War Against Drugs: ਬੀਐਸਐਫ ਵੱਲੋਂ ਐਨਸੀਬੀ ਨਾਲ ਸਾਂਝੇ ਅਪਰੇਸ਼ਨ ਦੌਰਾਨ ਹੈਰੋਇਨ ਸਮੇਤ ਤਸਕਰ ਕਾਬੂ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 22 ਅਪਰੈਲ
ਬੀਐਸਐਫ ਨੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨਾਲ ਮਿਲ ਕੇ ਚਲਾਏ ਇਕ ਸਾਂਝੇ ਅਪਰੇਸ਼ਨ ਦੌਰਾਨ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚੋਂ ਹੈਰੋਇਨ ਸਮੇਤ ਇਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਬੀਐਸਐਫ ਦੇ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਟੈਲੀਜੈਂਸ ਵਿੰਗ ਦੀ ਠੋਸ ਜਾਣਕਾਰੀ ਦੇ ਆਧਾਰ 'ਤੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਬੀਐਸਐਫ ਅਤੇ ਐਨਸੀਬੀ ਅੰਮ੍ਰਿਤਸਰ ਦੇ ਜਵਾਨਾਂ ਨੇ ਬੀਤੀ ਰਾਤ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਣੀਆਂ ਦੇ ਇੱਕ ਸ਼ੱਕੀ ਵਿਅਕਤੀ ਦੇ ਘਰ 'ਤੇ ਛਾਪਾ ਮਾਰਿਆ। ਉਥੋਂ ਇੱਕ ਵਿਅਕਤੀ ਨੂੰ ਉਸ ਦੇ ਘਰ ਦੇ ਵਿਹੜੇ ਵਿੱਚ ਇੱਟਾਂ ਦੇ ਢੇਰ ਹੇਠ ਲੁਕਾਏ ਹੋਏ ਸ਼ੱਕੀ ਨਸ਼ੀਲੇ ਪਦਾਰਥ ਹੈਰੋਇਨ ਦੇ 2 ਪੈਕੇਟ (804 ਗ੍ਰਾਮ) ਸਮੇਤ ਗ੍ਰਿਫ਼ਤਾਰ ਕੀਤਾ। ਉਸਦੇ ਕਬਜ਼ੇ ਵਿੱਚੋਂ ਇੱਕ ਕੀਪੈਡ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ।
ਉਨ੍ਹਾਂ ਦਸਿਆ ਕਿ ਫੜਿਆ ਗਿਆ ਤਸਕਰ ਅੰਮ੍ਰਿਤਸਰ ਦੇ ਪਿੰਡ ਰਣੀਆਂ ਦਾ ਵਸਨੀਕ ਹੈ। ਉਸ ਦੇ ਨਸ਼ਾ ਤਸਕਰਾਂ ਨਾਲ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੀਐਸਐਫ ਦੇ ਜਵਾਨਾਂ ਦੀ ਚੌਕਸੀ ਅਤੇ ਖੁਫੀਆ ਵਿੰਗ ਦੀ ਠੋਸ ਜਾਣਕਾਰੀ ਦੇ ਕਾਰਨ ਹੈਰੋਇਨ ਦੀ ਖੇਪ ਦੀ ਬਰਾਮਦਗੀ ਦੇ ਨਾਲ ਨਾਰਕੋ ਤਸਕਰ ਦੀ ਇਹ ਗ੍ਰਿਫ਼ਤਾਰੀ ਸੰਭਵ ਹੋਈ ਹੈ।