ਵਕਫ਼ ਬੈਠਕ: ਚੇਅਰਮੈਨ ਵੱਲ ਬੋਤਲ ਸੁੱਟਣ ਲਈ ਟੀਐੱਮਸੀ ਸੰਸਦ ਮੈਂਬਰ ਇਕ ਦਿਨ ਲਈ ਮੁਅੱਤਲ
ਨਵੀਂ ਦਿੱਲੀ, 22 ਅਕਤੂਬਰ
ਵਕਫ਼ ਸੋਧ ਬਿੱਲ ਬਾਰੇ ਸੰਸਦੀ ਕਮੇਟੀ ਦੀ ਬੈਠਕ ਦੌਰਾਨ ਕੱਚ ਦੀ ਪਾਣੀ ਵਾਲੀ ਬੋਤਲ ਭੰਨ ਕੇ ਚੇਅਰ ਵੱਲ ਸੁੱਟਣ ਦੇ ਦੋਸ਼ ਤਹਿਤ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੂੰ ਇਕ ਦਿਨ ਲਈ ਕਮੇਟੀ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਉਂਝ ਬੈਨਰਜੀ ਇਸ ਮੌਕੇ ਆਪਣੀਆਂ ਹੀ ਉਂਗਲਾਂ ’ਤੇ ਸੱਟ ਲੁਆ ਬੈਠੇ। ਕਮੇਟੀ ਦੇ ਚੇਅਰਪਰਸਨ ਤੇ ਬਜ਼ੁਰਗ ਭਾਜਪਾ ਸੰਸਦ ਮੈਂਬਰ ਜਗਦੰਬਿਕਾ ਪਾਲ ਨੇ ਬੈਨਰਜੀ ਦੇ ਇਸ ਰਵੱਈਏ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੀ ਕਾਰਵਾਈ ‘ਅਸਾਧਾਰਨ ਹੈ, ਜਿਸ ਨੇ ਸਭ ਹੱਦਾਂ ਬੰਨ੍ਹੇ ਟੱਪ ਦਿੱਤੇ। ਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਸਦ ਮੈਂਬਰਾਂ ਨੂੰ ਕਈ ਤਰ੍ਹਾਂ ਦੀ ਛੋਟ ਹੁੰਦੀ ਹੈ, ਕੀ ਇਸ ਦਾ ਇਹ ਮਤਲਬ ਕਿ ਭਲਕੇ ਕੋਈ ਰਿਵਾਲਵਰ ਲੈ ਕੇ ਆ ਜਾਵੇਗਾ। ਉਂਝ ਭਾਜਪਾ ਆਗੂ ਨੇ ਕਿਹਾ ਕਿ ਉਹ ਵਾਲ ਵਾਲ ਬਚ ਗਏ।
ਜਾਣਕਾਰੀ ਅਨੁਸਾਰ ਵਕਫ਼ ਸੋਧ ਬਿੱਲ ਬਾਰੇ ਸੰਸਦੀ ਕਮੇਟੀ ਦੀ ਬੈਠਕ ਮੌਕੇ ਬੈਨਰਜੀ ਦੀ ਭਾਜਪਾ ਸੰਸਦ ਮੈਂਬਰ ਤੇ ਕਲਕੱਤਾ ਹਾਈ ਕੋਰਟ ਦੇ ਸਾਬਕਾ ਜੱਜ ਅਭਿਜੀਤ ਗੰਗੋਪਾਧਿਆਏ ਨਾਲ ਤਲਖਕਲਾਮੀ ਹੋ ਗਈ। ਦੋਵਾਂ ਦਰਮਿਆਨ ਹਾਲਾਂਕਿ ਇਹ ਕੋਈ ਨਵੀਂ ਗੱਲ ਨਹੀਂ ਸੀ। ਇਸ ਦੌਰਾਨ ਦੋਵਾਂ ਮੈਂਬਰਾਂ ਨੇ ਬੰਗਾਲੀ ਵਿਚ ਇਕ ਦੂਜੇ ਨਾਲ ਗਾਲ੍ਹੀ ਗਲੋਚ ਵੀ ਕੀਤਾ। ਪਾਲ ਨੇ ਕਿਹਾ ਕਿ ਭੱਦੀ ਸ਼ਬਦਾਵਲੀ ਵਰਤਣਾ ਟੀਐੱਮਸੀ ਮੈਂਬਰ ਦੀ ਆਦਤ ਬਣ ਗਈ ਹੈ, ਜਦੋਂਕਿ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਨੇ ਦਾਅਵਾ ਕੀਤਾ ਕਿ ਗੰਗੋਪਾਧਿਆਏ ਨੇ ਵੀ ਉਸ(ਬੈਨਰਜੀ) ਨੂੰ ਨਿਸ਼ਾਨਾ ਬਣਾਇਆ। ਪਾਲ ਨੇ ਕਿਹਾ ਕਿ ਜਦੋਂ ਟੀਐੱਮਸੀ ਆਗੂ ਨੇ ਬੋਤਲ ਚੁੱਕ ਕੇ ਭੰਨੀ ਤੇ ਉਨ੍ਹਾਂ ਵੱਲ ਸੁੱਟੀ ਤਾਂ ਉਨ੍ਹਾਂ ਅਤੇ ਕੁਝ ਹੋਰਨਾਂ ਮੈਂਬਰਾਂ ਨੇ ਚੀਜ਼ਾਂ ਨੂੰ ਥਾਂ ਸਿਰ ਕਰਨ ਦੀ ਕੋੋਸ਼ਿਸ਼ ਕੀਤੀ। ਇਸ ਦੌਰਾਨ ਬੈਨਰਜੀ ਦੇ ਸੱਜੇ ਹੱਥ ਦੇ ਅੰਗੂਠੇ ਤੇ ਉਂਗਲ ਉੱਤੇ ਸੱਟ ਲੱਗ ਗਈ। ਸੰਸਦੀ ਕੰਪਲੈਕਸ ਵਿਚਲੀ ਮੈਡੀਕਲ ਡਿਸਪੈਂਸਰੀ ਵਿਚ ਉਨ੍ਹਾਂ ਦੇ ਟਾਂਕੇ ਲਾਏ ਗਏ। ਉਪਰੰਤ ਕਮੇਟੀ ਨੇ ਭਾਜਪਾ ਮੈਂਬਰ ਨਿਸ਼ੀਕਾਂਤ ਦੂਬੇ ਵੱਲੋਂ ਪੇਸ਼ ਮਤੇ ਦਾ ਨੋਟਿਸ ਲੈਂਦਿਆਂ ਵੋਟਿੰਗ ਦੌਰਾਨ 10-8 ਦੇ ਫ਼ਰਕ ਨਾਲ ਬੈਨਰਜੀ ਨੂੰ ਇਕ ਦਿਨ ਲਈ ਕਮੇਟੀ ’ਚੋਂ ਮੁਅੱਤਲ ਕਰ ਦਿੱਤਾ। ਸੂਤਰਾਂ ਮੁਤਾਬਕ ਬੈਨਰਜੀ ਨੇ ਇਸ ਪੂਰੀ ਘਟਨਾ ਉੱਤੇ ਅਫ਼ਸੋਸ ਜਤਾਉਂਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਪਾਲ ਵੱਲ ਬੋਤਲ ਸੁੱਟਣ ਦਾ ਕੋਈ ਇਰਾਦਾ ਨਹੀਂ ਸੀ। ਉਂਝ ਬੈਨਰਜੀ ਨੇ ਪਾਲ ਉੱਤੇ ‘ਪੱਖਪਾਤੀ’ ਰਵੱਈਏ ਦਾ ਦੋਸ਼ ਲਾਇਆ। -ਪੀਟੀਆਈ