For the best experience, open
https://m.punjabitribuneonline.com
on your mobile browser.
Advertisement

ਹਾੜ੍ਹ ਦੇ ਛਰਾਟਿਆਂ ਨੇ ਦਿਆਈ ਗਰਮੀ ਤੋਂ ਰਾਹਤ

06:46 AM Jun 28, 2024 IST
ਹਾੜ੍ਹ ਦੇ ਛਰਾਟਿਆਂ ਨੇ ਦਿਆਈ ਗਰਮੀ ਤੋਂ ਰਾਹਤ
ਸੰਗਰੂਰ ਸ਼ਹਿਰ ਦੇ ਧੂਰੀ ਗੇਟ ਬਾਜ਼ਾਰ ਵਿੱਚ ਜਮ੍ਹਾਂ ਹੋਇਆ ਮੀਂਹ ਦਾ ਪਾਣੀ। ਫੋਟੋ: ਲਾਲੀ।
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 27 ਜੂਨ
ਤੇਜ਼ ਬਾਰਸ਼ ਨਾਲ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਰਾਹਤ ਮਿਲੀ ਹੈ। ਪੂਰੇ ਜ਼ੋਰਾਂ ’ਤੇ ਚੱਲ ਰਹੀ ਝੋਨੇ ਦੀ ਲੁਆਈ ਦੌਰਾਨ ਕਿਸਾਨ ਬਾਗੋਬਾਗ ਹਨ। ਝੋਨੇ ਦੇ ਖੇਤ ਜਲਥਲ ਹੋ ਗਏ ਹਨ ਅਤੇ ਦੂਰ-ਦੂਰ ਤੱਕ ਖੇਤਾਂ ’ਚ ਪਾਣੀ ਭਰਿਆ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਮੀਂਹ ਨੇ ਸੀਵਰੇਜ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਜਦੋਂ ਕਿ ਸਾਉਣ ਮਹੀਨੇ ਦੀਆਂ ਬਰਸਾਤਾਂ ਅਜੇ ਸਿਰ ’ਤੇ ਖੜ੍ਹੀਆਂ ਹਨ।
ਅੱਜ ਦਿਨ ਚੜ੍ਹਦਿਆਂ ਹੀ ਤੇਜ਼ ਬਾਰਸ਼ ਸ਼ੁਰੂ ਹੋਈ ਜੋ ਕਰੀਬ ਦੋ ਘੰਟੇ ਤੱਕ ਜਾਰੀ ਰਹੀ। ਇਸ ਬਾਰਸ਼ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ ਅਤੇ ਜਨਤਕ ਥਾਵਾਂ ’ਤੇ ਭਰੇ ਪਾਣੀ ਨਾਲ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ। ਤਹਿਸੀਲ ਕੰਪਲੈਕਸ ’ਚ ਟਾਈਪਿਸਟਾਂ ਦੀਆਂ ਕਈ ਦੁਕਾਨਾਂ ’ਚ ਪਾਣੀ ਭਰ ਗਿਆ। ਸ਼ਹਿਰ ਦੇ ਬੱਸ ਸਟੈਂਡ ਨਜ਼ਦੀਕ ਧੂਰੀ ਗੇਟ ਬਜ਼ਾਰ ਨੂੰ ਜਾਂਦੀ ਸੜਕ ਜਲਥਲ ਹੋ ਗਈ ਜਿਸ ਉਪਰ ਗੋਡੇ-ਗੋਡੇ ਪਾਣੀ ਭਰ ਗਿਆ ਹੈ। ਸ਼ਹਿਰ ਦੇ ਰਣਬੀਰ ਕਲੱਬ ਰੋਡ, ਬੀਐਸਐਨਐਲ ਰੋਡ, ਰੇਲਵੇ ਚੌਂਕ-ਰੈਸਟ ਹਾਊਸ ਰੋਡ, ਸਿਵਲ ਹਸਪਤਾਲ ਕੰਪਲੈਕਸ, ਐਸਡੀਐਮ ਕੰਪਲੈਕਸ ਦੇ ਅੱਗੇ ਵਾਲੀ ਅੰਦਰੂਨੀ ਸੜਕ ’ਤੇ ਪਾਣੀ ਭਰ ਗਿਆ। ਸੁਨਾਮੀ ਗੇਟ ਬਜ਼ਾਰ ਵੀ ਜਲਥਲ ਹੋਣੋਂ ਬਚ ਨਾ ਸਕਿਆ। ਸਿਵਲ ਹਸਪਤਾਲ ’ਚ ਓਪੀਡੀ ਦੌਰਾਨ ਡਾਕਟਰਾਂ ਦੇ ਕਮਰਿਆਂ ਅੱਗੇ ਲੋਕਾਂ ਨੂੰ ਪਾਣੀ ’ਚ ਖੜ੍ਹ ਕੇ ਵਾਰੀ ਦੀ ਉਡੀਕ ਕਰਨੀ ਪਈ। ਸ਼ਹਿਰ ਦੀ ਪ੍ਰੇਮ ਬਸਤੀ ਦੀਆਂ ਗਲੀਆਂ ਪਾਣੀ ’ਚ ਡੁੱਬ ਚੁੱਕੀਆਂ ਹਨ। ਸ਼ਹਿਰ ਦੀਆਂ ਕਈ ਕਲੋਨੀਆਂ ਦੀਆਂ ਗਲੀਆਂ ਜਲਥਲ ਨਜ਼ਰ ਆਈਆਂ।
ਤੇਜ਼ ਬਾਰਸ਼ ਨੇ ਦੂਰ-ਦੂਰ ਤੱਕ ਖੇਤ ਜਲਥਲ ਕਰ ਦਿੱਤੇ ਹਨ ਅਤੇ ਕਿਸਾਨ ਬਾਗੋਬਾਗ ਹਨ। ਅੱਜ ਦੀ ਬਾਰਸ਼ ਨਾਲ ਝੋਨੇ ਦੀ ਲੁਆਈ ’ਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਚਹਿਲ ਦਾ ਕਹਿਣਾ ਹੈ ਕਿ ਅੱਜ ਸਵੇਰੇ 9 ਵਜੇ ਤੱਕ ਸੰਗਰੂਰ ’ਚ 67 ਐਮ.ਐਮ. ਬਾਰਸ਼ ਹੋਈ ਹੈ ਜਦੋਂ ਕਿ ਇਸਤੋਂ ਬਾਅਦ ਵੀ ਬਾਰਸ਼ ਹੋਣ ਨਾਲ ਕਰੀਬ 80 ਐਮ.ਐਮ. ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਇਹ ਬਾਰਸ਼ ਝੋਨੇ ਦੀ ਫਸਲ ਅਤੇ ਹੋਰ ਫਸਲਾਂ ਲਈ ਲਾਹੇਵੰਦ ਸਾਬਤ ਹੋਵੇਗੀ।
ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ): ਮੌਨਸੂਨ ਦੀ ਪਹਿਲੀ ਬਰਸਾਤ ਨਾਲ ਸ਼ਹਿਰ ਦੇ ਕਈ ਖੇਤਰਾਂ ’ਚ ਭਰੇ ਨੱਕੋ-ਨੱਕ ਪਾਣੀ ਨੇ ਨਗਰ ਕੌਂਸਲ ਸੁਨਾਮ ਦੇ ਨਿਕਾਸੀ ਪ੍ਰਬੰਧਾਂ ਦੀ ਫੂਕ ਕੱਢ ਦਿੱਤੀ, ਜਿਸ ਕਾਰਨ ਸ਼ਹਿਰ ਦੇ ਆਮ ਨਾਗਰਿਕ, ਦੁਕਾਨਦਾਰ ਅਤੇ ਰਾਹਗੀਰਾਂ ਨੂੰ ਸ਼ਹਿਰ ਚ ਜਮ੍ਹਾਂ ਹੋਏ ਪਾਣੀ ਨਾਲ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਸਥਾਨਕ ਸਬਜ਼ੀ ਮੰਡੀ ਸਮੇਤ ਅਨਾਜ ਮੰਡੀ ਦੀਆਂ ਸੜਕਾਂ ’ਤੇ ਪਾਣੀ ਖੜ੍ਹ ਗਿਆ ਜਿਸ ਕਾਰਨ ਮੰਡੀ ਦੇ ਆੜ੍ਹਤੀਆਂ ਨੂੰ ਆਪਣੀਆਂ ਦੁਕਾਨਾਂ ’ਚ ਜਾਣ ਲਈ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਰਿਕਾਰਡ ਤੋੜ ਪਏ ਮੀਂਹ ਕਾਰਨ ਸ਼ਹਿਰ ਦੇ ਅੰਡਰ ਬ੍ਰਿਜ ’ਚ ਪਾਣੀ ਭਰ ਗਿਆ। ਇਸ ਨਾਲ ਸ਼ਹਿਰ ਦੀ ਆਵਾਜਾਈ ਅਸਤ ਵਿਅਸਤ ਹੋ ਗਈ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਇਲਾਕੇ ਵਿੱਚ ਭਰਵੀਂ ਬਾਰਸ਼ ਹੋਣ ਕਾਰਨ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਪਿੰਡ ਸਕਰੌਦੀ ਦੇ ਕਿਸਾਨ ਰਮਿੰਦਰ ਸਿੰਘ ਕਾਕਾ, ਗੁਰਦਿੱਤ ਸਿੰਘ ਆਲੋਅਰਖ, ਜਸਪਾਲ ਸਿੰਘ ਮੱਟਰਾਂ ਅਤੇ ਹਰਜਿੰਦਰ ਸਿੰਘ ਘਰਾਚੋਂ ਨੇ ਦੱਸਿਆ ਕਿ ਇਸ ਮੀਂਹ ਪੈਣ ਨਾਲ ਕਿਸਾਨਾਂ ਸਮੇਤ ਸਾਰੇ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਦਰੱਖਤਾਂ, ਪਸ਼ੂ, ਪੰਛੀਆਂ ਅਤੇ ਸਮੁੱਚੀ ਕਾਇਨਾਤ ਹੀ ਖੁਸ਼ ਹੋ ਗਈ ਹੈ।
ਲਹਿਰਾਗਾਗਾ (ਪੱਤਰ ਪ੍ਰੇਰਕ): ਮੌਨਸੂਨ ਸੀਜ਼ਨ ਦੀ ਪਹਿਲੀ ਬਾਰਸ਼ ਨੇ ਲੋਕਾਂ ਦੇ ਚਿਹਰਿਆਂ ’ਤੇ ਰੌਣਕ ਲਿਆ ਦਿੱਤੀ। ਸ਼ਹੀਦ ਭਗਤ ਸਿੰਘ ਬਸਤੀ ਵਾਰਡ 12 ਵਿੱਚ ਢੱਠਾ ਤਿਲਕਣ ਕਰਕੇ ਖੰਬੇ ਨਾਲ ਟਕਰਾ ਕੇ ਮਰ ਗਿਆ ਹੈ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਧੂਰੀ ਤੇ ਆਸ-ਪਾਸ ਦੇ ਪਿੰਡਾਂ ਵਿੱਚ ਹੋਈ ਬਾਰਿਸ਼ ਨਾਲ਼ ਕਈ ਹੇਠਲੇ ਇਲਕਾਇਆਂ ’ਚ ਪਾਣੀ ਭਰ ਗਿਆ। ਇਸ ਬਾਰਿਸ਼ ਨਾਲ਼ ਜਿੱਥੇ ਇਲਾਕੇ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਕਿਸਾਨਾਂ ਵੱਲੋਂ ਝੋਨੇ ਦੀ ਲੁਆਈ ਦਾ ਕੰਮ ਵੀ ਤੇਜ਼ ਕਰ ਦਿੱਤਾ ਗਿਆ ਹੈ।
ਸ਼ਹਿਰ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਸੜਕਾਂ ਤੇ ਮੀਂਹ ਦਾ ਪਾਣੀ ਭਰ ਗਿਆ। ਲੋਕਾਂ ਨੇ ਸ਼ਹਿਰ ’ਚ ਗੰਦੇ ਪਾਣੀ ਦੇ ਨਿਕਾਸੀ ਪ੍ਰਬੰਧ ਦਰੁਸਤ ਕਰਨ ਦੀ ਮੰਗ ਕੀਤੀ ਹੈ।

Advertisement

ਪਟਿਆਲਾ ਵਿੱਚ ਥੋੜ੍ਹੇ ਜਿਹੇ ਪਏ ਮੀਂਹ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ

ਪਟਿਆਲਾ (ਪੱਤਰ ਪ੍ਰੇਰਕ): ਇੱਥੇ ਅੱਜ ਹੋਈ ਬਾਰਸ਼ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਇਸ ਦੌਰਾਨ ਸ਼ਹਿਰ ਦੀਆਂ ਕਈ ਸੜਕਾਂ ’ਤੇ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਈਂ ਤਾਂ ਮੀਂਹ ਦੇ ਪਾਣੀ ਕਾਰਨ ਸੜਕਾਂ ਤੋਂ ਲੰਘ ਰਹੇ ਦੋਪਹੀਆ ਵਾਹਨ ਤੇ ਕਾਰਾਂ ਨੂੰ ਔਖੇ ਹੋਣਾ ਪਿਆ। ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਤਿੰਨ ਸਾਲ ਹੋ ਗਏ ਹਨ ਪਰ ਸ਼ਾਹੀ ਸ਼ਹਿਰ ’ਚ ਕੁਝ ਕੁ ਸੜਕਾਂ ਨੂੰ ਛੱਡ ਕੇ ਬਾਕੀ ਸੜਕਾਂ ਤੇ ਗਲ਼ੀਆਂ ਦਾ ਹਾਲ ਅੱਜ ਵੀ ਪਹਿਲਾਂ ਵਾਲ਼ਾ ਹੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਅੱਜ ਵੀ ਪਟਿਆਲਾ ਸ਼ਹਿਰ ਦੇ ਲੋਕ ਪ੍ਰੇਸ਼ਾਨ ਨਜ਼ਰ ਆਏ ਹਨ, ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਦੋ ਮੰਤਰੀ ਹਨ ਤੇ ਪਟਿਆਲਾ ਦੇ ਲੋਕਾਂ ਨੇ ਅਜੀਤਪਾਲ ਸਿੰਘ ਕੋਹਲੀ ਨੂੰ ਜਿਤਾਇਆ ਪਰ ਉਨ੍ਹਾਂ ਦਾ ਨਿਕਾਸੀ ਵਾਲਾ ਮਸਲਾ ਹੱਲ ਨਹੀਂ ਹੋਇਆ। ਸ਼ਹਿਰ ਦੇ ਮੁੱਖ ਬੱਸ ਅੱਡੇ ਸਣੇ ਚਾਂਦਨੀ ਚੌਕ, ਅਰਨਾ ਬਰਨਾ ਚੌਕ, ਕਿਤਾਬਾਂ ਵਾਲ਼ਾ ਬਾਜ਼ਾਰ, ਮਾਡਲ ਟਾਊਨ, ਤ੍ਰਿਪੜੀ ਤੇ ਸਬਜ਼ੀ ਮੰਡੀ ਆਦਿ ਖੇਤਰਾਂ ਵਿਚਲੀਆਂ ਸੜਕਾਂ ’ਤੇ ਮੀਂਹ ਦਾ ਪਾਣੀ ਭਰ ਗਿਆ। ਭਾਸ਼ਾ ਵਿਭਾਗ ਕੋਲ਼ੋਂ ਲੰਘਦਾ ਗੰਦੇ ਨਾਲ਼ੇ ‘ਚੋਂ ਦੀ ਬਰਸਾਤੀ ਪਾਣੀ ਦੀ ਠੀਕ ਨਿਕਾਸੀ ਨਾ ਹੋਣ ਕਰਕੇ ਇਸਵਿਚ ਵੀ ਪਾਣੀ ਭਰ ਗਿਆ, ਥੋੜੀ ਬਾਰਸ਼ ਹੋਰ ਹੋ ਜਾਂਦੀ ਤਾਂ ਗੰਦਾ ਪਾਣੀ ਲੋਕਾਂ ਦੀਆਂ ਦੁਕਾਨਾਂ ਵਿਚ ਵੜ ਜਾਣਾ ਸੀ।

Advertisement
Author Image

joginder kumar

View all posts

Advertisement
Advertisement
×