵੁਕ ਪੋਸਟ ’ਚ ਵਿਨੇਸ਼ ਨੇ ਆਪਣੇ ਬਚਪਨ ਦੇ ਸੁਫ਼ਨਿਆਂ ਅਤੇ ਪਿਤਾ ਨੂੰ ਗੁਆਉਣ ਤੋਂ ਬਾਅਦ ਉਸ ਨੂੰ ਆਈਆਂ ਮੁਸ਼ਕਲਾਂ ਬਾਰੇ ਦੱਸਿਆ ਸੀ।

Advertisement

ਲੜਾਈ ਹਾਲੇ ਜਾਰੀ ਹੈ: ਵਿਨੇਸ਼ ਫੋਗਾਟ

ਪੈਰਿਸ ਤੋਂ ਪਰਤੀ ਵਿਨੇਸ਼ ਫੋਗਾਟ ਨੇ ਕਿਹਾ ਕਿ ਲੜਾਈ ਹਾਲੇ ਖ਼ਤਮ ਨਹੀਂ ਹੋਈ। ਇਹ ਜਾਰੀ ਰਹੇਗੀ। ਭਾਵੁਕ ਹੋਈ ਵਿਨੇਸ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਸਾਰੇ ਦੇਸ਼ ਵਾਸੀਆਂ ਦਾ ਧੰਨਵਾਦ ਕਰਦੀ ਹਾਂ। ਮੇਰੀ ਲੜਾਈ ਵਿੱਚ ਸਾਥ ਦੇਣ ਲਈ ਦੇਸ਼ ਵਾਸੀਆਂ ਦਾ ਸ਼ੁਕਰੀਆ। ਮੇਰੀ ਲੜਾਈ ਹਾਲੇ ਖ਼ਤਮ ਨਹੀਂ ਹੋਈ, ਇਹ ਜਾਰੀ ਰਹੇਗੀ।’’ ਇਸ ਦੌਰਾਨ ਵਿਨੇਸ਼ ਦੇ ਪਤੀ ਸੋਮਵੀਰ ਰਾਠੀ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਬਾਰੇ ਕਿਹਾ ਕਿ ਵਿਨੇਸ਼ ਨੂੰ ਫੈਡਰੇਸ਼ਨ ਵੱਲੋਂ ਪੂਰਾ ਸਹਿਯੋਗ ਨਹੀਂ ਮਿਲਿਆ। ਫੋਗਾਟ ਵੱਲੋਂ ਅਖਾੜੇ ਤੋਂ ਦੂਰ ਹੋਣ ਦੇ ਫ਼ੈਸਲੇ ਬਾਰੇ ਰਾਠੀ ਨੇ ਕੋਈ ਟਿੱਪਣੀ ਨਹੀਂ ਕੀਤੀ। ਉਧਰ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਕਿਹਾ , ‘ਇਸ ਕੇ ਆਗੇ ਸਭ ਢੇਰ ਹੈਂ, ਯੇ ਛੋਰੀ ਬੱਬਰ ਸ਼ੇਰ ਹੈ।’

Advertisement
Author Image

sukhwinder singh

View all posts

Advertisement