ਖਾਧ ਪਦਾਰਥ ਬਣਾਉਣ ਵਾਲੀ ਫੈਕਟਰੀ ਦੇ ਗੁਦਾਮ ਸੀਲ
ਸਤਨਾਮ ਸਿੰਘ ਸੱਤੀ/ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 10 ਜੂਨ
ਇੱਥੋਂ ਦੇ ਨੇੜਲੇ ਪਿੰਡ ਜਗਤਪੁਰਾ ਵਿੱਚ ਅੱਜ ਸਿਹਤ ਵਿਭਾਗ ਸੰਗਰੂਰ ਦੀ ਟੀਮ ਵੱਲੋਂ ਖੁਰਾਕੀ ਪਦਾਰਥ ਤਿਆਰ ਕਰਨ ਵਾਲੀ ਫੈਕਟਰੀ ’ਚ ਛਾਪਾ ਮਾਰਿਆ ਗਿਆ। ਟੀਮ ਵੱਲੋਂ ਸੈਂਪਲਿੰਗ ਤੋਂ ਬਾਅਦ ਫੈਕਟਰੀ ਦੇ ਗੁਦਾਮਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਜ਼ਿਲ੍ਹਾ ਸਿਹਤ ਅਫ਼ਸਰ ਡਾਕਟਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਪੁਲੀਸ ਦੇ ਸਹਿਯੋਗ ਨਾਲ ਮਾਰੇ ਗਏ ਇਸ ਛਾਪੇ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਫੈਕਟਰੀ ਵਿੱਚ ਤਿਆਰ ਕੀਤੇ ਜਾ ਰਹੇ ਮੁਰੱਬੇ, ਆਂਵਲਾ ਕੈਂਡੀ, ਚੈਰੀ ਆਦਿ ਖਾਧ ਪਦਾਰਥਾਂ ਦੇ ਚਾਰ ਸੈਂਪਲ ਭਰੇ ਗਏ।
ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਪਛਾਣ ਗੁਪਤ ਰੱਖਣ ਦੀ ਸ਼ਰਤ ‘ਤੇ ਕਿਸੇ ਨਾਗਰਿਕ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਸੁਨਾਮ ਨੇੜਲੇ ਪਿੰਡ ਜਗਤਪੁਰਾ ਸਥਿਤ ਇੱਕ ਪ੍ਰਾਈਵੇਟ ਫੈਕਟਰੀ ’ਚ ਗੈਰ-ਮਿਆਰੀ ਢੰਗ ਨਾਲ ਖਾਧ ਪਦਾਰਥ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ’ਤੇ ਤੁਰੰਤ ਕਾਰਵਾਈ ਕਰਦਿਆਂ ਖਾਣ ਵਾਲੀਆਂ ਵੱਖ-ਵੱਖ ਵਸਤਾਂ ਦੇ ਨਮੂਨੇ ਭਰੇ ਅਤੇ ਇਨ੍ਹਾਂ ਨਮੂਨਿਆਂ ਨੂੰ ਜਾਂਚ ਲਈ ਸਟੇਟ ਫੂਡ ਲੈਬ ਵਿੱਚ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਸੈਂਪਲਾਂ ਦੀ ਰਿਪੋਰਟ ਆਉਣ ਤੱਕ ਫੈਕਟਰੀ ਦੇ ਗੁਦਾਮਾਂ ਨੂੰ ਸੀਲ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਫੈਕਟਰੀ ਵਿੱਚ ਸਾਫ-ਸਫਾਈ ਦੀ ਬਹੁਤ ਘਾਟ ਪਾਈ ਗਈ ਜਿਸ ਕਰਕੇ ਸਬੰਧਤ ਫਰਮ ਨੂੰ ਚਲਾਨ ਵੀ ਜਾਰੀ ਕੀਤਾ ਗਿਆ ਹੈ।
ਜ਼ਿਲ੍ਹਾ ਸਿਹਤ ਅਫ਼ਸਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮਿਲਾਵਟਖੋਰੀ ਨੂੰ ਰੋਕਣ ਲਈ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਕਿਸੇ ਨੂੰ ਵੀ ਮਿਲਾਵਟੀ ਭੋਜਨ ਪਦਾਰਥ ਵੇਚ ਕੇ ਜ਼ਿਲ੍ਹੇ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਸ ਮੌਕੇ ਥਾਣਾ ਸਿਟੀ ਸੁਨਾਮ ਦੇ ਮੁੱਖ ਥਾਣਾ ਅਫਸਰ ਸੁਖਦੀਪ ਸਿੰਘ ਨੇ ਕਿਹਾ ਕਿ ਪੰਜਾਬ ਪੁਲੀਸ ਸੂਬੇ ਦੇ ਨਾਗਰਿਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਫੂਡ ਸੇਫਟੀ ਅਫ਼ਸਰ ਚਰਨਜੀਤ ਸਿੰਘ ਅਤੇ ਚੌਂਕੀ ਇੰਚਾਰਜ ਦਵਿੰਦਰ ਸਿੰਘ ਵੀ ਹਾਜ਼ਰ ਸਨ।