For the best experience, open
https://m.punjabitribuneonline.com
on your mobile browser.
Advertisement

ਮੇਰਠ ਵਾਲਾ ਚੰਦਰ ਪ੍ਰਕਾਸ਼

08:00 AM Jul 03, 2024 IST
ਮੇਰਠ ਵਾਲਾ ਚੰਦਰ ਪ੍ਰਕਾਸ਼
Advertisement

ਅਵਤਾਰ ਐੱਸ. ਸੰਘਾ

Advertisement

ਮੇਰਠ ਦੇ ਚੰਦਰ ਪ੍ਰਕਾਸ਼ ਨੇ ਉਸ ਦਿਨ ਜਿਉਂ ਹੀ ਆਪਣਾ ਪੈਰ ਮਾਊਂਟ ਡਰੂਟ ਸਟੇਸ਼ਨ ’ਤੇ ਪਾਇਆ ਉਸ ਦੇ ਮਨ ਦੀ ਕਾਟੇ ਫੁੱਲਾਂ ’ਤੇ ਮੇਲ੍ਹ ਰਹੀ ਸੀ। ਅਸਾਂ ਦੋਹਾਂ ਨੇ ਇੱਥੋਂ ਟਰੈਵਲ ਰਨ ਫੜ ਕੇ ਸੈਂਟਰਲ ਸਟੇਸ਼ਨ ਜਾਣਾ ਸੀ ਤੇ ਉੱਥੇ ਜਾ ਕੇ ਆਪਣੀ ਡਿਊਟੀ ਸ਼ੁਰੂ ਕਰਨੀ ਸੀ। ਚੰਦਰ ਪ੍ਰਕਾਸ਼ ਤੋਂ ਆਪਣੀ ਖ਼ੁਸ਼ੀ ਸੰਭਾਲ ਨਹੀਂ ਸੀ ਹੋ ਰਹੀ ਤੇ ਆਉਂਦੇ ਸਾਰ ਆਪਣੇ ਆਪ ਹੀ ਬੋਲਣ ਲੱਗ ਪਿਆ, ‘ਮੈਂ ਅਬ ਬਹੁਤੀ ਦੇਰ ਕਾਮ ਨਹੀਂ ਕਰੂੰਗਾ। ‘ਯਹ ਦੇਖ ਕਿਸਮਤ ਕਾ ਖੇਲ!!’
ਉਸ ਨੇ ਲਾਟਰੀ ਨਿਕਲਣ ਦੀ ਚਿੱਠੀ ਮੈਨੂੰ ਫੜਾਉਂਦੇ ਅੱਗੇ ਹੋਰ ਬੋਲਣਾ ਸ਼ੁਰੂ ਕਰ ਦਿੱਤਾ, “ਹਮਾਰੇ ਗਾਓਂ ਮੇਂ ਪਹਿਲੇ ਭੀ ਐਸਾ ਹੋ ਚੁਕਾ ਹੈ। ਮੇਰੇ ਗਾਓਂ ਕਾ ਰਾਮ ਖਿਲਾਵਨ ਬਹੁਤ ਸਾਲ ਪਹਿਲੇ ਇੰਗਲੈਂਡ ਗਯਾ ਥਾ। ਵਹਾਂ ਪਰ ਉਸ ਕਾ ਲਾਟਰੀ ਨਿਕਲ ਆਯਾ ਥਾ। ਸਾਰਾ ਪਰਿਵਾਰ ਮਾਲਾ ਮਾਲ ਹੋ ਗਯਾ ਥਾ। ਅਬ ਗਾਓਂ ਮੇਂ ਉਸ ਕੀ ਸਬ ਸੇ ਬੜੀ ਹਵੇਲੀ ਹੈ। ਔਰ ਭੀ ਬਹੁਤ ਜਾਇਦਾਦ ਹੈ। ਅਗਰ ਕਿਸੀ ਕੀ ਬਾਹਰ ਕੇ ਦੇਸ਼ ਮੇਂ ਆ ਕਰ ਲਾਟਰੀ ਨਿਕਲ ਆਏ, ਉਸ ਸੇ ਬੜੀ ਔਰ ਕਯਾ ਬਾਤ ਹੋ ਸਕਤੀ ਹੈ? ਮੈਂ ਤੋ ਆਜ ਕਾਮ ਪਰ ਆਨਾ ਨਹੀਂ ਚਾਹਤਾ ਥਾ ਪ੍ਰੰਤੂ ਸੋਚਾ ਜੋ ਰੋਸਟਰ ਮਿਲ ਚੁਕਾ ਹੈ ਬੋਹ ਪੂਰਾ ਕਰ ਲੂੰ। ਯੇਹ ਖਤ ਪੜ੍ਹ ਲੋ ਔਰ ਲੇ ਲੋ ਅਪਨੇ ਸਾਥੀ ਕੋ ਅਪਨੀ ਬਾਹੋਂ ਮੇਂ। ਮੈਂ ਮਾਲਾ ਮਾਲ ਹੋ ਗਿਆ! ਮੈਂ ਮਾਲਾ ਮਾਲ ਹੋ ਗਿਆ! ਦੇਖ ਤੋਂ ਸਹੀ ਪੈਸੋਂ ਕੀ ਰਕਮ! ਆਠ ਸੌ ਬਹੱਤਰ ਹਜ਼ਾਰ ਯੂਰੋ ਸੇ ਵੀ ਜ਼ਿਆਦਾ ਹੈ।’’
ਜਦ ਚੰਦਰ ਪ੍ਰਕਾਸ਼ ਮੈਨੂੰ ਮੱਲੋ ਮੱਲੀ ਜੱਫੀ ’ਚ ਲੈਣ ਲੱਗ ਪਿਆ ਤਾਂ ਮੈਨੂੰ ਵੀ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈਣਾ ਹੀ ਪਿਆ। ਮੈਂ ਉਸ ਦੀ ਬਾਕੀ ਰਹਿੰਦੀ ਚਿੱਠੀ ਨੂੰ ਵੀ ਧਿਆਨ ਨਾਲ ਪੜ੍ਹਨ ਲੱਗਾ। ਅੱਗੇ ਲਿਖਿਆ ਸੀ ਕਿ ਇਨਾਮ 20000 ਟਿਕਟਾਂ ਵਿੱਚੋਂ ਕੰਪਿਊਟਰ ਬੈਲੇਟ ਸਿਸਟਮ ਰਾਹੀਂ ਕੱਢੇ ਗਏ ਹਨ। ਇਹ ਸਭ ਕੁਝ ਕੰਪਨੀ ਦੇ ‘ਸਮਰ ਇੰਟਰਨੈਸ਼ਨਲ ਪ੍ਰਮੋਸ਼ਨ ਪ੍ਰੋਗਰਾਮ’ ਤਹਿਤ ਹੋਇਆ ਹੈ। ਚਿੱਠੀ ਵਿੱਚ ਅੱਗੇ ਲਿਖਿਆ ਸੀ:
‘ਤੁਹਾਡਾ ਪੈਸਾ ਹੁਣ ਇੱਕ ਸੁਰੱਖਿਅਤ ਕੰਪਨੀ ਕੋਲ ਜਮ੍ਹਾਂ ਹੈ, ਜਿਸ ਦਾ ਬੀਮਾ ਬਾਂਡ ਸਿਰਫ਼ ਤੁਹਾਡੇ ਨਾਂ ’ਤੇ ਹੈ ਅਤੇ ਬੀਮਾ ਬਾਂਡ ਪਾਲਿਸੀ ਕਵਰ ਦੇ ਨਾਲ ਹੈ। ਨਾਮ ਅਤੇ ਪਤੇ ਵਿੱਚ ਗੜਬੜੀ ਦੇ ਕਾਰਨ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਤੱਕ ਤੁਹਾਡੇ ਦਾਅਵਿਆਂ ’ਤੇ ਕਾਰਵਾਈ ਨਹੀਂ ਹੋ ਜਾਂਦੀ ਅਤੇ ਤੁਹਾਡੇ ਪੈਸੇ ਤੁਹਾਨੂੰ ਨਹੀਂ ਮਿਲ ਜਾਂਦੇ, ਉਦੋਂ ਤੱਕ ਇਸ ਪੁਰਸਕਾਰ ਨੂੰ ਜਨਤਕ ਸੂਚਨਾ ਤੋਂ ਦੂਰ ਰੱਖੋ...ਆਪਣਾ ਦਾਅਵਾ ਸ਼ੁਰੂ ਕਰਨ ਲਈ ਕਿਰਪਾ ਕਰਕੇ ਨੱਥੀ ਫਾਰਮ ਨੂੰ ਭਰੋ।’
ਮੈਨੂੰ ਵਿੱਚੇ ਹੀ ਟੋਕ ਕੇ ਚੰਦਰ ਨੇ ਅੱਗੇ ਬੋਲਣਾ ਸ਼ੁਰੂ ਕਰ ਦਿੱਤਾ, “ਮੈਨੇ ਫਾਰਮ ਭਰ ਦੀਯਾ ਹੈ ਔਰ ਮੈਂ ਅਬ ਉਸ ਕੋ ਫੈਕਸ ਕਰਨਾ ਚਾਹਤਾ ਹੂੰ। ਤੇਰੇ ਪਾਸ ਫੈਕਸ ਮਸ਼ੀਨ ਹੈ, ਮੁਝੇ ਪਤਾ ਹੈ। ਕਯਾ ਮੈਂ ਸੁਬਹ ਆ ਕਰ ਆਪ ਕੀ ਫੈਕਸ ਮਸ਼ੀਨ ਸੇ ਯਹ ਫਾਰਮ ਫੈਕਸ ਕਰ ਸਕਤਾ ਹੂੰ?’’
ਮੈਂ ਕਿਹਾ, “ਕੋਈ ਗੱਲ ਨਹੀਂ, ਤੂੰ ਆਵੀਂ ਫਾਰਮ ਫੈਕਸ ਕਰ ਲਵੀਂ। ਤੂੰ ਆਵੀਂ 11 ਵਜੇ ਤੋਂ ਬਾਅਦ। ਮੈਂ ਦਸ ਵਜੇ ਸੁੱਤਾ ਉੱਠਾਂਗਾ। ਇਹ ਸਭ ਕੁਝ ਕਰਨ ਤੋਂ ਪਹਿਲਾਂ ਸਭ ਕਾਸੇ ਨੂੰ ਚੰਗੀ ਤਰ੍ਹਾਂ ਪੜ੍ਹ ਲਵੀਂ। ਕਿਸੇ ਹੋਰ ਨਾਲ ਵੀ ਸਲਾਹ ਕਰ ਲਵੀਂ। ਮੈਂ ਕਈ ਲੋਕਾਂ ਦੀਆਂ ਛੋਟੀਆਂ ਛੋਟੀਆਂ ਲਾਟਰੀਆਂ ਤਾਂ ਨਿਕਲਦੀਆਂ ਦੇਖੀਆਂ ਹਨ, ਪ੍ਰੰਤੂ ਇਹ ਤਾਂ ਚੋਖਾ ਹੀ ਪੈਸਾ ਏ। ਦੁਨੀਆ ਵਿੱਚ ਕਈ ਪ੍ਰਕਾਰ ਦੀਆਂ ਹੇਰਾਫੇਰੀਆਂ ਵੀ ਚੱਲਦੀਆਂ ਰਹਿੰਦੀਆਂ ਹਨ। ਭਾਰਤ ਵਿੱਚ ਬੈਠੇ ਲੋਕ ਸਮਝਦੇ ਰਹਿੰਦੇ ਹਨ ਕਿ ਅਸੀਂ ਵਧੀਆ ਵਿਕਸਤ ਦੇਸ਼ਾਂ ਵਿੱਚ ਆ ਗਏ, ਪ੍ਰੰਤੂ ਮੈਂ ਇੱਥੇ ਸਿਡਨੀ ਵਿੱਚ ਅੰਤਾਂ ਦੀਆਂ ਹੇਰਾਫੇਰੀਆਂ ਦੇਖੀਆਂ ਹਨ। ਇਹ ਹੇਰਾਫੇਰੀਆਂ ਨਵੇਂ ਆਏ ਪਰਵਾਸੀ ਨਾਲ ਵੱਧ ਹੁੰਦੀਆਂ ਹਨ। ਤੈਨੂੰ ਪਤਾ ਏ, ਇੱਥੇ ਸਿਡਨੀ ਵਿੱਚ ਪਿੱਛੇ ਜਿਹੇ ਇੱਕ ਭਾਰਤੀ ਨੇ ਸਕਿਉਰਿਟੀ ਕੰਪਨੀ ਖੋਲ੍ਹੀ ਸੀ। ਕਈ ਸੈਂਕੜੇ ਵਿਦਿਆਰਥੀ ਤੇ ਕੁਝ ਹੋਰ ਲੋਕ ਇਸ ਕੰਪਨੀ ਨੇ ਭਰਤੀ ਕਰ ਲਏ ਸਨ। ਸਾਲ ਭਰ ਇਹ ਲੋਕ ਕੰਮ ਕਰਦੇ ਰਹੇ ਪਰ ਇਨ੍ਹਾਂ ਨੂੰ ਤਨਖ਼ਾਹ ਮਿਲੀ ਹੀ ਨਹੀਂ। ਮੈਂ ਇਹ ਵਿਦਿਆਰਥੀ ਇਸ ਕੰਪਨੀ ਨੂੰ ਅਕਸਰ ਗਾਲ੍ਹਾਂ ਕੱਢਦੇ ਦੇਖੇ ਹਨ। ਇਸੀ ਪ੍ਰਕਾਰ ਮੇਰਾ ਇੱਕ ਵਾਕਫ਼ ਪਰਵਾਸੀ ਇੱਥੇ ਨਵਾਂ ਨਵਾਂ ਆ ਕੇ ਸਾਲ ਭਰ ਇੱਕ ਧੋਬੀ ਘਾਟ ’ਤੇ ਕੰਮ ਕਰਦਾ ਰਿਹਾ, ਪ੍ਰੰਤੂ ਧੋਬੀ ਘਾਟ ਨੇ ਉਸ ਨੂੰ ਇੱਕ ਵੀ ਪੈਸਾ ਨਾ ਦਿੱਤਾ। ਇੱਥੇ ਕਈ ਆਪਣੇ ਪੰਜਾਬੀ ਬੰਦੇ ਆਪਣਿਆਂ ਨੂੰ ਹੀ ਤੰਗ ਕਰ ਕੇ ਬੜੇ ਮਜ਼ੇ ਕਰਦੇ ਆ। ਪੱਕਾ ਕਰਵਾਉਣ ਦਾ ਲਾਲਚ ਦੇ ਦੇਣਗੇ ਤੇ ਆਪਣੇ ਘਰ ਦੇ ਕੰਮ ਕਰਵਾਈ ਜਾਣਗੇ। ਨਵੇਂ ਨਵੇਂ ਮੁੰਡੇ ਇਸ ਨਵੇਂ ਦੇਸ਼ ਵਿੱਚ ਆ ਕੇ ਦਿਨਾਂ ਮਹੀਨਿਆਂ ਵਿੱਚ ਹੀ ਲੱਖਪਤੀ ਬਣਨ ਦੀ ਲਾਲਸਾ ਨਾਲ ਕਈ ਐਸੇ ਕੰਮ ਕਰ ਬਹਿੰਦੇ ਹਨ ਜਿਨ੍ਹਾਂ ’ਤੇ ਬਾਅਦ ਵਿੱਚ ਪਛਤਾਉਣਾ ਪੈਂਦਾ ਏ। ਇੱਕ ਨੇ ਕਿਸੇ ਨਾਲ ਰਲ ਕੇ ਸਾਂਝਾ ਰੈਸਟੋਰੈਂਟ ਖੋਲ੍ਹ ਲਿਆ। ਛੇ ਕੁ ਮਹੀਨਿਆਂ ਬਾਅਦ ਲੜਾਈ ਹੋ ਗਈ। ਇੱਕ ਵਿੱਚੋਂ ਨਿਕਲ ਗਿਆ ਤੇ ਦੂਜੇ ਨੇ ਇਹ ਰੈਸਟੋਰੈਂਟ ਰੱਖ ਲਿਆ। ਪੈਸੇ ਮੰਗਣ ’ਤੇ ਦੂਜਾ ਪੈਸੇ ਹੀ ਨਾ ਦੇਵੇ। ਦਸ ਹਜ਼ਾਰ ਡਾਲਰ ਵਿੱਚੋਂ ਮਸਾਂ ਅੱਧ ਪਚੱਧੇ ਪੈਸੇ ਹੀ ਦਿੱਤੇ, ਬਾਕੀ ਦੇ ਪੈਸੇ ਮਰ ਹੀ ਗਏ। ਇਸੀ ਪ੍ਰਕਾਰ ਕੋਈ ਕਿਸੇ ਦੀ ਟੈਕਸੀ ਚਲਾਉਣ ਲੱਗ ਪਿਆ। ਚਲਾਉਂਦੇ ਚਲਾਉਂਦੇ ਟੈਕਸੀ ਦਾ ਸੌਦਾ ਕਰ ਲਿਆ। ਅਣਜਾਣਪੁਣੇ ਵਿੱਚ ਜਾਂ ਵੱਧ ਵਿਸ਼ਵਾਸ ਕਰ ਕੇ ਨਾ ਚੱਜ ਨਾਲ ਟੈਕਸੀ ਦੇ ਕਾਗਜ਼ ਦੇਖੇ ਤੇ ਨਾ ਹੀ ਚੰਗੀ ਤਰ੍ਹਾਂ ਟੈਕਸੀ ਦੇ ਅਸਲੀ ਮਾਲਕ ਦਾ ਪਤਾ ਕੀਤਾ। ਟੈਕਸੀ ਖੜ੍ਹਦੀ ਕਿਸੇ ਪਾਸ ਸੀ, ਪ੍ਰੰਤੂ ਮਾਲਕ ਕੋਈ ਹੋਰ ਸੀ। ਮਾਲਕ ਸਿਰਫ਼ ਪੈਸੇ ਲੈਣ ਹੀ ਆਇਆ, ਬਾਅਦ ਵਿੱਚ ਪਤਾ ਹੀ ਨਹੀਂ, ਕਿੱਧਰ ਚਲਾ ਗਿਆ। ਪੁਲੀਸ ਵੀ ਉਸ ਨੂੰ ਲੱਭਣ ਵਿੱਚ ਅਸਮਰੱਥ ਰਹੀ। ਇਸ ਦੇਸ਼ ਦੀਆਂ ਅਦਾਲਤਾਂ ਅਤੇ ਪੁਲੀਸ ਬੜੀਆਂ ਢਿੱਲੀਆਂ ਹਨ। ਨਿੱਤ ਨਵੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ, ਬਸ ਪੁਲੀਸ ਥੋੜ੍ਹੀ ਜਿਹੀ ਪੁੱਛ-ਪੜਤਾਲ ਕਰ ਕੇ ਦੋਸ਼ੀਆਂ ਨੂੰ ਛੱਡ ਦਿੰਦੀ ਏ। ਜਿੱਥੇ ਇੰਨਾ ਵਧੀਆ ਕੰਪਿਊਟਰ ਸਿਸਟਮ ਏ, ਉੱਥੇ ਜੇਕਰ ਪੁਲੀਸ ਚਾਹੇ ਤਾਂ ਦੇਸ਼ ਦੇ ਕਿਸੇ ਵੀ ਕੋਨੇ ਤੋਂ ਦੋਸ਼ੀ ਨੂੰ ਲੱਭ ਸਕਦੀ ਏ। ਕਾਫ਼ੀ ਦੇਰ ਤੱਕ ਤਾਂ ਇੱਥੇ ਪੁਲੀਸ ਦੋਸ਼ੀ ਦੀਆਂ ਹਰਕਤਾਂ ਦਾ ਅਧਿਐਨ ਹੀ ਕਰਦੀ ਰਹਿੰਦੀ ਏ। ਇੱਥੇ ਪੁਲੀਸ ਲੋਕਾਂ ਤੋਂ ਡਰਦੀ ਵੀ ਏ। ਕਈ ਵਾਰ ਦੋਸ਼ੀ ਕਮਿਉਨਿਟੀ ਦੇ ਆਧਾਰ ’ਤੇ ਇਕੱਠੇ ਹੋ ਕੇ ਪੁਲੀਸ ਦਾ ਜਲੂਸ ਵੀ ਕੱਢ ਸਕਦੇ ਹਨ। ਅਦਾਲਤ ਕਈ ਵਾਰ ਦੋਸ਼ੀਆਂ ਦੀ ਸਜ਼ਾ ਇਸ ਆਧਾਰ ’ਤੇ ਵੀ ਘੱਟ ਕਰ ਦਿੰਦੀ ਏ ਕਿ ਦੋਸ਼ੀ ਦੀ ਅਪਰਾਧ ਕਰਨ ਦੀ ਨੀਯਤ ਨਹੀਂ ਸੀ, ਅਚਾਨਕ ਅਪਰਾਧ ਹੋ ਗਿਆ। ਚੰਦਰ ਹੋਰ ਸੁਣ ਲੈ, ਆਪਣੇ ਨਾਲ ਕੰਮ ਕਰਦੇ ਕੁਲਵੰਤ ਦੇ ਭਰਾ ਨੂੰ ਫੋਨ ’ਤੇ 3-4 ਵਾਰ ਮੈਸੇਜ ਆ ਚੁੱਕੇ ਹਨ ਕਿ ਉਸ ਦੇ ਟੌਲ ਦੇ 350 ਡਾਲਰ ਹਨ। ਜਲਦੀ ਭੁਗਤਾਨ ਕੀਤਾ ਜਾਵੇ। ਹੈਰਾਨੀ ਇਹ ਹੈ ਕਿ ਉਸ ਨੂੰ ਸਿਡਨੀ ਆਏ ਨੂੰ 2 ਸਾਲ ਹੋ ਗਏ ਹਨ। ਅਜੇ ਤੱਕ ਉਸ ਨੇ ਕਾਰ ਹੀ ਨਹੀਂ ਖ਼ਰੀਦੀ। ਉਹ ਟਰੇਨ ’ਤੇ ਹੀ ਕੰਮ ’ਤੇ ਜਾਂਦਾ ਏ। ਉਸ ਨੂੰ ਕਾਰ ਦੀ ਟੌਲ ਕਿਵੇਂ ਆ ਗਈ?’’
ਚੰਦਰ ਇੰਨਾ ਭਾਵੁਕ ਹੋਇਆ ਪਿਆ ਸੀ ਕਿ ਵਿੱਚ ਹੀ ਬੋਲ ਪਿਆ, “ਆਪ ਕਾ ਧਿਆਨ ਫਜ਼ੂਲ ਬਾਤੋਂ ਕੀ ਤਰਫ਼ ਜ਼ਿਆਦਾ ਜਾਤਾ ਹੈ। ਸਾਰੀ ਦੁਨੀਆ ਵਿਸ਼ਵਾਸ ਪਰ ਖੜੀ ਹੈ। ਮੇਰੇ ਪਿਆਰੇ! ਯੇ ਦੇਖ ਕਿਤਨਾ ਖ਼ੂਬਸੂਰਤ ਪੇਪਰ ਹੈ ਇਸ ਖ਼ਤ ਕਾ, ਹਵਾਲਾ ਨੰਬਰ ਦੇ ਕਰ ਤਾਰੀਖ ਭੀ ਲਿਖੀ ਹੂਈ ਹੈ ਔਰ ਲਾਟਰੀ ਕੰਪਨੀ ਕਾ ਪੂਰਾ ਨਾਮ ਵੀ ਲਿਖਾ ਹੁਆ ਹੈ। ਐਸੇ ਲਗਤਾ ਹੈ ਜੈਸੇ ਇਸ ਕੰਪਨੀ ਕੋ ਗੋਰਾ ਲੋਗ ਚਲਾਤਾ ਹੈ, ਯੇਹ ਲੋਗ ਕਿਸੀ ਸੇ ਹੇਰਾ-ਫੇਰੀ ਨਹੀਂ ਕਰਤੇ, ਫਰਾਡ ਤੋ ਭਾਰਤ ਜੈਸੇ ਦੇਸ਼ੋਂ ਮੇਂ ਹੀ ਹੋਤੇ ਹੈਂ। ਯਹਾਂ ਗੋਰੇ ਲੋਗੋਂ ਕੇ ਦੇਸ ਮੇਂ ਤੋ ਕਈ ਵਾਰ ਅਚਾਨਕ ਗੱਫਾ ਮਿਲ ਜਾਤਾ ਹੈ। ਤੂੰ ਵੀ ਇਧਰ ਨਯਾ ਹੈ। ਯੇਹ ਤੋ ਲਾਟਰੀ ਹੈ, ਕਈ ਲੋਗੋਂਂ ਨੇ ਇਧਰ ਕਲੇਮ ਕਈ ਕਈ ਲਾਖ ਡਾਲਰ ਲੀਆ ਔਰ ਮਾਲਾ ਮਾਲ ਹੋ ਗਏ। ਹਮਾਰੀ ਬਗਲ ਮੇਂ ਏਕ ਪਾਕਿਸਤਾਨੀ ਬਸ਼ੀਰ ਅਹਿਮਦ ਰਹਿਤਾ ਹੈ। ਉਸ ਕੋ ਚੋਟ ਪਾਕਿਸਤਾਨ ਮੇਂ ਆਈ ਥੀ ਔਰ ਪੈਸਾ ਯਹਾਂ ਸੇ ਲੇ ਲੀਆ। ਯਹਾਂ ਏਕ ਫੈਕਟਰੀ ਮੇਂ ਕਾਮ ਕਰਤਾ ਥਾ ਔਰ ਏਕ ਦਿਨ ਚੀਖੇਂ ਮਾਰਤਾ ਹੁਆ ਮੈਨੇਜਰ ਕੀ ਤਰਫ਼ ਭਾਗ ਪੜਾ ਔਰ ਬੋਲਾ ਕਿ ਬਾਜੂ ਕੋ ਜਰਬ ਆ ਗਈ। ਦੋ ਸਾਲ ਘਰ ਬੈਠਾ ਪੈਸੇ ਲੇਤਾ ਰਹਾ ਔਰ ਬਾਅਦ ਮੇਂ ਦੋ ਲਾਖ ਡਾਲਰ ਕਲੇਮ ਕੇ ਲੈ ਗਯਾ। ਅਬ ਬਹੁਤ ਆਰਾਮ ਕਾ ਜੀਵਨ ਬਸਰ ਕਰ ਰਹਾ ਹੈ। ਚੱਲ ਛੋੜ ਯਾਰ ਇਨ ਬਾਤੋਂ ਕੋ। ਮੇਰਾ ਕਾਮ ਤੋਂ ਬਨ ਗਯਾ, ਮੈਂ ਕੱਲ ਕੋ ਆਪ ਕੀ ਫੈਕਸ ਮਸ਼ੀਨ ਕਾ ਇਸਤੇਮਾਲ ਕਰਨੇ ਕੇ ਲੀਏ ਆਪ ਕੇ ਘਰ ਆਉਂਗਾ।’’
ਸਾਡੀ ਸ਼ਿਫਟ ਚਾਰ ਘੰਟੇ ਦੀ ਸੀ। ਗੱਲਾਂ ਗੱਲਾਂ ਵਿੱਚ ਪਤਾ ਵੀ ਨਾ ਲੱਗਾ ਕਿ ਚਾਰ ਘੰਟੇ ਕਦ ਬੀਤ ਗਏ। ਚੰਦਰ ਸਵੇਰੇ ਮੇਰੇ ਘਰ ਆਇਆ ਤੇ ਉਸ ਨੇ ਮੇਰੀ ਫੈਕਸ ਮਸ਼ੀਨ ’ਤੇ ਕੁਝ ਕਾਗਜ਼ ਫੈਕਸ ਕੀਤੇ ਤੇ ਖ਼ੁਸ਼ੀ ਖ਼ੁਸ਼ੀ ਵਾਪਸ ਆਪਣੇ ਘਰ ਚਲਾ ਗਿਆ। ਚੌਥੇ ਕੁ ਦਿਨ ਐਤਵਾਰ ਮੈਨੂੰ ਚੰਦਰ ਦਾ ਫੋਨ ਆਇਆ ਤਾਂ ਉਹ ਰੋ ਰਿਹਾ ਸੀ। ਮੇਰੇ ਪੁੱਛਣ ’ਤੇ ਉਹ ਸਿਸਕੀਆਂ ਲੈਂਦਾ ਲੈਂਦਾ ਬੋਲ ਰਿਹਾ ਸੀ-
“ਮੇਰੇ ਬੈਂਕ ਕੇ ਖਾਤੇ ਮੈਂ ਦਸ ਹਜ਼ਾਰ ਡਾਲਰ ਥੇ, ਵੋਹ ਅਬ ਗਾਇਬ ਹੈਂ, ਉਨਹੋਂ ਨੇ ਮੇਰੇ ਖਾਤੇ ਮੇਂ ਏਕ ਭੀ ਡਾਲਰ ਨਹੀਂ ਛੋੜਾ।’’
ਮੈਂ ਪੁੱਛਿਆ, “ਇਹ ਸਭ ਕੁਝ ਹੋਇਆ ਕਿਵੇਂ ?’’
ਉਹ ਬੋਲਿਆ, “ਉਨਹੋਂ ਨੇ ਇਸ ਖ਼ਤ ਕੇ ਸਾਥ ਏਕ ਫਾਰਮ ਭੇਜਾ ਹੂਆ ਥਾ ਜਿਸ ਕੇ ਉਪਰ ਹਮਨੇ ਅਪਨੇ ਬਾਰੇ ਸਾਰਾ ਕੁਛ ਭਰਨਾ ਥਾ ਔਰ ਅਪਨਾ ਬੈਂਕ ਕਾ ਖਾਤਾ ਨੰਬਰ ਭੀ ਭਰਨਾ ਥਾ ਤਾਂ ਕਿ ਵਹ ਲਾਟਰੀ ਕੇ ਪੈਸੇ ਸੀਧੇ ਹਮਾਰੇ ਖਾਤੇ ਮੈਂ ਜਮਾਂ ਕਰਵਾ ਦੇਂ। ਉਨਹੋਂ ਨੇ ਪੈਸੇ ਜਮਾਂ ਕਰਵਾਨੇ ਕੀ ਬਜਾਏ, ਮੇਰੇ ਪੈਸੇ ਹੀ ਇਲੈੱਕਟ੍ਰੌਨਿਕ ਸਿਸਟਮ ਸੇ ਮੇਰੇ ਖਾਤੇ ਸੇ ਅਪਨੇ ਖਾਤੇ ਮੇਂ ਤਬਦੀਲ ਕਰਵਾ ਲੀਏ। ਫਾਰਮ ਕੇ ਉਪਰ ਮੈਂ ਅਪਨੇ ਬਾਰੇ ਮੈਂ ਸਾਰਾ ਕੁਝ ਭਰ ਦੀਆ ਥਾ। ਯਹਾਂ ਤੱਕ ਕਿ ਮੈਂ ਅਪਨਾ ਜ਼ਿੱਪ ਕੋਡ ਭੀ ਉਸ ਫਾਰਮ ਮੇਂ ਭਰ ਦੀਆ। ਆਪ ਮੁਝੇ ਠੀਕ ਸਤਰਕ ਕਰ ਰਹੇ ਥੇ ਲੇਕਿਨ ਮੈਂ ਖ਼ੁਸ਼ੀ ਮੇਂ ਅੰਧਾ ਹੋ ਗਯਾ ਥਾ। ਇਸ ਚੱਕਰ ਮੈਂ ਅਪਨਾ ਖ਼ੁਦ ਕਾ ਦਸ ਹਜ਼ਾਰ ਭੀ ਗੁਆ ਬੈਠਾ, ਮੈਂ ਤੋ ਲੁਟਾ ਗਯਾ। ਮੈਂ ਤੋਂ ਲੁਟਾ ਗਯਾ! ਅਬ ਮੈਂ ਕਯਾ ਕਰੂੰ?’’
“ਚੰਦਰ, ਹੁਣ ਕੁਝ ਨਹੀਂ ਹੋ ਸਕਦਾ। ਮੈਂ ਹੁਣੇ ਹੁਣੇ ਦੋ ਤਿੰਨ ਹੋਰ ਦੋਸਤਾਂ ਨਾਲ ਵੀ ਇਸ ਲਾਟਰੀ ਬਾਰੇ ਗੱਲ ਕੀਤੀ ਸੀ। ਮੈਂ ਤੈਨੂੰ ਉਨ੍ਹਾਂ ਦੇ ਵਿਚਾਰ ਦੱਸਣ ਲਈ ਫੋਨ ਕਰਨ ਵਾਲਾ ਹੀ ਸੀ ਕਿ ਅਚਾਨਕ ਤੇਰਾ ਫੋਨ ਆ ਗਿਆ। ਉਹ ਕਹਿੰਦੇ ਸਨ ਇੰਟਰਨੈੱਟ ਖੋਲ੍ਹ ਕੇ ਦੇਖੋ। ਇਸ ਝੂਠੀ ਲਾਟਰੀ ਕੰਪਨੀ ਨੂੰ ਲੋਕਾਂ ਨੇ ਅੰਤਾਂ ਦੀਆਂ ਗਾਲ੍ਹਾਂ ਕੱਢ ਕੇ ਖ਼ਤ ਲਿਖੇ ਹੋਏ ਹਨ। ਤੂੰ ਵੀ ਇੰਟਰਨੈੱਟ ਖੋਲ੍ਹ ਕੇ ਦੇਖ ਲੈ। ਮੈਂ ਤਾਂ ਹੁਣੇ ਹੁਣੇ ਹੀ ਦੇਖ ਕੇ ਹਟਿਆ ਹਾਂ।’’
ਮੈਂ ਤਾਂ ਹੁਣੇ ਹੁਣੇ ਇੰਟਰਨੈੱਟ ’ਤੇ ਕਿਸੇ ਟੈਕਸੀ ਡਰਾਈਵਰ ਦੁਆਰਾ ਪਾਈ ਹੋਈ ਇੱਕ ਚਿੱਠੀ ਦੇਖ ਕੇ ਆਇਆ ਹਾਂ। ਇਹ ਚਿੱਠੀ ਮੈਲਬੌਰਨ ਦੀ ਇੱਕ ਐਸੀ ਰਿਕਵਰੀ ਏਜੰਸੀ ਨੇ ਉਸ ਡਰਾਈਵਰ ਨੂੰ ਲਿਖੀ ਸੀ ਜਿਸਦੀ ਟੈਕਸੀ ਦਾ ਕਿਸੇ ਦੀ ਪ੍ਰਾਪਰਟੀ ਨਾਲ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਸੀ। ਹਰ ਵਿਅਕਤੀ ਇਹ ਜਾਣਦਾ ਹੈ ਕਿ ਇਸ ਪ੍ਰਕਾਰ ਦੀਆਂ ਦੁਰਘਟਨਾਵਾਂ ਦਾ ਬੋਝ ਡਰਾਈਵਰਾਂ ’ਤੇ ਨਹੀਂ ਪੈਂਦਾ। ਇਹ ਬੋਝ ਬੀਮਾ ਕੰਪਨੀਆਂ ਸਹਿਣ ਕਰਦੀਆਂ ਹਨ। ਕੰਪਨੀ ਨੇ ਸੋਚਿਆ ਕਿ ਸ਼ਾਇਦ ਭੋਲਾ ਭਾਲਾ ਪਰਵਾਸੀ ਡਰਾਈਵਰ ਡਰ ਕੇ ਉਸ ਨੂੰ ਪੈਸੇ ਦੇ ਦੇਵੇਗਾ। ਇਸ ਪ੍ਰਕਾਰ ਕੰਪਨੀ ਦੀ ਕਾਟੋ ਤਾਂ ਫੁੱਲਾਂ ’ਤੇ ਮੇਲ੍ਹ ਰਹੀ ਸੀ। ਕੰਪਨੀ ਨੂੰ ਉਦੋਂ ਹੈਰਾਨੀ ਹੋਈ ਜਦ ਡਰਾਈਵਰ ਇਸ ਕੰਪਨੀ ਦਾ ਵੀ ਪਿਓ ਨਿਕਲਿਆ। ਉਸ ਨੇ ਉਸ ਪਾਸੋਂ ਮੰਗੀ ਗਈ 21000 ਡਾਲਰ ਦੀ ਰਕਮ ’ਚੋਂ ਧੇਲਾ ਵੀ ਕੰਪਨੀ ਦੇ ਨਾਮ ਜਮ੍ਹਾਂ ਨਹੀਂ ਕਰਾਇਆ। ਉਸ ਨੇ ਉਲਟਾ ਏਜੰਸੀ ਨੂੰ ਲਿਖ ਦਿੱਤਾ ਕਿ ਉਹ ਇਹ ਭੁਗਤਾਨ ਅਦਾਲਤ ਰਾਹੀਂ ਕਰੇਗਾ। ਜਿਹੜੀ ਏਜੰਸੀ ਉਸ ਨੂੰ ਭੁਗਤਾਨ ਨਾ ਕਰਨ ਦੀ ਸ਼ਰਤ ਵਿੱਚ ਅਦਾਲਤ ਪਾਸ ਜਾਣ ਦੀ ਧਮਕੀ ਦਿੰਦੀ ਸੀ ਉਸ ਨੇ ਉਸ ਕੰਪਨੀ ਦੀ ਇਹ ਕਹਿ ਕੇ ਬੋਲਤੀ ਬੰਦ ਕਰ ਦਿੱਤੀ ਕਿ ਉਹ ਤਾਂ ਅਦਾਲਤ ਦੇ ਦਖਲ ਤੋਂ ਬਗੈਰ ਧੇਲੀ ਦੇ ਹੀ ਨਹੀਂ ਸਕਦਾ।
ਚੰਦਰ ਪ੍ਰਕਾਸ਼ ਨੇ ਉਪਰੋਕਤ ਦੋ ਪ੍ਰਕਾਰ ਦੀ ਨੌਸਰਬਾਜ਼ੀ ਤੇ ਹੇਰਾਫੇਰੀ ਦੀਆਂ ਘਟਨਾਵਾਂ ਸੁਣ ਕੇ ਭਵਿੱਖ ਵਿੱਚ ਸਾਵਧਾਨ ਰਹਿਣ ਦਾ ਪ੍ਰਣ ਲਿਆ ਅਤੇ ਆਪਣੇ ਹੋਰ ਦੋਸਤਾਂ ਨੂੰ ਸੁਚੇਤ ਰਹਿਣ ਦੀ ਪ੍ਰੇਰਣਾ ਵੀ ਦੇਣੀ ਸ਼ੁਰੂ ਕਰ ਦਿੱਤੀ।

Advertisement
Author Image

joginder kumar

View all posts

Advertisement
Advertisement
×