ਵਕਫ਼ ਸੋਧ ਬਿੱਲ ਦੀ ਮੀਟਿੰਗ ਵਿੱਚੋਂ ਵਿਰੋਧੀ ਧਿਰਾਂ ਵੱਲੋਂ ਵਾਕਆਊਟ
ਨਵੀਂ ਦਿੱਲੀ, 28 ਅਕਤੂਬਰ
ਸੰਸਦ ਦੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਅੱਜ ਵਕਫ਼ (ਸੋਧ) ਬਿੱਲ 2024 ਦੀ ਮੀਟਿੰਗ ਵਿੱਚ ਪੱਖਪਾਤੀ ਕਾਰਵਾਈ ਦੇ ਦੋਸ਼ ਲਗਾਉਂਦੇ ਹੋਏ ਵਾਕਆਊਟ ਕਰ ਦਿੱਤਾ। ਇਹ ਮੀਟਿੰਗ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਦੇ ਚੇਅਰਮੈਨ ਤੇ ਭਾਜਪਾ ਸੰਸਦ ਮੈਂਬਰ ਜਗਦੰਬਿਕਾ ਪਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਦੋਸ਼ ਲਾਇਆ ਕਿ ਦਿੱਲੀ ਨਗਰ ਨਿਗਮ (ਐੱਮਸੀਡੀ) ਦੇ ਕਮਿਸ਼ਨਰ ਅਤੇ ਦਿੱਲੀ ਵਕਫ਼ ਬੋਰਡ ਦੇ ਸੀਈਓ ਅਸ਼ਵਨੀ ਕੁਮਾਰ ਨੇ ਵਕਫ਼ ਬੋਰਡ ਦੀ ਸ਼ੁਰੂਆਤੀ ਰਿਪੋਰਟ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਤੇ ਇਸ ਮਾਮਲੇ ਵਿੱਚ ਮੁੱਖ ਮੰਤਰੀ ਦੀ ਮਨਜ਼ੂਰੀ ਵੀ ਨਹੀਂ ਲਈ ਗਈ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਸੰਸਦ ਮੈਂਬਰ ਪਰਤ ਆਏ ਅਤੇ ਜੇਪੀਸੀ ਦੀ ਮੀਟਿੰਗ ਵਿੱਚ ਸ਼ਾਮਲ ਹੋਏ।
ਇਸ ਤੋਂ ਪਹਿਲਾਂ ਕਮੇਟੀ ਨੇ ਦਿੱਲੀ ਵਕਫ਼ ਬੋਰਡ, ਹਰਿਆਣਾ ਵਕਫ਼ ਬੋਰਡ, ਪੰਜਾਬ ਵਕਫ਼ ਬੋਰਡ ਅਤੇ ਉੱਤਰਾਖੰਡ ਵਕਫ਼ ਬੋਰਡ ਦੇ ਨੁਮਾਇੰਦਿਆਂ ਨੂੰ ਵਕਫ਼ (ਸੋਧ) ਬਿੱਲ, 2024 ਬਾਰੇ ਆਪਣੇ ਜ਼ੁਬਾਨੀ ਬਿਆਨ ਦਰਜ ਕਰਵਾਉਣ ਲਈ ਸੱਦਿਆ ਸੀ। ਕਮੇਟੀ ਨੇ ਕਾਲ ਫਾਰ ਜਸਟਿਸ (ਟਰੱਸਟੀ ਚੰਦਰ ਵਧਵਾ), ਵਕਫ਼ ਕਿਰਾਏਦਾਰ ਵੈਲਫੇਅਰ ਐਸੋਸੀਏਸ਼ਨ ਦਿੱਲੀ ਅਤੇ ਹਰਬੰਸ ਡੰਕਾਲ (ਪ੍ਰਧਾਨ, ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ) (ਸਾਰੇ ਬਲਾਕ), ਬੀ ਕੇ ਦੱਤ ਕਲੋਨੀ, ਨਵੀਂ ਦਿੱਲੀ ਨੂੰ ਆਪਣੇ ਵਿਚਾਰ ਅਤੇ ਸੁਝਾਅ ਦਰਜ ਕਰਨ ਲਈ ਕਿਹਾ ਸੀ। ਇਸ ਕਮੇਟੀ ਦੀ ਮੀਟਿੰਗ ਮੁੜ 29 ਅਕਤੂਬਰ ਨੂੰ ਹੋਵੇਗੀ। ਇਸ ਮੀਟਿੰਗ ਵਿੱਚ ਕਮੇਟੀ ‘ਵਕਫ਼ (ਸੋਧ) ਬਿੱਲ, 2024’ ਬਾਰੇ ਘੱਟ ਗਿਣਤੀ ਮੰਤਰਾਲੇ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰੇਗੀ।
ਜ਼ਿਕਰਯੋਗ ਹੈ ਕਿ ਇਸ ਕਮੇਟੀ ਦੀ ਪਿਛਲੀ 22 ਅਕਤੂਬਰ ਨੂੰ ਹੋਈ ਸੀ ਜਿਸ ਵਿਚ ਭਾਜਪਾ ਦੇ ਸੰਸਦ ਮੈਂਬਰ ਅਭਿਜੀਤ ਗੰਗੋਪਾਧਿਆਏ ਅਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਵਿਚਾਲੇ ਬਹਿਸ ਹੋਈ ਸੀ। -ਏਐੱਨਆਈ