ਮੱਧ ਪ੍ਰਦੇਸ਼ ’ਚ ਕੰਧ ਡਿੱਗੀ; ਨੌਂ ਬੱਚਿਆਂ ਦੀ ਮੌਤ
ਸਾਗਰ, 4 ਅਗਸਤ
ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ’ਚ ਇੱਕ ਖਸਤਾ ਹਾਲ ਮਕਾਨ ਦੀ ਕੰਧ ਡਿੱਗਣ ਕਾਰਨ ਨੌਂ ਬੱਚਿਆਂ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖ਼ਮੀ ਹੋ ਗਏ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਰਹਿਲੀ ਵਿਧਾਨ ਸਭਾ ਹਲਕੇ ਦੇ ਸ਼ਾਹਪੁਰ ਪਿੰਡ ’ਚ ਇੱਕ ਮੰਦਰ ਕੰਪਲੈਕਸ ਨੇੜੇ ਧਾਰਮਿਕ ਸਮਾਗਮ ਦੌਰਾਨ ਸਵੇਰੇ 8.30 ਤੋਂ 9 ਵਜੇ ਦਰਮਿਆਨ ਵਾਪਰੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ’ਤੇ ਦੁੱਖ ਜ਼ਾਹਿਰ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 2 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ ਹੈ। ਮੁੱਖ ਮੰਤਰੀ ਮੋਹਨ ਯਾਦਵ ਨੇ ਵੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਸ਼ਾਹਪੁਰ ਨਗਰ ਪੰਚਾਇਤ ਦੇ ਮੁੱਖ ਨਿਗਰ ਅਫਸਰ ਤੇ ਇੱਕ ਸਬ-ਇੰਜਨੀਅਰ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਨਗਰ ਨਿਗਮ ਨੂੰ ਖਸਤਾ ਹਾਲ ਇਮਾਰਤਾਂ ਦੀ ਪਛਾਣ ਕਰਕੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਾਗਰ ਦੇ ਡਿਵੀਜ਼ਨਲ ਕਮਿਸ਼ਨਰ ਵਿਰੇਂਦਰ ਸਿੰਘ ਰਾਵਤ ਨੇ ਦੱਸਿਆ ਕਿ ਇਸ ਘਟਨਾ ’ਚ ਮਾਰੇ ਗਏ ਬੱਚਿਆਂ ਦੀ ਉਮਰ 10 ਤੋਂ 15 ਸਾਲ ਤੱਕ ਹੈ। ਭਾਜਪਾ ਦੇ ਸਥਾਨਕ ਵਿਧਾਇਕ ਤੇ ਸਾਬਕਾ ਮੰਤਰੀ ਗੋਪਾਲ ਭਾਰਗਵ ਨੇ ਦੱਸਿਆ ਕਿ ਇਸ ਖ਼ਸਤਾ ਹਾਲ ਮਕਾਨ ਨੇੜੇ ਇੱਕ ਟੈਂਟ ’ਚ ਧਾਰਮਿਕ ਸਮਾਗਮ ਚੱਲ ਰਿਹਾ ਸੀ ਕਿ ਮਕਾਨ ਦੀ ਕੰਧ ਟੈਂਟ ’ਤੇ ਡਿੱਗ ਗਈ ਅਤੇ ਕਈ ਬੱਚੇ ਟੈਂਟ ਤੇ ਮਲਬੇ ਹੇਠਾਂ ਦਬ ਗਏ। ਉਨ੍ਹਾਂ ਦੱਸਿਆ ਕਿ ਘਟਨਾ ’ਚ ਜਾਨ ਗੁਆਉਣ ਵਾਲੇ ਕਈ ਬੱਚੇ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸਨ। -ਪੀਟੀਆਈ