For the best experience, open
https://m.punjabitribuneonline.com
on your mobile browser.
Advertisement

ਮਨ ਦੀ ਘੁੰਮਣਘੇਰੀ ਤੇ ਕੈਨੇਡਾ ਦਾ ਸਫ਼ਰ

08:00 AM Jul 03, 2024 IST
ਮਨ ਦੀ ਘੁੰਮਣਘੇਰੀ ਤੇ ਕੈਨੇਡਾ ਦਾ ਸਫ਼ਰ
Advertisement

ਸੁਖਦੇਵ ਸਿੰਘ ਭੁੱਲੜ

ਇਹ ਤਾਂ ਯਾਦ ਚੇਤੇ ਵੀ ਨਹੀਂ ਸੀ ਕਿ ਕੈਨੇਡਾ ਜਾਣਾ ਹੈ। ਸੱਚ ਪੁੱਛੋ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਕੈਨੇਡਾ ਜਾਣ ਦਾ ਕੋਈ ਸਬੱਬ ਬਣ ਜਾਵੇਗਾ। ਇਹ ਸਭ ਅੰਨ ਪਾਣੀ ਦੀ ਖੇਡ ਹੈ। ਜਿੱਥੇ ਲਿਖਿਆ ਹੈ, ਹਰ ਹਾਲ ਚੁਗਣਾ ਪੈਂਦਾ ਹੈ। ਸਾਡੇ ਬਜ਼ੁਰਗ ਆਖਦੇ ਆ: ਦਾਣਾ ਪਾਣੀ ਖਿੱਚ ਲਿਜਾਂਦਾ, ਕੌਣ ਕਿਸੇ ਦਾ ਖਾਂਦਾ। ਇਸ ਹਕੀਕਤ ਤੋਂ ਮੁਨਕਰ ਨਹੀਂ ਹੋਇਆ ਜਾਂਦਾ। ਬੰਦੇ ਦੇ ਹੱਥ ਵੱਸ ਕੁਝ ਨਹੀਂ ਹੈ।
ਗੱਲ ਇਸ ਤਰ੍ਹਾਂ ਬਣੀ ਕਿ ਮੇਰਾ ਇੱਕ ਦੋਸਤ ਹੈ, ਮੇਰੇ ਗੁਆਂਢੀ ਪਿੰਡ ਕਾਂਗੜ ਤੋਂ। ਉਸ ਨੇ ਮੈਨੂੰ ਕੈਨੇਡਾ ਲਿਜਾਣ ਲਈ ਬਹੁਤ ਵਾਰ ਕਿਹਾ, ਪਰ ਮੈਂ ਜਾਣ ਲਈ ਤਿਆਰ ਨਹੀਂ ਸੀ। ਸ਼ਾਇਦ ਅਜੇ ਦਾਣਾ ਪਾਣੀ ਨਹੀਂ ਸੀ। ਕਈ ਸਾਲ ਸਮੇਂ ਨੇ ਖਾ ਲਏ। ਸਮਾਂ ਬੀਤਦਿਆਂ ਪਤਾ ਹੀ ਨਾ ਲੱਗਾ। ਸਭ ਆਪੋ ਆਪਣੇ ਕੰਮਾਂ ਵਿੱਚ ਰੁਝੇ ਹੋਏ ਸਨ।
ਸਾਲ 2019 ਵਿੱਚ ਫਰਵਰੀ ਮਹੀਨਾ ਆਪਣੇ ਤਿੰਨ ਹਫ਼ਤੇ ਖਾ ਚੁੱਕਾ ਸੀ ਤੇ ਅਖ਼ੀਰਲਾ ਹਫ਼ਤਾ ਆਪਣੇ ਖ਼ਾਤਮੇ ਦਾ ਪੰਧ ਨਿਬੇੜਨ ਲਈ ਵਾਹੋਦਾਹੀ ਭੱਜ ਤੁਰਿਆ ਸੀ। ਮੈਨੂੰ ਪੱਕਾ ਯਾਦ ਏ ਕਿ ਉਸ ਦਿਨ 22 ਫਰਵਰੀ ਸੀ। ਜਦੋਂ ਮੇਰੇ ਫੋਨ ਦੀ ਘੰਟੀ ਖੜਕੀ। ਸਕਰੀਨ ’ਤੇ ਦਰਸ਼ਨ ਸਿੰਘ ਧਾਲੀਵਾਲ ਦਾ ਨਾਂ ਸੀ। ਹਾਲ ਚਾਲ ਪੁੱਛਣ ਤੋਂ ਬਾਅਦ ਉਸ ਨੇ ਫਿਰ ਮੈਨੂੰ ਕੈਨੇਡਾ ਆਉਣ ਲਈ ਕਿਹਾ। ਇਸ ਵਾਰ ਮੈਂ ਇਨਕਾਰ ਨਹੀਂ ਕੀਤਾ, ਸਗੋਂ ਸੱਦਾ ਮਨਜ਼ੂਰ ਕਰ ਲਿਆ। ਕਾਫ਼ੀ ਚਿਰ ਗੱਲਾਂ ਕਰਨ ਤੋਂ ਬਾਅਦ ਮੇਰੀ ਹਾਂ ਪੱਕੀ ਸੀ। ਫਿਰ ਮੇਰੀ ਵੱਡੇ ਵੀਰ ਹਰਜੀਤ ਸਿੰਘ ਸਿੱਧੂ, ਜਿਨ੍ਹਾਂ ਨੂੰ ਜ਼ਿਆਦਾਤਰ ‘ਪੱਪੂ’ ਦੇ ਨਾਂ ਨਾਲ ਜਾਣਿਆ ਜਾਂਦਾ ਏ, ਨਾਲ ਫੋਨ ’ਤੇ ਗੱਲ ਹੋਈ। ਦਰਸ਼ਨ ਸਿੰਘ ਤੇ ਹਰਜੀਤ ਸਿੰਘ ਦੋਵੇਂ ਚੰਗੇ ਦੋਸਤ ਹੋਣ ਦੇ ਨਾਲ-ਨਾਲ ਗੁਰਦੁਆਰਾ ਭਵ ਸਾਗਰ ਤਾਰਨ ਓਲੀਵਰ ਅਸੋਈਅਸ (ਬੀਸੀ) ਦੇ ਪ੍ਰਬੰਧਕ ਵੀ ਹਨ। ਉਨ੍ਹਾਂ ਨੂੰ ਗੁਰੂ ਘਰ ਲਈ ਗ੍ਰੰਥੀ ਸਿੰਘ ਦੀ ਲੋੜ ਸੀ ਤੇ ਉਹ ਇਸ ਡਿਊਟੀ ਲਈ ਮੈਨੂੰ ਸੱਦਣਾ ਚਾਹੁੰਦੇ ਸਨ। ਪਿੰਡ ਵੀ ਮੈਂ ਖੇਤੀਬਾੜੀ ਦੇ ਨਾਲ-ਨਾਲ ਆਸੇ-ਪਾਸੇ ਪਾਠ ਕਰਨ ਜਾਂਦਾ ਰਹਿੰਦਾ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਦਾ ਫੋਨ ਆਉਣ ਤੋਂ ਇੱਕ ਦਿਨ ਪਹਿਲਾਂ ਭਾਵ 21 ਫਰਵਰੀ ਨੂੰ ਮੇਰਾ ਪਾਸਪੋਰਟ ਰੀਨਿਊ ਹੋ ਕੇ ਆਇਆ ਸੀ। ਇਸੇ ਸਾਲ ਦੇ ਮਈ ਮਹੀਨੇ ਵਿੱਚ ਮੇਰੇ ਪਾਸਪੋਰਟ ਦੀ ਮਿਆਦ ਖ਼ਤਮ ਹੋ ਜਾਣੀ ਸੀ। ਇਹ ਵੀ ਇੱਕ ਸੰਜੋਗ ਹੀ ਹੈ ਕਿ ਦਰਸ਼ਨ ਸਿੰਘ ਦਾ ਫੋਨ ਆਉਣ ਤੋਂ ਪਹਿਲਾਂ ਪਾਸਪੋਰਟ ਨਵਾਂ ਬਣ ਕੇ ਆ ਚੁੱਕਾ ਸੀ। ਇਹ ਵੀ ਵਾਹਿਗੁਰੂ ਦੇ ਰੰਗ ਨੇ, ਸਾਡੀ ਜ਼ਿੰਦਗੀ ਵਿੱਚ ਕੀ ਹੋਣਾ ਏ? ਕਿਸ ਤਰ੍ਹਾਂ ਹੋਣਾ ਏ? ਕਦੋਂ ਹੋਣਾ ਏ? ਇਹ ਸਭ ਕਰਤੇ ਦੇ ਹੱਥ ਵਿੱਚ ਹੈ। ਗੁਰੂ ਅਰਜਨ ਦੇਵ ਜੀ ਦਾ ਬੜਾ ਪਿਆਰਾ ਬਚਨ ਹੈ:
ਪਹਿਲੋ ਦੇ ਤੈਂ ਰਿਜਕੁ ਸਮਾਹਾ।।
ਪਿਛੋ ਦੇ ਤੈਂ ਜੰਤੁ ਉਪਾਹਾ।।
ਭਾਵ ਜੀਵ ਨੂੰ ਜਨਮ ਦੇਣ ਤੋਂ ਪਹਿਲਾਂ ਉਹ ਦਾ ਰਿਜਕ ਲਿਖਿਆ ਜਾਂਦਾ ਹੈ। ਕਿੱਥੇ ਦੇਣਾ ਏ? ਕਿਵੇਂ ਦੇਣਾ ਏ? ਕਿੰਨਾ ਦੇਣਾ ਏ? ਕਿਸ ਤਰ੍ਹਾਂ ਦੇਣਾ ਏ? ਧੀਆਂ-ਪੁੱਤ, ਦੁੱਖ-ਸੁੱਖ ਆਦਿ ਜ਼ਿੰਦਗੀ ਦਾ ਪੂਰਾ ਬਿਊਰਾ ਬਣਾਇਆ ਜਾਂਦਾ ਹੈ। ਉਸ ਤੋਂ ਬਾਅਦ ਜੀਵ ਜਨਮ ਲੈਂਦਾ ਹੈ। ਜ਼ਿੰਦਗੀ ਦੀ ਭੱਜ-ਦੌੜ ਉਸ ਕਰਤੇ ਦੀ ਖੇਡ ਹੈ। ‘ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ’ ਦੇ ਮਹਾਂਵਾਕ ਅਨੁਸਾਰ ਜੀਵ ਸੰਸਾਰੀ ਖੇਡ ਵਿੱਚ ਮਸਤ ਹੈ।
ਇਸ ਤੋਂ ਦੋ ਕੁ ਦਿਨ ਬਾਅਦ ਹੀ ਮੈਨੂੰ ਗੁਰੂ ਘਰ ਵੱਲੋਂ ਸਪਾਂਸਰਸ਼ਿਪ ਲੈਟਰ ਈਮੇਲ ਮਿਲ ਗਿਆ। ਉਸ ਤੋਂ ਬਾਅਦ ਵੀਜ਼ੇ ਲਈ ਅਪਲਾਈ ਕਰਨ ਲਈ ਕਾਗਜ਼ ਪੱਤਰਾਂ ਦੀ ਤਿਆਰੀ ਵਿੱਢ ਲਈ। ਕਈਆਂ ਤੋਂ ਸਲਾਹ ਮਸ਼ਵਰਾ ਲਿਆ ਤੇ ਅੰਤ ਚੰਡੀਗੜ੍ਹ ਪਹੁੰਚ ਗਿਆ। ਇੱਕ ਏਜੰਟ ਤੋਂ ਫਾਈਲ ਭਰਵਾ ਕੇ ਕੈਨੇਡਾ ਅੰਬੈਸੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤੀ। ਈਮੇਲ ਰਾਹੀਂ ਮੈਸੇਜ ਆ ਗਿਆ। ਕੰਮ ਹੋ ਗਿਆ ਹੈ। ਕਰੀਬ ਪੰਦਰਾਂ ਤੋਂ ਵੀਹ ਦਿਨਾਂ ਵਿੱਚ ਵੀਜ਼ਾ ਲੱਗ ਕੇ, ਪਾਸਪੋਰਟ ਮਿਲ ਗਿਆ। ਛੇ ਮਹੀਨਿਆਂ ਦੀ ਐਂਟਰੀ ਮਿਲੀ ਸੀ।
ਸੱਚ ਪੁੱਛੋ ਤਾਂ ਮੈਨੂੰ ਯਕੀਨ ਜਿਹਾ ਨਹੀਂ ਸੀ ਹੋ ਰਿਹਾ। ਪਤਾ ਨਹੀਂ, ਕਿਉਂ ? ਆਮ ਲੋਕਾਂ ਤੋਂ ਸੁਣਦੇ ਸਾਂ ਕਿ ਕੈਨੇਡਾ ਤੇ ਅਮਰੀਕਾ ਜਾਣ ਲਈ ਲੱਖਾਂ ਰੁਪਏ ਲੱਗਦੇ ਨੇ, ਪਰ ਮੇਰਾ ਤਾਂ ਦਸ ਕੁ ਹਜ਼ਾਰ ਨਾਲ ਹੀ ਸਰ ਗਿਆ ਸੀ। ਸ਼ਾਇਦ ਥੋੜ੍ਹੇ ਜਿਹੇ ਪੈਸੇ ਲੱਗਣ ਕਰਕੇ ਯਕੀਨ ਨਹੀਂ ਸੀ ਹੋ ਰਿਹਾ। ਇਹ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਵੀਜ਼ਿਆਂ ਦੀ ਵੀ ਵੱਖ-ਵੱਖ ਫੀਸ ਹੁੰਦੀ ਹੈ। ਵੀਜ਼ਾ ਲੱਗਣ ਤੋਂ ਬਾਅਦ ਜਾਣ ਦੀ ਤਿਆਰੀ ਆਰੰਭ ਹੋਈ। ਮੇਰਾ ਕਈ ਵਾਰ ਦਿਲ ਕਰਦਾ ਕਿ ਨਾ ਜਾਵਾਂ? ਕਦੇ ਮਨ ਬਣਾਵਾਂ ਕਿ ਚਲਾ ਜਾਵਾਂ? ਇਸ ਦੋਚਿੱਤੀ ਵਿੱਚ ਕਈ ਦਿਨ ਲੰਘ ਗਏ। ਹੁਣ ਤੱਕ ਕਈ ਦੋਸਤਾਂ ਮਿੱਤਰਾਂ ਨੂੰ ਪਤਾ ਲੱਗ ਚੁੱਕਾ ਸੀ। ਉਨ੍ਹਾਂ ਵੱਲੋਂ ਮੁਬਾਰਕਾਂ ਮਿਲਣ ਨਾਲ ਕੈਨੇਡਾ ਜਾਣ ਦੀ ਹੱਲਾਸ਼ੇਰੀ ਵੀ ਮਿਲੀ। ਤੁਸੀਂ ਮੰਨੋ, ਬੇਸ਼ੱਕ ਨਾ ਮੰਨੋ। ਪਰ ਇਹ ਸੱਚ ਹੈ ਕਿ ਮੇਰਾ ਜਾਣ ਲਈ ਹੌਸਲਾ ਨਹੀਂ ਸੀ ਪੈਂਦਾ ਤੇ ਨਾ ਨਾਂਹ ਕਰਨ ਨੂੰ ਜੀਅ ਕਰਦਾ ਸੀ। ਪੰਜਾਬੀ ਕਹਾਵਤ ਅਨੁਸਾਰ ਮੈਂ ਦੋ ਬੇੜੀਆਂ ਦਾ ਸਵਾਰ ਸੀ।
ਮੇਰੇ ਕੈਨੇਡਾ ਜਾਣ ਦੀ ਸਭ ਤੋਂ ਜ਼ਿਆਦਾ ਖ਼ੁਸ਼ੀ ਲਛਮਣ ਸਿੰਘ ਨੂੰ ਸੀ। ਉਹ ਮੇਰਾ ਭਰਾ ਹੋਣ ਦੇ ਨਾਲ ਨਾਲ ਗੂੜ੍ਹਾ ਮਿੱਤਰ ਵੀ ਸੀ। ਉਸ ਨੂੰ ਅੰਤਾਂ ਦਾ ਚਾਅ ਸੀ। ਉਸ ਨੇ ਹਰ ਰੋਜ਼ ਪੁੱਛਣਾ :
‘‘ਟਿਕਟ ਲੈ ਲਈ।’’
‘‘ਏਅਰ ਪੋਰਟ ’ਤੇ ਮੈਂ ਛੱਡ ਕੇ ਆਵਾਂਗਾ। ਹੋਰ ਨਾ ਕਿਸੇ ਨੂੰ ਕਹਿ ਦੀਂ?’’
ਲਛਮਣ ਬੜਾ ਕਾਹਲਾ ਸੀ ਕਿ ਮੈਂ ਹੁਣ ਦੇਰ ਨਾ ਕਰਾਂ। ਜਿੰਨੀ ਛੇਤੀ ਹੋ ਸਕੇ, ਕੈਨੇਡਾ ਚਲਾ ਜਾਵਾਂ। ਮੈਂ ਬੜੀ ਮੱਠੀ ਚਾਲ ਚੱਲ ਰਿਹਾ ਸੀ। ਓਧਰੋਂ ਦਰਸ਼ਨ ਵੀ ਛੇਤੀ ਚੜ੍ਹ ਆਉਣ ਲਈ ਕਹਿ ਰਿਹਾ ਸੀ। ਇਸੇ ਕਸ਼ਮਕਸ਼ ਵਿੱਚ ਰਿਟਰਨ ਟਿਕਟ ਲੈ ਲਈ। 9 ਅਪਰੈਲ ਦੀ ਫਲਾਈਟ ਸੀ। ਗਿਣਤੀ ਦੇ ਦਿਨ ਆਮ ਦਿਨਾਂ ਨਾਲੋਂ ਛੇਤੀ ਲੰਘਦੇ ਹਨ। ਨਿੱਕੀ ਮੋਟੀ ਤਿਆਰੀ ਕਰਦਿਆਂ 9 ਅਪਰੈਲ ਵੀ ਆ ਗਈ। ਸਵੇਰੇ ਜਲਦੀ ਉੱਠ ਕੇ ਤਿਆਰ ਹੋਇਆ। ਤਿਆਰੀ ਕਰਦਿਆਂ ਲਛਮਣ ਕਾਰ ਲੈ ਕੇ ਆ ਗਿਆ। ਨਾਲ ਉਹਦਾ ਪਰਿਵਾਰ ਵੀ ਸੀ, ਉਨ੍ਹਾਂ ਰਾਹ ਵਿੱਚ ਉਤਰ ਜਾਣਾ ਸੀ। ਦਿੱਲੀ ਏਅਰਪੋਰਟ ’ਤੇ ਅਸੀਂ ਦੋਨਾਂ ਨੇ ਹੀ ਜਾਣਾ ਸੀ।
ਕਰੀਬ ਸੱਤ ਸਵਾ ਸੱਤ ਦਾ ਸਮਾਂ ਸੀ। ਜਦੋਂ ਮੈਂ ਪਰਿਵਾਰ ਦੇ ਜੀਆਂ ਨੂੰ ਮਿਲ ਕੇ ਦਿੱਲੀ ਵੱਲ ਰਵਾਨਾ ਹੋਇਆ। ਪਹਿਲੀ ਵਾਰ ਕੈਨੇਡਾ ਚੱਲਿਆ ਸੀ, ਥੋੜ੍ਹੀ ਬੈਚੇਨੀ ਜਿਹੀ ਵੀ ਹੋਈ। ਰਾਹ ਵਿੱਚ ਵੀ ਕਈ ਵਾਰ ਖ਼ਿਆਲ ਆਇਆ ਕਿ ‘‘ਮਨਾ! ਛੱਡ ਕੈਨੇਡਾ ਨੂੰ...ਮੁੜ ਚੱਲ ਘਰ ਨੂੰ...!’’ ਫਿਰ ਸੋਚਦਾ: ਟਿਕਟ ’ਤੇ ਪੈਸੇ ਲੱਗੇ ਹਨ, ਉਹ ਬੇਕਾਰ ਜਾਣਗੇ। ਕਈ ਵਾਰ ਪਿੰਡ ਮੁੜਨ ਦਾ ਖ਼ਿਆਲ ਆਇਆ, ਪਰ ਲਛਮਣ ਨੂੰ ਬੋਲ ਕੇ ਨਾ ਕਹਿ ਸਕਿਆ। ਇਹ ਹਕੀਕਤ ਹੈ ਕਿ ਦਿੱਲੀ ਤੱਕ ਦਾ ਸਫ਼ਰ ਮੈਂ ਏਸੇ ਕਸ਼ਮਕਸ਼ ਵਿੱਚ ਹੀ ਕੀਤਾ। ਰਾਹ ਵਿੱਚ ਰੁਕਦੇ-ਰੁਕਾਉਂਦੇ ਸ਼ਾਮ ਨੂੰ ਏਅਰਪੋਰਟ ’ਤੇ ਪਹੁੰਚ ਗਏ। ਅਟੈਚੀ ਤੇ ਹੈਂਡ ਬੈਗ ਚੁੱਕ ਲਛਮਣ ਨਾਲ ਇੱਕ ਸੈਲਫੀ ਲੈ ਕੇ ਟਰਮੀਨਲ ’ਚ ਦਾਖਲ ਹੋ ਗਿਆ। ਸਕਿਉਰਿਟੀ ਵਾਲੇ ਨੇ ਪਾਸਪੋਰਟ ਚੈੱਕ ਕੀਤਾ ਤੇ ਮੈਂ ਪੁੱਛ ਕੇ ਟਿਕਟ ਤੇ ਸਾਮਾਨ ਜਮ੍ਹਾਂ ਕਰਾਉਣ ਲਈ ਕਾਊਂਟਰ ’ਤੇ ਪਹੁੰਚਿਆ। ਪੰਜ ਸੱਤ ਮਿੰਟਾਂ ਵਿੱਚ ਇਹ ਵੀ ਕੰਮ ਨਿੱਬੜ ਗਿਆ। ਬੋਰਡਿੰਗ ਤੋਂ ਵਿਹਲਾ ਹੋ ਕੇ ਕੁਝ ਚਿਰ ਏਧਰ-ਓਧਰ ਬੇਮਤਲਬ ਜਿਹਾ ਘੁੰਮਦਾ ਰਿਹਾ ਤੇ ਫਿਰ ਉੱਥੇ ਜਾ ਬੈਠਾ ਜਿੱਥੋਂ ਸਾਡੇ ਜਹਾਜ਼ ਨੇ ਉੱਡਣਾ ਸੀ।
ਸ਼ਾਮ ਨੂੰ ਸਵਾ ਅੱਠ ਵਜੇ ਜਹਾਜ਼ ਨੇ ਉੱਡਣਾ ਸੀ। ਸੱਚੀਂ ਮੈਨੂੰ ਥੋੜ੍ਹੀ ਜਿਹੀ ਘਬਰਾਹਟ ਮਹਿਸੂਸ ਹੋ ਰਹੀ ਸੀ। ਮੈਨੂੰ ਤਾਂ ਏਹੀ ਤੌਖਲਾ ਸੀ ਕਿ ਜੇ ਉੱਪਰ ਜਾ ਕੇ ਜਹਾਜ਼ ਨੂੰ ਕੁਝ ਹੋ ਗਿਆ। ਫਿਰ ਕੀ ਬਣੂੰ? ਅਗਲੇ ਪਲ ਮਚਲਾ ਮਨ ਬੋਲ ਪਿਆ-‘‘ਬਣਨਾ ਕੀ ਏ, ਬਿਆਲੀ ਲੱਖ ਜੂਨਾਂ ਪਾਣੀ ਵਿੱਚ ਏਸੇ ਕੰਮ ਵਾਸਤੇ ਈ ਆ।’’ ਸੋਚਿਆ: ‘‘ਮਨਾ! ਹੁਣ ਪਿੱਛੇ ਮੁੜਨ ਦਾ ਤਾਂ ਸੁਆਲ ਈ ਪੈਦਾ ਨਹੀਂ ਹੁੰਦਾ।’’ ਫਿਰ ਕਰੜਾ ਜਿਹਾ ਮਨ ਕਰਕੇ ਏਅਰ ਇੰਡੀਆ ’ਚ ਜਾ ਸੀਟ ਮੱਲੀ। ਮੇਰੀ ਸੀਟ ਵਿਚਾਲੜੀ ਲਾਈਨ ਦੀਆਂ ਤਿੰਨਾਂ ਸੀਟਾਂ ਦੇ ਵਿਚਾਲੇ ਸੀ। ਜਦੋਂ ਜਹਾਜ਼ ਰਨਵੇ ’ਤੇ ਦੌੜਿਆ ਤਾਂ ਮੈਂ ਸਾਰੇ ਗੁਰੂ ਤੇ ਸੈਂਕੜੇ ਸ਼ਹੀਦ ਪਲਾਂ ’ਚ ਹੀ ਧਿਆ ਲਏ। ਜਦੋਂ ਉੱਡਣ ਖਟੋਲੇ ਨੇ ਆਕਾਸ਼ ਵੱਲ ਮੂੰਹ ਚੁੱਕ ਲਿਆ ਤਾਂ ਉਹਦੇ ਪੈਂਦੇ ਸ਼ੋਰ ਨੇ ਕੰਨ ਬੋਲੇ ਕਰ ਦਿੱਤੇ ਤੇ ਅੱਖਾਂ ਮੈਂ ਪੂਰੇ ਜ਼ੋਰ ਨਾਲ ਬੰਦ ਕਰ ਲਈਆਂ। ਮੇਰੀ ਹਾਲਤ ਪੰਜਾਬੀ ਕਹਾਵਤ ‘ਬਿੱਲੀ ਨੂੰ ਵੇਖ ਕੇ ਕਬੂਤਰ ਨੇ ਅੱਖਾਂ ਮੀਟ ਲਈਆਂ’ ਵਾਲੀ ਸੀ। ਇਹ ਹਕੀਕਤ ਹੈ, ਕਲਪਨਾ ਨਹੀਂ। ਪਹਿਲੀ ਵਾਰ ਜਹਾਜ਼ ’ਚ ਸਫ਼ਰ ਕੀਤਾ ਸੀ। ਸੋ ਮੈਂ ਪਾਠ ਕਰਨ ਲੱਗ ਪਿਆ। ਇਸ ਦੇ ਨਾਲ ਮਾਨਸਿਕ ਬਲ ਮਿਲਿਆ। ਜਹਾਜ਼ ਬੱਦਲਾਂ ਵਿੱਚ ਗੁਆਚ ਗਿਆ। ਵਿੱਚ ਬੈਠਿਆਂ ਨੂੰ ਇਉਂ ਮਹਿਸੂਸ ਹੁੰਦਾ ਸੀ, ਜਿਵੇਂ ਤੁਰਦਾ ਨਹੀਂ, ਸਗੋਂ ਐਵੇਂ ਹਿੱਲੀ ਜਾਂਦਾ ਏ। ਮਗਰ ਜਦੋਂ ਸਾਹਮਣੇ ਲੱਗੀ ਸਕਰੀਨ ’ਤੇ ਚੈੱਕ ਕੀਤਾ ਤਾਂ ਇੱਕ ਹਜ਼ਾਰ ਕਿਲੋਮੀਟਰ ਦੀ ਸਪੀਡ ਦੇ ਆਸ-ਪਾਸ ਸੀ। ਕਦੇ ਮਾਈਨਸ ਤੇ ਕਦੇ ਪਲੱਸ ਹੋ ਜਾਂਦਾ ਸੀ। ਜਹਾਜ਼ ਦੇ ਅੰਦਰਲਾ ਮਾਹੌਲ ਕਾਫ਼ੀ ਸੁਖਾਵਾਂ ਸੀ। ਕਿਤੇ ਕਿਤੇ ਮੌਸਮ ਖ਼ਰਾਬ ਹੋਣ ਨਾਲ ਜਹਾਜ਼ ਨੂੰ ਧੱਕਾ ਵੱਜਦਾ। ਇਉਂ ਜਾਪਦਾ, ਜਿਵੇਂ ਜਹਾਜ਼ ਪੁੱਠਾ ਹੋ ਜਾਏਗਾ। ਵਿੱਚ-ਵਿੱਚ ਅਨਾਊਂਸਮੈਂਟ ਵੀ ਹੋ ਰਹੀ ਸੀ ਕਿ ਬਾਹਰ ਮੌਸਮ ਖ਼ਰਾਬ ਹੈ, ਤੁਸੀਂ ਚਿੰਤਾ ਨਾ ਕਰੋ।
ਮੇਰੇ ਇੱਕ ਪਾਸੇ ਸਟੱਡੀ ਵੀਜ਼ੇ ’ਤੇ ਜਾ ਰਿਹਾ ਸਟੂਡੈਂਟ ਸੀ ਤੇ ਦੂਜੇ ਪਾਸੇ ਮੇਰੇ ਤੋਂ ਕਰੀਬ ਛੇ-ਸੱਤ ਸਾਲ ਵੱਡਾ ਬਜ਼ੁਰਗ ਸੀ। ਉਸ ਨੇ ਦੋ ਕੁ ਪੈੱਗ ਲਾ ਲਏ ਸੀ ਤੇ ਅਜੇ ਏਅਰਹੋਸਟੈੱਸ ਤੋਂ ਹੋਰ ਮੰਗ ਰਿਹਾ ਸੀ। ਪਹਿਲਾਂ ਤਾਂ ਉਸ ਨੇ ਅਣਸੁਣਿਆ ਕਰ ਦਿੱਤਾ, ਪਰ ਬਾਬਾ ਨਾ ਟਲਿਆ। ਏਅਰਹੋਸਟੈੱਸ ਨੇ ਇੱਕ ਲਾਰਜ ਪੈੱਗ ਹੋਰ ਦੇ ਦਿੱਤਾ। ਬਾਬੇ ਨੇ ਬਿਨਾਂ ਬਰੇਕ ਲਾਏ ਇੱਕੋ ਡੀਕ ਵਿੱਚ ਅੰਦਰ ਸੁੱਟ ਲਿਆ।
‘‘ਬਾਬਾ ਜੀ! ਤੁਹਾਡਾ ਸ਼ੁਭ ਨਾਮ?’’ ਮੈਂ ਸੁਭਾਵਿਕ ਹੀ ਪੁੱਛ ਲਿਆ।
‘‘ਕਰਮ ਸਿੰਘ, ਲੁਧਿਆਣਾ ਜ਼ਿਲ੍ਹਾ!’’ ਉਹਦੇ ਮੂੰਹ ’ਚੋਂ ਸ਼ਰਾਬ ਦੀ ਗੰਧ ਮੇਰੇ ਤੱਕ ਵੀ ਅੱਪੜ ਰਹੀ ਸੀ। ਉਸ ਨੇ ਦਾੜ੍ਹੀ ਉੱਪਰੋਂ ਹੱਥ ਫੇਰਿਆ।
‘‘ਓਕੇ! ਤੁਸੀਂ ਏਨੀ ਸ਼ਰਾਬ ਕਾਹਤੋਂ ਪੀ ਰਹੇ ਓ?’’ ਉਸ ਦਾ ਵਾਰ-ਵਾਰ ਸ਼ਰਾਬ ਮੰਗਣਾ ਮੈਨੂੰ ਚੰਗਾ ਨਹੀਂ ਸੀ ਲੱਗਦਾ।
‘‘ਤਾਂ ਕਰਕੇ ਕਿ ਜੇ ਕਿਤੇ ਜਹਾਜ਼ ਡਿੱਗ-ਡੁੱਗ ਪਿਆ ਤਾਂ ਸੱਟ-ਫੇਟ ਨਹੀਂ ਲੱਗਦੀ।’’ ਉਸ ਨੇ ਬੜੇ ਸਹਿਜ ਭਾਵ ਨਾਲ ਆਖਿਆ।
‘‘ਸੱਟ-ਫੇਟ ਨਹੀਂ ਲੱਗਦੀ ਕਿ ਲੱਗੀ ਦਾ ਪਤਾ ਨਹੀਂ ਲੱਗਣਾ।’’ ਮੇਰਾ ਹਾਸਾ ਨਿਕਲ ਗਿਆ। ਇਹ ਪਹਿਲੀ ਦਫ਼ਾ ਸੀ ਕਿ ਮੈਂ ਲੋਈ ’ਚ ਮੂੰਹ ਦੇ ਕੇ ਹੱਸਿਆ ਸੀ। ਵਰਨਾ ਜਦੋਂ ਦਾ ਜਹਾਜ਼ ਉੱਡਿਆ ਹੋਇਆ ਸੀ, ਬਾਬੇ ਵਾਲਾ ਡਰ ਕਿਤੇ ਨਾ ਕਿਤੇ ਮੇਰੇ ਅੰਦਰ ਵੀ ਸੀ। ਪਰ ਮੈਂ ਤਾਂ ਲੋਈ ਨਾਲ ਮੂੰਹ ਢੱਕ ਕੇ ਤੇ ਅੱਖਾਂ ਮੀਟ ਲਈਆਂ ਸਨ। ਫਿਰ ਪਤਾ ਹੀ ਨਹੀਂ ਲੱਗਾ, ਕਦੋਂ ਨੀਂਦ ਨੇ ਆ ਘੇਰਿਆ। ਸਫ਼ਰ ਅੱਧਿਓਂ ਜ਼ਿਆਦਾ ਤੈਅ ਹੋ ਚੁੱਕਾ ਸੀ, ਜਦ ਏਅਰਹੋਸਟੈੱਸ ਨੇ ਹਲੂਣ ਕੇ ਜਗਾਇਆ। ਉਹ ਖਾਣੇ ਵਾਲੀ ਪਲੇਟ ਲੈਣ ਲਈ ਕਹਿ ਰਹੀ ਸੀ। ਮੈਂ ਮੂੰਹ ’ਤੇ ਹੱਥ ਫੇਰਿਆ ਤੇ ਡਿਸਪੋਜ਼ੇਬਲ ਪਲੇਟ ਫੜ ਲਈ।
ਦਿਨ ਚੜ੍ਹ ਚੁੱਕਾ ਸੀ ਤੇ ਸੂਰਜ ਵੀ ਲੰਮੀ ਰੇਸ ਲਈ ਸਰੀਰ ਜੋਹ ਰਿਹਾ ਸੀ, ਜਦ ਜਹਾਜ਼ ਜਪਾਨ ਦੀ ਰਾਜਧਾਨੀ ਟੋਕੀਓ ਦੇ ਨਾਰੇਟਾ ਏਅਰਪੋਰਟ ’ਤੇ ਉਤਰਨ ਲਈ ਖੰਭ ਫੜਫੜਾਉਣ ਲੱਗਾ। ਇੱਥੇ ਛੇ ਘੰਟਿਆਂ ਦੇ ਸਟੇਅ ਤੋਂ ਬਾਅਦ ਵੈਨਕੂਵਰ ਦਾ ਅਗਲਾ ਸਫ਼ਰ ਸ਼ੁਰੂ ਹੋਣਾ ਸੀ। ਇਹ ਛੇ ਘੰਟੇ ਏਅਰਪੋਰਟ ਵਿੱਚ ਏਧਰ ਓਧਰ ਘੁੰਮ ਕੇ ਕੱਢੇ। ਇੱਥੇ ਮੈਂ, ਰਜਿੰਦਰ ਪਟਿਆਲਾ ਤੇ ਗੁਰਪ੍ਰੀਤ ਥਿੰਦ ਨੇ ਇਕੱਠਿਆਂ ਇੱਕ ਇੱਕ ਕੱਪ ਕੌਫ਼ੀ ਦਾ ਪੀਤਾ। ਛੇ ਘੰਟਿਆਂ ਦੇ ਸਟੇਅ ਵਿੱਚ ਇਹ ਵੀ ਮਸਾਂ ਈ ਨਸੀਬ ਹੋਇਆ ਸੀ। ਗੱਲ ਇੰਝ ਹੋਈ ਕਿ ਸਾਡੇ ਕੋਲ ਜਪਾਨੀ ਕਰੰਸੀ ਨਹੀਂ ਸੀ। ਇੰਡੀਆ ਤੇ ਕੈਨੇਡਾ ਦੀ ਕਰੰਸੀ ਉੱਥੇ ਚੱਲਦੀ ਨਹੀਂ ਸੀ। ਸਥਾਨਕ ਕਰੰਸੀ ਤੋਂ ਬਿਨਾਂ ਸਿਰਫ਼ ਅਮਰੀਕਨ ਡਾਲਰ ਚੱਲਦਾ ਸੀ ਤੇ ਉਹ ਸਾਡੇ ਤਿੰਨਾਂ ’ਚੋਂ ਕਿਸੇ ਕੋਲ ਵੀ ਨਹੀਂ ਸੀ। ਫਿਰ ਇੱਕ ਗੁਰਸਿੱਖ ਮੁੰਡੇ ਨੇ ਸਾਨੂੰ ਕੁਝ ਰੁਪਏ ਬਦਲਾ ਕੇ ਦਿੱਤੇ ਜਿਨ੍ਹਾਂ ਨਾਲ ਅਸੀਂ ਕੌਫ਼ੀ ਦਾ ਆਨੰਦ ਲਿਆ ਸੀ।
ਦੁਪਹਿਰ ਦੇ ਦੋ ਢਾਈ ਦਾ ਸਮਾਂ ਸੀ। ਜਦੋਂ ਏਅਰ ਕੈਨੇਡਾ ਦਾ ਜਹਾਜ਼ ਵੈਨਕੂਵਰ ਦੇ ਸਫ਼ਰ ਲਈ ਉੱਡਿਆ। ਪਿਛਲਾ ਸਫ਼ਰ ਕਿੰਨੇ ਘੰਟਿਆਂ ਦਾ ਸੀ? ਕੋਈ ਪੱਕਾ ਯਾਦ ਨਹੀਂ ਤੇ ਅਗਲਾ ਸਫ਼ਰ ਕਿੰਨੇ ਘੰਟਿਆਂ ਦਾ ਏ? ਇਹਦਾ ਵੀ ਕੋਈ ਥਹੁ ਨਹੀਂ, ਪਰ ਦੋਵੇਂ ਫਲਾਈਟਾਂ ਅੰਦਾਜ਼ਨ (ਦਿੱਲੀ ਤੋਂ ਜਪਾਨ ਤੇ ਜਪਾਨ ਤੋਂ ਵੈਨਕੂਵਰ ਤੱਕ) ਅੱਠ-ਅੱਠ ਘੰਟਿਆਂ ਦੇ ਨੇੜ-ਤੇੜ ਸੀ। ਕੋਈ ਮਾੜਾ-ਮੋਟਾ ਘੱਟ ਵੱਧ ਵੀ ਹੋ ਸਕਦਾ ਹੈ। ਪਰ ਜਪਾਨ ਤੋਂ ਵੈਨਕੂਵਰ ਵਾਲਾ ਸਫ਼ਰ ਪਿਛਲੇ ਸਫ਼ਰ ਨਾਲੋਂ ਮੈਨੂੰ ਕੁਝ ਸੁਖਾਵਾਂ ਲੱਗਾ।
ਦੁਪਹਿਰ ਦੇ ਵਕਤ ਜਹਾਜ਼ ਵੈਨਕੂਵਰ ਆਣ ਪਹੁੰਚਾ। ਇੱਥੇ ਮੇਰੀ ਤਿੰਨ ਘੰਟੇ ਦੀ ਸਟੇਅ ਸੀ। ਵੈਨਕੂਵਰ ਤੋਂ ਕਾਲੋਨੇ ਦਾ ਸਫ਼ਰ ਕਰੀਬ ਪੌਣੇ ਕੁ ਘੰਟੇ ਦਾ ਹੈ। ਇੱਥੋਂ ਮੈਂ ਛੋਟੇ ਜਹਾਜ਼ ’ਤੇ ਜਾਣਾ ਸੀ ਜਿਸ ਨੂੰ ਇੱਥੇ ਡੋਮੈਸਟਿਕ ਜਹਾਜ਼ ਆਖਦੇ ਹਨ। ਇਸ ਦੀਆਂ ਸਿਰਫ਼ ਦੋ ਪਾਲਾਂ ਸਨ, ਉਹ ਵੀ ਦੋ-ਦੋ ਸੀਟਾਂ ਵਾਲੀਆਂ। ਹੁਣ ਮੈਂ ਬਾਹਰ ਦਾ ਦ੍ਰਿਸ਼ ਆਰਾਮ ਨਾਲ ਦੇਖ ਸਕਦਾ ਸੀ ਜੋ ਕਿ ਮੇਰੇ ਲਈ ਬੜਾ ਮੁਸ਼ਕਿਲ ਸੀ। ਜਦ ਉੱਪਰੋਂ ਥੱਲੇ ਨੂੰ ਨਿਗ੍ਹਾ ਵੱਜਦੀ ਤਾਂ ਚਿੱਟਾ ਦਿਨ ਹੁੰਦਿਆਂ ਸਭ ਕੁਝ ਦਿੱਸ ਰਿਹਾ ਸੀ। ਮਨ ਵਿੱਚ ਕਈ ਭੈੜੇ-ਭੈੜੇ ਖ਼ਿਆਲ ਆਉਂਦੇ। ਮੈਂ ਮਨ ਨੂੰ ਓਧਰੋਂ ਹਟਾ ਕੇ ਮੋਬਾਈਲ ’ਤੇ ਬੇਮਤਲਬ ਜਿਹੀਆਂ ਉਂਗਲਾਂ ਮਾਰਨ ਲੱਗਦਾ। ਪਰ ਇਸ ਸਫ਼ਰ ਨੇ ਬਹੁਤਾ ਬੋਰ ਨਹੀਂ ਕੀਤਾ।
9 ਅਪਰੈਲ ਦਾ ਸੂਰਜ ਢਾਲੇ ਪੈ ਗਿਆ ਸੀ, ਜਦ ਮੈਂ ਕਾਲੋਨੇ ਉਤਰਿਆ। ਲੰਮੇ ਸਫ਼ਰ ਤੋਂ ਬਾਅਦ ਆਪਣੀ ਮੰਜ਼ਿਲ ’ਤੇ ਪਹੁੰਚ ਕੇ ਵਾਹਿਗੁਰੂ ਦਾ ਸ਼ੁਕਰ ਕੀਤਾ। ਸੁੱਖੀ-ਸਾਂਦੀ ਆਕਾਸ਼ ਤੋਂ ਧਰਤੀ ’ਤੇ ਪੈਰ ਰੱਖਿਆ ਸੀ। ਕਾਲੋਨੇ ਦਾ ਏਅਰਪੋਰਟ ਕੋਈ ਬਹੁਤਾ ਵੱਡਾ ਨਹੀਂ। ਜ਼ਿਆਦਾਤਰ ਡੋਮੈਸਟਿਕ ਫਲਾਈਟਾਂ ਹੀ ਆਉਂਦੀਆਂ-ਜਾਂਦੀਆਂ ਹਨ। ਕੋਈ ਜ਼ਿਆਦਾ ਭੀੜ ਨਾ ਹੋਣ ਕਰਕੇ ਅਟੈਚੀ ਲੈਣ ਲਈ ਬਹੁਤਾ ਸਮਾਂ ਨਹੀਂ ਲੱਗਾ। ਅੱਧੇ ਕੁ ਘੰਟੇ ਵਿੱਚ ਮੈਂ ਏਅਰਪੋਰਟ ਤੋਂ ਬਾਹਰ ਆ ਗਿਆ ਸੀ। ਮੈਨੂੰ ਲੈਣ ਲਈ ਦਰਸ਼ਨ ਸਿੰਘ ਕਾਂਗੜ ਨੇ ਆਉਣਾ ਸੀ। ਉਹ ਪਹਿਲਾਂ ਹੀ ਆਇਆ ਖੜ੍ਹਾ ਸੀ। ਮਿਲ ਕੇ ਅਤਿਅੰਤ ਖ਼ੁਸ਼ੀ ਹੋਈ। ਹਾਲ ਚਾਲ ਪੁੱਛਿਆ ਤੇ ਏਅਰਪੋਰਟ ਦੀ ਪਾਰਕਿੰਗ ’ਚੋਂ ਬਾਹਰ ਆ ਗਏ।
ਇੱਕ ਸਫ਼ਰ ਦੀ ਥਕਾਵਟ ਸੀ ਤੇ ਦੂਜਾ ਭੁੱਖ ਵੀ ਚਮਕ-ਚਮਕ ਕੇ ਤਵੇ ਵਰਗੀ ਲਾਲ ਹੋਈ ਪਈ ਸੀ। ਸੋ ਪਹਿਲਾ ਕੰਮ ਪੀਜ਼ਾ ਤੇ ਕੋਕ ਛਕਿਆ। ਫਿਰ ਅਸੀਂ ਓਲੀਵਰ ਵੱਲ ਚਾਲੇ ਪਾਏ। ਕਾਲੋਨਾ ਸੋਹਣਾ ਤੇ ਸ਼ਾਂਤਮਈ ਸ਼ਹਿਰ ਹੈ। ਓਕੇਨਾਗਨ ਵੈਲੀ ਦਾ ਇਹ ਸਭ ਤੋਂ ਵੱਡਾ ਸ਼ਹਿਰ ਹੈ ਤੇ ਇੱਕ ਬਹੁਤ ਵੱਡੀ ਲੇਕ ਦੇ ਚਾਰ-ਚੁਫ਼ੇਰੇ ਫੈਲਿਆ ਹੋਇਆ ਹੈ। ਕਾਲੋਨੇ ਤੋਂ ਅੱਗੇ ਪੀਚਲੈਂਡ, ਫਿਰ ਸਮਰਲੈਂਡ, ਪਿਨਟਿਕਟਿਨ, ਓਕੇਫਾਲ ਤੇ ਉਸ ਤੋਂ ਅੱਗੇ ਓਲੀਵਰ ਟਾਊਨ ਹੈ। ਜਿੱਥੇ ਮੈਂ ਜਾਣਾ ਸੀ। ਇੱਕ ਲੰਮੀ ਝੀਲ ਦੇ ਆਸੇ-ਪਾਸੇ ਛੋਟੇ-ਛੋਟੇ ਟਾਊਨ ਤੇ ਦੋਵੇਂ ਪਾਸੇ ਉੱਚੇ ਤੇ ਵਿਸ਼ਾਲ ਪਹਾੜ, ਜਿਨ੍ਹਾਂ ਨੂੰ ਸੰਘਣੇ ਰੁੱਖਾਂ ਨੇ ਆਪਣੇ ਕਲਾਵੇ ਵਿੱਚ ਲਿਆ ਹੋਇਆ ਸੀ। ਇਹ ਵੈਲੀ ਹੱਦ ਤੋਂ ਵੱਧ ਸੁੰਦਰ ਹੈ।
ਸੂਰਜ ਦੇ ਛੁਪਣ ਦੀ ਬਿਲਕੁਲ ਤਿਆਰੀ ਸੀ। ਜਦ ਅਸੀਂ ਓਲੀਵਰ ਪਹੁੰਚੇ ਤਾਂ ਪਹਾੜਾਂ ਦੀ ਚਾਰਦੀਵਾਰੀ ਵਿੱਚ ਵੱਸਿਆ ਓਲੀਵਰ ਟਾਊਨ ਸ਼ਾਂਤੀ ਦੇ ਸਾਗਰ ਵਿੱਚ ਡੁੱਬਿਆ ਹੋਇਆ ਸੀ। ਚੈਰੀ ਦੇ ਫੁੱਲਾਂ ਨੇ ਵਾਤਾਵਰਨ ਨੂੰ ਸੁਗੰਧਿਤ ਕੀਤਾ ਹੋਇਆ ਸੀ। ਨਾ ਰੌਲਾ ਨਾ ਰੱਪਾ, ਇੱਕ ਦਮ ਸ਼ਾਂਤੀ ਤੇ ਇਸ ਸ਼ਾਂਤੀ ਦੇ ਗਰਭ ਵਿੱਚ ਭਵ ਸਾਗਰ ਤਾਰਨ ਗੁਰਦੁਆਰਾ ਸਾਹਿਬ ਸਥਿਤ ਹੈ। ਗੁਰੂ ਘਰ ਦੇ ਗੇਟ ਅੱਗੇ ਝੁੱਲ ਰਿਹਾ ਨਿਸ਼ਾਨ ਸਾਹਿਬ ਹਰ ਆਉਣ ਜਾਣ ਵਾਲੇ ਮੁਸਾਫ਼ਿਰ ਨੂੰ ਦੋ ਪਲ ਰੁਕਣ ਲਈ ਕਹਿ ਰਿਹਾ ਸੀ। ਪਰ ਮੇਰਾ ਮਨ ਸੁਰਜੀਤ ਪੁਰੇ ਘੁੰਮ ਰਿਹਾ ਸੀ।
ਸੱਚੀ ਗੱਲ ਹੈ ਕਿ ਪਹਿਲੇ ਦਿਨ ਮੇਰਾ ਭੋਰਾ ਚਿੱਤ ਨਾ ਲੱਗਾ। ਜੀਅ ਕਰਦਾ ਸੀ ਕਿ ਜੇ ਕੋਈ ਇੱਥੋਂ ਜਹਾਜ਼ ਜਾਂਦਾ ਹੋਵੇ ਤਾਂ ਮੈਂ ਉਸ ’ਤੇ ਚੜ੍ਹ ਕੇ ਵਾਪਸ ਪਿੰਡ ਚਲਾ ਜਾਵਾਂ, ਪਰ ਇਹ ਅਸੰਭਵ ਸੀ। ਬਾਕੀ ਮੇਰੇ ਤੋਂ ਚਾਰ ਦਿਨ ਪਹਿਲਾਂ ਪਹੁੰਚੇ ਢਾਡੀ ਜਗਦੇਵ ਸਿੰਘ ਜਾਚਕ ਦੇ ਜਥੇ ਨੇ ਇਹ ਓਪਰਾਪਣ ਦੂਰ ਕਰ ਦਿੱਤਾ। ਸਾਮਾਨ ਕਮਰੇ ਵਿੱਚ ਰੱਖ ਕੇ ਪਹਿਲਾਂ ਇਸ਼ਨਾਨ ਕੀਤਾ ਤੇ ਫਿਰ ਗੁਰੂ ਘਰ ਨਤਮਸਤਕ ਹੋ ਕੇ ਅਰਦਾਸ ਬੇਨਤੀ ਕੀਤੀ। ਹੁਣ ਉਹੀ ਅਸਥਾਨ ਆਪਣਾ-ਆਪਣਾ ਲੱਗਦਾ ਹੈ।

Advertisement

ਸੰਪਰਕ: 2502841300

Advertisement

Advertisement
Author Image

sukhwinder singh

View all posts

Advertisement