ਕੰਧ ਵਾਲੀ ਤਸਵੀਰ
ਡਾ. ਸੁਰਿੰਦਰ ਗਿੱਲ
ਜ਼ਿਲ੍ਹਾ ਕਪੂਰਥਲਾ ਦਾ ਪਿੰਡ ਤਲਵੰਡੀ ਚੌਧਰੀਆਂ। 1962-63 ਵਿਚ ਮੈਂ ਪਿੰਡ ਦੇ ਬੱਸ ਅੱਡੇ ਤੋਂ ਪਿੰਡ ਨੂੰ ਜਾਂਦੀ ਵੱਡੀ ਵੀਹੀ ਉਤਲੇ ਇਕ ਉੱਜੜੇ ਘਰ ਦੇ ਸਹੀ ਸਲਾਮਤ ਰਹਿ ਗਏ ਦੋ ਕਮਰਿਆਂ ਵਿਚ ਰਹਿ ਰਿਹਾ ਸੀ। ਮੁੱਖ ਵੀਹੀ ਵਿਚਲੇ ਘਰ ਦੇ ਬੂਹੇ ਦੇ ਨਾਲ ਹੀ ਖਿੜਕੀ ਸੀ। ਬੂਹੇ ਵੜਦਿਆਂ ਇਕ ਕਮਰਾ, ਪਿੱਛੇ ਵਿਹੜਾ ਅਤੇ ਉਸ ਤੋਂ ਪਿੱਛੇ ਇਕ ਹਨੇਰਾ ਜਿਹਾ ਕਮਰਾ ਹੋਰ। ਮੇਰੇ ਵਿਦਿਆਰਥੀ ਮੁੰਡੇ-ਕੁੜੀਆਂ ਮੇਰੇ ਇਸ ‘ਘਰ` ਨੂੰ ਰੇਲ ਗੱਡੀ ਕਹਿ ਕੇ ਖੁਸ਼ ਹੁੰਦੇ।
ਉਸ ਸਮੇਂ ਮੇਰਾ ਸਾਮਾਨ ਹੀ ਕੀ ਸੀ? ਅਟੈਚੀ, ਬਿਸਤਰਾ ਅਤੇ ਬੋਰੀ। ਬੋਰੀ ਵਿਚ ਸਟੋਵ, ਤਵਾ, ਨਿੱਕੀ ਜਿਹੀ ਪਰਾਤ ਅਤੇ ਕੁਝ ਭਾਂਡੇ... ਤੇ ਬਸ।
ਉਨ੍ਹੀਂ ਦਿਨੀਂ ਕਿਸੇ ਸਮੇਂ ਮੇਰੀ ਸਹਿਪਾਠਣ ਰਹੀ ਕੁੜੀ ਬਚਨ ਨਾਲ ਮੇਰੀ ਦੋਸਤੀ ਸੀ। ਬਚਨ ਨੇ ਆਪਣੇ ਸਤਾਰਵੇਂ ਜਨਮ ਦਿਨ ’ਤੇ ਖਿਚਵਾਈ ਆਪਣੀ ਫੋਟੋ ਮੈਨੂੰ ਭੇਜੀ ਜਿਸ ਨੂੰ ਫਰੇਮ ਕਰਵਾ ਕੇ ਮੈਂ ਆਪਣੇ ਕਮਰੇ ਵਿਚ ਕੰਧ ’ਤੇ ਸਜਾ ਲਿਆ, ਜਾਂ ਕਹੋ ਕਿ ਉਸ ਫੋਟੋ ਨਾਲ ਮੈਂ ਉਦਾਸ ਕਮਰੇ ਦੀ ਕੰਧ ਸਜਾ ਲਈ।
ਇਹ ਉਮਰ ਦਾ ਉਹ ਪੜਾਅ ਸੀ, ਜਦੋਂ ਕਿਸੇ ਗੱਲ ਦੇ ਚੰਗੇ ਮਾੜੇ ਪ੍ਰਤੀਕਰਮਾਂ ਦੀ ਕੋਈ ਪ੍ਰਵਾਹ ਨਹੀਂ ਹੁੰਦੀ।
ਸਾਡੇ ਸਮਾਜ ਦੇ ਬਹੁਗਿਣਤੀ ਲੋਕ ਅਜਿਹੇ ਹਨ ਜਿਹੜੇ ਨੈਤਿਕ ਚਲਣ ਅਤੇ ਸਮਾਜਿਕ ਲੋਕਾਚਾਰੀ ਤੋਂ ਅਭਿੱਜ ਹਨ। ਕੋਈ ਪ੍ਰਸ਼ਨ ਪੁੱਛਣ ਜਾਂ ਆਪਣਾ ਪ੍ਰਤੀਕਰਮ ਪ੍ਰਗਟ ਕਰਨ ਸਮੇਂ ਥੋੜ੍ਹਾ-ਘਣਾ ਵੀ ਨਹੀਂ ਸੋਚਦੇ। ਇਹੀ ਕੁਝ ਮੇਰੀ ਮਿੱਤਰ ਕੁੜੀ ਦੀ ਪਿਆਰੀ ਤਸਵੀਰ ਨਾਲ ਵਾਪਰਿਆ।
ਕੁਝ ਲੋਕ ਮੈਨੂੰ ਮਿਲਣ ਆਏ, ਬੈਠੇ, ਗੱਲਬਾਤ ਕੀਤੀ, ਚਲੇ ਗਏ। ਇਕ ਐਤਵਾਰ ਸਵੇਰੇ ਉਸੇ ਪਿੰਡ ਦਾ ਵਸਨੀਕ ਅਤੇ ਮੇਰਾ ਸਕੂਲ ਸਹਿਕਰਮੀ ਮਾਸਟਰ ਦਰਸ਼ਨ ਨਈਅਰ ਜਿਹੜਾ ਉਮਰ ਵਿਚ ਮੈਥੋਂ ਪੰਜ ਵਰ੍ਹੇ ਵੱਡਾ ਸੀ, ਆਇਆ। ਕੁਰਸੀ ’ਤੇ ਬੈਠਦਿਆਂ ਹੀ ਕੰਧ ’ਤੇ ਟੰਗੀ ਫੋਟੋ ਵੱਲ ਦੇਖਣ ਲੱਗਾ। ਫਿਰ ਇਕ ਦਮ ਉੱਠਿਆ ਤੇ ਬੋਲਿਆ; “ਆਹ! ਕਤਲ!! ਬਿਊਟੀ, ਕਮਾਲ... ਇਹ ਕੌਣ ਆ ਬਈ?” ਉਹ ਅਤਿਅੰਤ ਰੁਮਾਂਟਿਕ ਅੰਦਾਜ਼ ਵਿਚ ਬੋਲਿਆ! ਮੈਂ ਮੌਕਾ ਸੰਭਾਲਿਆ, ਸੰਜੀਦਾ ਹੁੰਦਿਆਂ ਕਿਹਾ, “ਦਰਸ਼ਨ ਇਹ ਮੇਰੀ ਚਚੇਰੀ ਭੈਣ ਦੀ ਫੋਟੋ ਆ।”...
ਦੋ ਕੁ ਦਿਨ ਬਾਅਦ ਮੈਂ ਆਪਣੇ ਕਮਰੇ ਵਿਚ ਬੈਠਾ ਰਾਤ ਵਾਸਤੇ ਮਟਰ ਕੱਢ ਰਿਹਾ ਸੀ ਕਿ ਦਰਵਾਜ਼ੇ `ਤੇ ਖਟ ਖਟ ਹੋਈ। ਦਰਵਾਜ਼ਾ ਖੋਲ੍ਹਿਆ, ਇਹ ਪਿੰਡ ਦੇ ਬਜ਼ੁਰਗ ਮੁਹੱਬਤ ਲਾਲ ਨਈਅਰ ਸਨ, ਮਾਸਟਰ ਦਰਸ਼ਨ ਲਾਲ ਦੇ ਪਿਤਾ ਜੀ। ਕਾਂਗਰਸ ਪਾਰਟੀ ਦੇ ਸਰਗਰਮ ਹਮਾਇਤੀ।
“ਆਓ ਨਈਅਰ ਸਾਹਿਬ! ਜੀ ਆਇਆਂ!”
“ਮੈਂ ਵਿਹਲਾ ਸੀ, ਸੋਚਿਆ ਗਿੱਲ ਨੂੰ ਮਿਲ ਆਵਾਂ।”
ਮੈਂ ਕੁਰਸੀ ਅਗਾਂਹ ਖਿੱਚੀ।
ਬੈਠ ਗਏ।
“ਹੋਰ ਸੁਣਾ ਕੀ ਹਾਲ ਐ? ਕੋਈ ਔਖ ਤਾਂ ਨਹੀਂ?”
“ਜੀ ਤੁਹਾਡੇ ਹੁੰਦੇ ਔਖ ਕਾਹਦੀ?”
ਅਚਾਨਕ ਕੰਧ ’ਤੇ ਸਜੀ ਤਸਵੀਰ ਵੱਲ ਉਨ੍ਹਾਂ ਦਾ ਧਿਆਨ ਗਿਆ, “ਕੌਣ ਆ ਬਈ ਗਿੱਲ ਇਹ ਕੁੜੀ?”
ਮੈਂ ਉਹੀ ਉੱਤਰ ਦੁਹਰਾਇਆ ਜੋ ਉਨ੍ਹਾਂ ਦੇ ਪੁੱਤਰ ਨੂੰ ਦਿੱਤਾ ਸੀ।
“ਅੱਛਾ! ਬੜੇ ਦੁੱਖ ਦੀ ਗੱਲ ਆ...।” ਆਖ ਲਾਲਾ ਜੀ ਤੁਰਦੇ ਹੋਏ... ਪਰ ਮੇਰਾ ਮਨ ਬੇਚੈਨ ਹੋ ਗਿਆ।
ਅਗਲੇ ਦਿਨ ਮੈਂ ਫੋਟੋ ਕੰਧ ਤੋਂ ਲਾਹੀ। ਫਰੇਮ ’ਚੋਂ ਫੋਟੋ ਕੱਢ ਕੇ ਆਪਣੀ ਡਾਇਰੀ ਵਿਚ ਰੱਖ ਲਈ ਅਤੇ ‘ਇਲੱਸਟ੍ਰੇਟਿਡ ਵੀਕਲੀ’ ਵਿਚ ਛਪੀ ਉਸੇ ਸਾਈਜ਼ ਦੀ ਇਕ ਹੋਰ ਫੋਟੋ ਫਰੇਮ ਵਿਚ ਲਾ ਕੇ ਕੰਧ ਉੱਪਰ ਲਟਕਾ ਦਿੱਤੀ।
ਹੁਣ ਸਭ ਠੀਕ-ਠਾਕ ਸੀ।
ਸੰਪਰਕ 99154-73505