For the best experience, open
https://m.punjabitribuneonline.com
on your mobile browser.
Advertisement

ਅਮਨ-ਸਰਘੀ ਦੀ ਉਡੀਕ

08:16 AM Jul 23, 2023 IST
ਅਮਨ ਸਰਘੀ ਦੀ ਉਡੀਕ
Advertisement

ਸਵਰਾਜਬੀਰ

Advertisement

ਮਨੀਪੁਰ ਵਿਚ ਦੋ ਔਰਤਾਂ ਨੂੰ ਨਿਰਵਸਤਰ ਕਰ ਕੇ ਘੁਮਾਉਣ ਅਤੇ ਉਨ੍ਹਾਂ ਨਾਲ ਬਦਸਲੂਕੀ ਕਰਨ ਦੇ ਵਾਇਰਲ ਹੋਏ ਵੀਡੀਓ ਨੇ ਦੇਸ਼ਾਂ ਦੇ ਲੋਕਾਂ ਦੀ ਆਤਮਾ ਨੂੰ ਬੁਰੀ ਤਰ੍ਹਾਂ ਝੰਜੋੜਿਆ ਹੈ। ਜਿੱਥੇ ਲੋਕ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਜਵਾਬਦੇਹੀ ਦੀ ਮੰਗ ਕਰ ਰਹੇ ਹਨ, ਉੱਥੇ ਉਹ ਇਸ ਤੱਥ ਤੋਂ ਪ੍ਰੇਸ਼ਾਨ ਹਨ ਕਿ ਆਪਣੇ ਆਪ ਨੂੰ ਸੱਭਿਅਕ ਅਖਵਾਉਣ ਦੇ ਬਾਵਜੂਦ ਮਨੁੱਖ ਵਿਚ ਕਿੰਨੀ ਅਣਮਨੁੱਖਤਾ ਮੌਜੂਦ ਹੈ। ਮਨੀਪੁਰ ਵਿਚ ਰੋਸ-ਮੁਜ਼ਾਹਰੇ ਤਿੰਨ ਮਈ ਤੋਂ ਸ਼ੁਰੂ ਹੋਏ ਅਤੇ ਇਹ ਘਟਨਾ ਚਾਰ ਮਈ ਨੂੰ ਵਾਪਰੀ। ਤਿੰਨ ਮਈ ਤੋਂ ਮਕਾਨਾਂ, ਦੁਕਾਨਾਂ, ਵਾਹਨਾਂ ਆਦਿ ਨੂੰ ਅੱਗ ਲਾਉਣ, ਕੁੱਟ-ਮਾਰ ਕਰਨ, ਹਥਿਆਰ ਲੁੱਟਣ, ਇਕ-ਦੂਜੇ ਨੂੰ ਮਾਰਨ ਦੀਆਂ ਘਟਨਾਵਾਂ ਸ਼ੁਰੂ ਹੋਈਆਂ ਜਨਿ੍ਹਾਂ ਵਿਚ 150 ਤੋਂ ਜ਼ਿਆਦਾ ਲੋਕ ਮਾਰੇ ਗਏ ਅਤੇ 200 ਤੋਂ ਜ਼ਿਆਦਾ ਜ਼ਖਮੀ ਹੋਏ ਹਨ। ਬੇਘਰ ਹੋਏ ਹਜ਼ਾਰਾਂ ਲੋਕ ਕੈਂਪਾਂ ਵਿਚ ਰਹਿ ਰਹੇ ਹਨ। ਘਰ, ਦੁਕਾਨਾਂ, ਵਾਹਨ ਅਤੇ ਧਾਰਮਿਕ ਸਥਾਨ ਸਾੜੇ ਗਏ ਹਨ। ਸੂਬਾ ਡਰ, ਸਹਿਮ, ਦੁੱਖ, ਸ਼ੱਕ ਤੇ ਵੀਰਾਨੀ ਦਾ ਬੀਆਬਾਨ ਬਣ ਗਿਆ ਹੈ।
ਇਹ ਘਟਨਾ ਇਹ ਸਵਾਲ ਉਠਾਉਂਦੀ ਹੈ ਕਿ ਕੀ ਮਨੁੱਖ ਅੰਦਰ ਹਿੰਸਾ ਤੇ ਨਫ਼ਰਤ ਦਾ ਅਜਿਹਾ ਬਾਰੂਦ ਹਮੇਸ਼ਾਂ ਮੌਜੂਦ ਹੁੰਦਾ ਹੈ ਜਿਸ ਨੂੰ ਕੁਝ ਘਟਨਾਵਾਂ ਦੀ ਤੀਲ੍ਹੀ ਨਾਲ ਭੜਕਾ ਕੇ ਇਕ-ਦੂਜੇ ’ਤੇ ਜ਼ੁਲਮ-ਜਬਰ ਕਰਨ ਦੇ ਜਵਾਲਾਮੁਖੀ ਵਿਚ ਬਦਲਿਆ ਜਾ ਸਕਦਾ ਹੈ।
ਹਰ ਸਮਾਜ ਵਿਚ ਵਸਦੇ ਫ਼ਿਰਕਿਆਂ ਵਿਚ ਵਖਰੇਵੇਂ ਅਤੇ ਵਿਤਕਰਿਆਂ ਦੀਆਂ ਭਾਵਨਾਵਾਂ ਹੁੰਦੀਆਂ ਹਨ। ਅਜਿਹੀਆਂ ਭਾਵਨਾਵਾਂ ਦੇ ਬਾਵਜੂਦ ਲੋਕ ਸਹਿਹੋਂਦ ਨਾਲ ਵਸਣ ਦੇ ਅਜਿਹੇ ਤੌਰ-ਤਰੀਕੇ ਲੱਭ ਲੈਂਦੇ ਹਨ ਜਨਿ੍ਹਾਂ ਨਾਲ ਭਾਈਚਾਰਕ ਸਾਂਝ ਬਣੇ ਤੇ ਵਧੇ। ਇਸ ਸਾਂਝ ਦਾ ਤਾਣਾ-ਬਾਣਾ ਜਟਿਲ ਹੁੰਦਾ ਹੈ, ਇਕ ਪੱਧਰ ’ਤੇ ਇਹ ਵਿਹਾਰਕ ਸਾਂਝ ਹੁੰਦੀ ਹੈ ਅਤੇ ਕਈ ਹੋਰ ਪੱਧਰਾਂ ’ਤੇ ਇਸ ਵਿਚ ਕੁਝ ਹੱਦਾਂ ਨਿਸ਼ਚਿਤ ਕੀਤੀਆਂ ਜਾਂਦੀਆਂ ਹਨ: ਕਿਤੇ ਆਪਸੀ ਵਿਆਹ ਨਹੀਂ ਹੁੰਦੇ; ਕਿਤੇ ਇਕ ਭਾਈਚਾਰਾ ਦੂਸਰੇ ਭਾਈਚਾਰੇ ਨਾਲ ਖਾਣਾ ਖਾਣ ਤੋਂ ਗੁਰੇਜ਼ ਕਰਦਾ ਹੈ; ਲਬਿਾਸ ਵੱਖੋ ਵੱਖਰੇ ਹੋ ਸਕਦੇ ਹਨ; ਸਮਾਜਿਕ ਤੇ ਧਾਰਮਿਕ ਰੀਤੀ-ਰਿਵਾਜ ਅਲੱਗ ਹੁੰਦੇ ਹਨ ਪਰ ਫਿਰ ਵੀ ਭਾਈਚਾਰੇ ਅਮਨ ਕਾਇਮ ਰੱਖਦੇ ਤੇ ਆਪਸੀ ਮੇਲ-ਮਿਲਾਪ ਵਧਾਉਂਦੇ ਹਨ। ਉਪਰੋਕਤ ਘਟਨਾ ਜਿਹੀਆਂ ਘਟਨਾਵਾਂ ਉਦੋਂ ਵਾਪਰਦੀਆਂ ਹਨ ਜਦੋਂ ਵੱਖ ਵੱਖ ਭਾਈਚਾਰਿਆਂ ਦੇ ਲੋਕਾਂ ਦੇ ਮਨਾਂ ਵਿਚ ਲਗਾਤਾਰ ਫ਼ਿਰਕੂ ਜ਼ਹਿਰ ਤੇ ਨਫ਼ਰਤ ਘੋਲੀ ਜਾਂਦੀ ਹੈ; ਉਨ੍ਹਾਂ ਦੀ ਮਾਨਸਿਕ ਹਾਲਤ ਨੂੰ ਅਜਿਹੇ ਮੁਕਾਮ ’ਤੇ ਲੈ ਜਾਇਆ ਜਾਂਦਾ ਹੈ ਜਿੱਥੇ ਉਹ ਇਕ-ਦੂਜੇ ਦਾ ਕਤਲ ਕਰਨ ਅਤੇ ਔਰਤਾਂ ਨਾਲ ਜਬਰ-ਜਨਾਹ ਕਰਨ ਲਈ ਤਿਆਰ ਹੋ ਜਾਂਦੇ ਹਨ। ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਇੱਥੇ ਵੱਖ ਵੱਖ ਭਾਈਚਾਰਿਆਂ ਦੀ ਜੀਵਨ-ਜਾਚ ਵਿਚ ਕਈ ਫ਼ਰਕ ਹੋਣ ਦੇ ਬਾਵਜੂਦ ਉਹ ਆਪਸ ਵਿਚ ਮਿਲ-ਜੁਲ ਕੇ ਰਹਿ ਰਹੇ ਸਨ ਪਰ 1940ਵਿਆਂ ਵਿਚ ਉਨ੍ਹਾਂ ਦੇ ਮਨਾਂ ਵਿਚ ਭਰੇ ਗਏ ਫ਼ਿਰਕੂ ਜ਼ਹਿਰ ਨੇ ਉਨ੍ਹਾਂ ਨੂੰ 1947 ਦੀ ਭੈਣ-ਭਰਾ ਮਾਰੂ ਹਿੰਸਾ ਤਕ ਪਹੁੰਚਾ ਦਿੱਤਾ।
ਉਪਰੋਕਤ ਦਲੀਲ ਦੱਸਦੀ ਹੈ ਕਿ ਮਨੀਪੁਰ ਵਿਚ ਹੋ ਰਿਹਾ ਖ਼ੂਨ-ਖਰਾਬਾ ਲਗਾਤਾਰ ਨਫ਼ਰਤ ਫੈਲਾਉਣ ਦਾ ਸਿੱਟਾ ਹੈ। ਸੂਬੇ ਵਿਚ ਬਹੁਗਿਣਤੀ ਭਾਈਚਾਰੇ ਦੇ ਮਨਾਂ ਵਿਚ ਤੋੜ-ਮਰੋੜ ਕੇ ਪੇਸ਼ ਕੀਤੇ ਇਤਿਹਾਸ ਤੇ ਮਿਥਿਹਾਸ ਦੇ ਗੌਰਵ ਦੀ ਭਾਵਨਾ ਸਥਾਪਿਤ ਕੀਤੀ ਗਈ ਹੈ ਜਦੋਂਕਿ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਦੇ ਮਨਾਂ ਵਿਚ ਹੀਣਤਾ ਭਰਨ ਦੀਆਂ ਕੋਸ਼ਿਸ਼ਾਂ ਹੋਈਆਂ ਹਨ। ਸਮਾਜ ਨੂੰ ਹਿੰਸਾ ਤੇ ਨਫ਼ਰਤ ਲਈ ਤਿਆਰ ਕੀਤਾ ਗਿਆ।
ਸਮੂਹਿਕ ਹਿੰਸਾ ਦੇ ਸਮਿਆਂ ਵਿਚ ਘਟਨਾਵਾਂ ਦੀ ਲਗਾਮ ਮੁੱਖ ਤੌਰ ’ਤੇ ਮਰਦਾਂ ਦੇ ਹੱਥ ਵਿਚ ਹੁੰਦੀ ਹੈ। ਸਮੂਹਿਕ ਹਿੰਸਾ ਅਤੇ ਯੁੱਧਾਂ ਦੌਰਾਨ ਹੁੰਦੇ ਜਬਰ ਦੇ ਕਈ ਪੱਖ ਹੁੰਦੇ ਹਨ: ਕਤਲੋਗਾਰਤ, ਅਗਜ਼ਨੀ, ਲੁੱਟ-ਮਾਰ ਆਦਿ। ਇਸ ਜਬਰ ਦਾ ਇਕ ਨਿਸ਼ਾਨਾ ਔਰਤਾਂ ਹੁੰਦੀਆਂ ਹਨ। ਔਰਤ ਦੀ ਬੇਪਤੀ ਇਕ ਔਰਤ ਹੋਣ ਵਜੋਂ ਵੀ ਕੀਤੀ ਜਾਂਦੀ ਹੈ ਪਰ ਨਾਲ ਨਾਲ ਉਸ ਦੇ ਸਰੀਰ ਨੂੰ ਉਸ ਦੇ ਭਾਈਚਾਰੇ, ਫ਼ਿਰਕੇ, ਧਰਮ, ਖੇਤਰ, ਬਸਤੀ ਆਦਿ ਦਾ ਸਮੂਹਿਕ ਪ੍ਰਤੀਕ ਵੀ ਮੰਨਿਆ ਜਾਂਦਾ ਹੈ; ਜਾਬਰ ਔਰਤਾਂ ਨਾਲ ਹਿੰਸਾ ਅਤੇ ਜਬਰ-ਜਨਾਹ ਕਰ ਕੇ ਇਹ ਜਤਾਉਂਦੇ ਹਨ ਕਿ ਉਨ੍ਹਾਂ ਨੇ ਵਿਰੋਧੀ ਭਾਈਚਾਰੇ, ਫ਼ਿਰਕੇ, ਧਰਮ ਖੇਤਰ, ਬਸਤੀ ਆਦਿ ਦੇ ਲੋਕਾਂ ਦੀ ਸਮੂਹਿਕ ਬੇਪਤੀ ਕੀਤੀ ਹੈ। ਉਸ ਬੇਪਤੀ ਨੂੰ ਔਰਤਾਂ ਦੀਆਂ ਦੇਹਾਂ ’ਤੇ ਉੱਕਰ ਦਿੱਤਾ ਜਾਂਦਾ ਹੈ; ਔਰਤ ਦਾ ਸਰੀਰ ਜੰਗ ਦਾ ਮੈਦਾਨ ਬਣ ਜਾਂਦਾ ਹੈ। ਜੇਤੂ ਤੇ ਤਾਕਤਵਰ ਲੋਕ ਇਹ ਸਮਝਦੇ ਹਨ ਕਿ ਉਨ੍ਹਾਂ ਨੇ ਅਜਿਹਾ ਕੰਮ ਕਰ ਕੇ ਆਪਣੇ ਫ਼ਿਰਕੇ, ਭਾਈਚਾਰੇ, ਧਰਮ, ਬਸਤੀ, ਜਾਤ ਜਾਂ ਕਬੀਲੇ ਨੂੰ ਇਕ ਅਜਿਹੀ ਜਿੱਤ ਦਿਵਾਈ ਹੈ ਜਿਸ ਦਾ ਕੋਈ ਬਦਲ ਨਹੀਂ ਹੋ ਸਕਦਾ ਅਤੇ ਦੂਸਰੇ ਪਾਸੇ ਦੇ ਲੋਕਾਂ ਨੂੰ ਸਮੂਹਿਕ ਸ਼ਰਮ ਵਿਚ ਡੁਬੋ ਦਿੱਤਾ ਹੈ।
ਜਬਰ ਕਰ ਰਹੇ ਮਰਦ ਇਹ ਵੀ ਜਾਣਦੇ ਹਨ ਕਿ ਉਨ੍ਹਾਂ ਦੀ ਮੁੱਖ ਲੜਾਈ ਦੂਸਰੇ ਪਾਸੇ ਦੇ ਮਰਦਾਂ ਨਾਲ ਹੈ। ਮਰਦ-ਪ੍ਰਧਾਨ ਸੋਚ ਮਰਦਾਂ ਨੂੰ ਇਹ ਦੱਸਦੀ ਹੈ ਕਿ ਉਹ ਆਪਣੇ ਲੋਕ-ਸਮੂਹ ਦੀਆਂ ਔਰਤਾਂ ਦੀ ਪਤ ਤੇ ਇੱਜ਼ਤ ਦੇ ਰਖਵਾਲੇ ਹਨ। ਇਸ ਤਰ੍ਹਾਂ ਜਦੋਂ ਇਕ ਪਾਸੇ ਦੇ ਮਰਦ ਦੂਸਰੇ ਪਾਸੇ ਦੀਆਂ ਔਰਤਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਉਂਦੇ ਹਨ ਤਾਂ ਉਹ ਦੂਸਰੇ ਪਾਸੇ ਦੇ ਮਰਦਾਂ ਨੂੰ ਹਿੰਸਕ ਸੁਨੇਹਾ ਦੇ ਰਹੇ ਹੁੰਦੇ ਹਨ ਕਿ ਉਹ (ਪੀੜਤ ਧਿਰ ਦੇ ਮਰਦ) ਆਪਣੀਆਂ ਔਰਤਾਂ ਦੀ ਰੱਖਿਆ ਕਰਨ ਦੇ ਕਾਬਲ ਨਹੀਂ; ਉਹ ਕਮਜ਼ੋਰ, ਡਰਪੋਕ, ਬੇਗੈਰਤ, ਨਿਪੁੰਸਕ ਤੇ ਹੀਣੇ ਹਨ, ਮਰਦ ਕਹਾਉਣ ਦੇ ਕਾਬਲ ਨਹੀਂ।
ਹਿੰਸਾ ਤੇ ਨਫ਼ਰਤ ਭਰੇ ਸੁਨੇਹੇ ਇਕ ਪਾਸੇ ਦੀ ਮਰਦ-ਪ੍ਰਧਾਨ ਸੋਚ ਤੋਂ ਦੂਸਰੇ ਪਾਸੇ ਦੀ ਮਰਦ-ਪ੍ਰਧਾਨ ਸੋਚ ਤਕ ਪਹੁੰਚਦੇ ਅਤੇ ਇਕ-ਦੂਜੇ ਦੇ ਪੂਰਕ ਬਣਦੇ ਹਨ। ਮਰਦ-ਪ੍ਰਧਾਨ ਸੋਚ ਆਪਸ ਵਿਚ ਟਕਰਾਉਂਦੀ ਹੈ। ਹਿੰਸਾ ਹੋਰ ਹਿੰਸਾ ਨੂੰ ਜਨਮ ਦਿੰਦੀ ਅਤੇ ਬਦਲਾ ਲੈਣ ਤੇ ਵੱਧ ਹਿੰਸਾ ਕਰਨ ਦੀ ਉਤੇਜਨਾ ਪੈਦਾ ਕਰਦੀ ਹੈ। ਨਫ਼ਰਤ ਵਿਚ ਸੜਦੇ ਮਨੁੱਖ ਆਪਣੀ ਮਨੁੱਖਤਾ ਗੁਆ ਕੇ ਨਫ਼ਰਤ ਦੇ ਮੁਜੱਸਮੇ ਬਣ ਜਾਂਦੇ ਹਨ। ਕਰੁਣਾ, ਦਇਆ, ਹਮਦਰਦੀ ਅਤੇ ਸਾਂਝੀਵਾਲਤਾ ਜਿਹੀਆਂ ਭਾਵਨਾਵਾਂ ਗਾਇਬ ਹੋ ਜਾਂਦੀਆਂ ਹਨ। ਮਨੁੱਖ ਨੂੰ ਨਫ਼ਰਤ ਦੀ ਭੋਇੰ ਦਾ ਵਾਸੀ ਬਣਾ ਦਿੱਤਾ ਜਾਂਦਾ ਹੈ। ਤਰਕਸ਼ੀਲਤਾ ਗਾਇਬ ਹੋ ਜਾਂਦੀ ਹੈ। ਨਫ਼ਰਤ ਨੂੰ ਉਸ ਹੱਦ ਤਕ ਲਿਜਾਇਆ ਜਾਂਦਾ ਹੈ ਜਿੱਥੇ ਦੂਸਰੇ ਭਾਈਚਾਰੇ ਦੇ ਲੋਕਾਂ ਦੇ ਮਨੁੱਖ ਹੋਣ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ, ਆਸ ਦੇ ਪੈਰ ਠੰਢੇ ਹੋ ਜਾਂਦੇ ਹਨ, ਅੱਖਾਂ ਬੇਦਰੇਗ ਤੇ ਮਨ-ਦਿਮਾਗ਼ ਹਿੰਸਕ ਹੋ ਜਾਂਦੇ ਹਨ। ਲੋਕਾਂ ਨੂੰ ਸੁਪਨੇਹੀਣ ਬਣਾ ਕੇ ਉਨ੍ਹਾਂ ਦੇ ਦਿਲਾਂ ਨੂੰ ਪੱਥਰ ਬਣਾ ਦਿੱਤਾ ਜਾਂਦਾ ਹੈ; ਉਨ੍ਹਾਂ ਨੂੰ ਮਨੁੱਖ ਹੋਣ ਦੀ ਸਰਦਲ ਤੋਂ ਡੇਗ ਕੇ ਮਨੁੱਖਤਾ ਤੋਂ ਬੇਗਾਨਾ ਕਰ ਦਿੱਤਾ ਜਾਂਦਾ ਹੈ।
ਅਜਿਹੇ ਸਮਿਆਂ ਵਿਚ ਸੱਤਾਧਾਰੀ ਧਿਰਾਂ ਚੁੱਪ ਰਹਿੰਦੀਆਂ ਹਨ। ਜਦੋਂ ਉਹ ਹਿੰਸਾ ਕਰਨ ਵਾਲਿਆਂ ਦਾ ਸਾਥ ਦੇ ਰਹੀਆਂ ਹੋਣ ਤਾਂ ਹਿੰਸਾ ਨੂੰ ਵਧਣ ਦਿੱਤਾ ਜਾਂਦਾ ਹੈ ਤਾਂ ਕਿ ਨਿਸ਼ਾਨੇ ’ਤੇ ਲਏ ਭਾਈਚਾਰੇ ਦੇ ਲੋਕਾਂ ਨੂੰ ਸਬਕ ਸਿਖਾਇਆ ਜਾ ਸਕੇ। ਆਮ ਕਰਕੇ ਘੱਟਗਿਣਤੀ ਭਾਈਚਾਰਿਆਂ ਦੇ ਲੋਕ ਅਜਿਹੀ ਹਿੰਸਾ ਦਾ ਸ਼ਿਕਾਰ ਹੁੰਦੇ ਹਨ।
ਅਜਿਹੇ ਸਮਿਆਂ ਵਿਚ ਹੀ ਸਮਾਜ ਨੂੰ ਅਮਨ ਦੀ ਅਹਿਮੀਅਤ ਦਾ ਪਤਾ ਲੱਗਦਾ ਹੈ ਪਰ ਹਿੰਸਕ ਭਾਵਨਾਵਾਂ ਦਾ ਜ਼ੋਰ ਅਮਨ ਵੱਲ ਵਧਣ ਨਹੀਂ ਦਿੰਦਾ। ਪਤਾ ਲੱਗਦਾ ਹੈ ਕਿ ਅਮਨ ਦੇ ਵਧਣ-ਫੁੱਲਣ ਲਈ ਜ਼ਮੀਨ ਆਪਣੇ ਮਨਾਂ ਦੇ ਅੰਦਰੋਂ ਪੈਦਾ ਕਰਨੀ ਪੈਂਦੀ ਹੈ। ... ਪਰ ਸਮਾਂ ਬੀਤ ਗਿਆ ਹੁੰਦਾ ਹੈ। ਇਕ ਵਾਰ ਸਮੂਹਿਕ ਹਿੰਸਾ ਵਿਚ ਦਰੜੇ ਗਏ ਸਮਾਜ ਨੂੰ ਭਾਈਚਾਰਕ ਸਾਂਝ ਸਥਾਪਿਤ ਕਰਨ ਲਈ ਲੰਮਾ ਸਮਾਂ ਸੰਘਰਸ਼ ਕਰਨਾ ਪੈਂਦਾ ਹੈ।
ਇਸ ਸਮੇਂ ਦੇਸ਼ ਦੇ ਲੋਕਾਂ ਦੇ ਮਨਾਂ ਵਿਚ ਵਾਇਰਲ ਹੋਏ ਇਸ ਵੀਡੀਓ ਨੂੰ ਲੈ ਕੇ ਰੋਸ ਤੇ ਗੁੱਸੇ ਦੀਆਂ ਭਾਵਨਾਵਾਂ ਹਨ। ਇਹ ਘਟਨਾ ਉਨ੍ਹਾਂ ਸੈਂਕੜੇ ਘਟਨਾਵਾਂ ਵਿਚੋਂ ਹੈ ਜੋ ਤਿੰਨ ਮਈ ਤੋਂ ਬਾਅਦ ਮਨੀਪੁਰ ਵਿਚ ਵਾਪਰੀਆਂ ਪਰ ਸੱਤਾਧਾਰੀਆਂ ਦੀ ਚੁੱਪ ਦੇ ਓਹਲੇ ਵਿਚ ਹਿੰਸਾ ਦੇ ਸਿਲਸਿਲੇ ਨੂੰ ਹੋਰ ਵਧਾਇਆ ਗਿਆ। ਇਨ੍ਹਾਂ ਵਿਚੋਂ ਸਭ ਤੋਂ ਅਹਿਮ ਘਟਨਾ-ਲੜੀ ਪੁਲੀਸ ਦੇ ਅਸਲਾਖਾਨਿਆਂ ’ਚੋਂ ਹਜ਼ਾਰਾਂ ਦੀ ਗਿਣਤੀ ਵਿਚ ਹਥਿਆਰ ਲੁੱਟੇ ਜਾਣਾ ਹੈ। ਅੰਦਰੂਨੀ ਸੁਰੱਖਿਆ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਹਥਿਆਰ ਲੁੱਟੇ ਨਹੀਂ ਗਏ; ਉਹ ਇਕ ਖ਼ਾਸ ਭਾਈਚਾਰੇ ਦੇ ਲੋਕਾਂ ਵਿਚ ਵੰਡੇ ਗਏ ਅਤੇ ਉਨ੍ਹਾਂ ਵਿਚੋਂ ਬਹੁਤ ਥੋੜ੍ਹੇ ਵਾਪਸ ਆਏ ਹਨ। ਇਹ ਘਟਨਾਕ੍ਰਮ ਦੱਸਦਾ ਹੈ ਕਿ ਰਿਆਸਤ/ਸਟੇਟ ਦੀਆਂ ਸੰਸਥਾਵਾਂ ਆਪਣਾ ਨੈਤਿਕ ਆਧਾਰ ਅਤੇ ਭਰੋਸਾ ਗਵਾ ਚੁੱਕੀਆਂ ਹਨ; ਇਹੀ ਕਾਰਨ ਹੈ ਕਿ ਮਨੀਪੁਰ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਹੋ ਰਹੀ ਹੈ ਜਦੋਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਵਿਚ ਸ਼ੱਕ ਹੈ ਕਿ ਅਜਿਹਾ ਕਦਮ ਅਮਨ ਕਾਇਮ ਕਰਵਾਉਣ ਵਿਚ ਸਹਾਈ ਹੋ ਸਕਦਾ ਹੈ ਜਾਂ ਨਹੀਂ। ਸੂਬਾ ਸਰਕਾਰ ਅਤੇ ਪੁਲੀਸ ਹਿੰਸਾ ’ਤੇ ਕਾਬੂ ਪਾਉਣ ਵਿਚ ਅਸਫਲ ਰਹੀਆਂ ਹਨ। ਸਰਕਾਰਾਂ ਹਿੰਸਾ ’ਤੇ ਕਾਬੂ ਪਾਉਣ ਵਿਚ ਉਦੋਂ ਹੀ ਅਸਫਲ ਹੁੰਦੀਆਂ ਹਨ ਜਦੋਂ ਉਨ੍ਹਾਂ ਵਿਚਲੇ ਕੁਝ ਤੱਤ ਹਿੰਸਾ ਕਰਨ ਵਾਲਿਆਂ ਦੀ ਹਮਾਇਤ ਕਰ ਰਹੇ ਹੋਣ। ਪ੍ਰਧਾਨ ਮੰਤਰੀ ਦੀ ਮਨੀਪੁਰ ਹਿੰਸਾ ਬਾਰੇ ਚੁੱਪ ਨੂੰ ਲੈ ਕੇ ਸਵਾਲ ਉਠਾਏ ਗਏ ਹਨ ਪਰ ਇਨ੍ਹਾਂ ਦੋ ਔਰਤਾਂ ਬਾਰੇ ਸੂਬਾ ਸਰਕਾਰ ਅਤੇ ਕੌਮੀ ਮਹਿਲਾ ਕਮਿਸ਼ਨ ਦੁਆਰਾ ਜਾਣਕਾਰੀ ਹੋਣ ’ਤੇ ਵੀ ਦੋ ਮਹੀਨੇ ਤਕ ਕੋਈ ਕਾਰਵਾਈ ਨਾ ਕਰਨੀ ਰਿਆਸਤ/ਸਟੇਟ ਦੇ ਹਨੇਰੇ ਕੋਨਿਆਂ ਵੱਲ ਇਸ਼ਾਰਾ ਕਰਦੀ ਹੈ।
ਮਨੀਪੁਰ ’ਚ ਵਸਦੇ ਕੁਕੀ ਤੇ ਮੈਤੇਈ ਭਾਈਚਾਰਿਆਂ ਨੂੰ ਸ਼ੱਕ, ਨਫ਼ਰਤ ਤੇ ਹਿੰਸਾ ਦੇ ਇਸ ਮਾਹੌਲ ਤੋਂ ਬਾਹਰ ਨਿਕਲਣਾ ਪੈਣਾ ਹੈ। ਸਮੂਹਿਕ ਤੌਰ ’ਤੇ ਮਨੁੱਖ ਹਮੇਸ਼ਾਂ ਲਈ ਹਿੰਸਕ ਤੇ ਸਿਰੇ ਦੇ ਫ਼ਿਰਕੂ ਨਹੀਂ ਬਣੇ ਰਹਿ ਸਕਦੇ। ਕੁਝ ਖ਼ਾਸ ਤਰ੍ਹਾਂ ਦੇ ਹਾਲਾਤ ਤੇ ਕਾਰੇ ਹੀ ਉਨ੍ਹਾਂ ਨੂੰ ਅਜਿਹਾ ਬਣਾਉਂਦੇ ਹਨ। ਇਹ ਪ੍ਰਕਿਰਿਆ ਜਟਿਲ ਹੈ; ਇਸ ਦੇ ਕਈ ਪੜਾਅ ਹਨ। ਪ੍ਰਕਿਰਿਆ ਦੀ ਸਿਖਰ ’ਤੇ ਦੰਗੇ, ਖ਼ੂਨ-ਖਰਾਬਾ ਤੇ ਸਮੂਹਿਕ ਹਿੰਸਾ ਹੁੰਦੀ ਹੈ ਪਰ ਮਨੁੱਖ ਹਮੇਸ਼ਾਂ ਉਸ ਸਿਖਰ ’ਤੇ ਨਹੀਂ ਰਹਿੰਦੇ; ਵਾਪਸ ਪਰਤਦੇ ਹਨ; ਮਨਾਂ ’ਚੋਂ ਹਿੰਸਾ ਗਾਇਬ ਨਹੀਂ ਹੁੰਦੀ ਪਰ ਹਿੰਸਾ ਕਰਨ ਦਾ ਰੁਝਾਨ ਘਟਦਾ ਹੈ; ਕਈਆਂ ਦੇ ਮਨ ਵਿਚ ਪਛਤਾਵੇ ਦੀ ਭਾਵਨਾ ਉੱਭਰਦੀ ਹੈ। ਭਾਈਚਾਰਿਆਂ ਨੂੰ ਹਿੰਸਾ ਦੀ ਸਿਖਰ ਤੋਂ ਵਾਪਸ ਪਰਤਾਉਣ ਲਈ ਜ਼ਰੂਰੀ ਹੁੰਦਾ ਹੈ ਕਿ ਹਿੰਸਾ ਕਰਨ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਅਤੇ ਵਿਰੋਧੀ ਧਿਰਾਂ ਵਿਚਲੇ ਟੁੱਟੇ ਹੋਏ ਭਰੋਸੇ ਨੂੰ ਮੁੜ ਬਹਾਲ ਕੀਤਾ ਜਾਵੇ।
ਅਜਿਹੇ ਸਮਿਆਂ ਵਿਚ ਆਪਸੀ ਵੈਰ-ਵਿਰੋਧ ਦੀ ਭਾਵਨਾ ਨੂੰ ਇਕ ਦਨਿ ਵਿਚ ਨਹੀਂ ਮਿਟਾਇਆ ਜਾ ਸਕਦਾ। ਇਸ ਲਈ ਪਹਿਲਾ ਕਦਮ ਹੈ: ਅਮਨ ਅਤੇ ਅਜਿਹਾ ਮਾਹੌਲ ਕਾਇਮ ਕਰਨਾ ਜਿਸ ਵਿਚ ਇਕ-ਦੂਸਰੇ ਵਿਰੁੱਧ ਹਿੰਸਾ ਕਰਨੀ ਸੰਭਵ ਨਾ ਹੋਵੇ; ਅਜਿਹਾ ਭਾਈਚਾਰਿਆਂ, ਸਿਆਸੀ ਪਾਰਟੀਆਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਅਤੇ ਰਿਆਸਤ/ਸਟੇਟ ਦੇ ਸਹਿਯੋਗ ਰਾਹੀਂ ਹੀ ਸੰਭਵ ਹੁੰਦਾ ਹੈ। ਹਿੰਸਾ ਦੀ ਲਪੇਟ ਵਿਚ ਆਏ ਭਾਈਚਾਰਿਆਂ ਵਿਚ ਇਕ-ਦੂਸਰੇ ਨਾਲ ਮੇਲ-ਮਿਲਾਪ ਦੀ ਭਾਵਨਾ ਉੱਭਰਨੀ ਬਹੁਤ ਮੁਸ਼ਕਲ ਹੁੰਦੀ ਹੈ; ਉਸ ਲਈ ਬਹੁਤ ਸਮਾਂ ਲੱਗਦਾ ਹੈ।
ਸਮਾਂ ਲੱਗ ਸਕਦਾ ਹੈ ਪਰ ਅਮਨ ਕਾਇਮ ਕਰਨਾ ਕਦੇ ਵੀ ਨਾਮੁਮਕਨਿ ਨਹੀਂ ਹੁੰਦਾ। ਇਸ ਲਈ ਸਬੰਧਿਤ ਧਿਰਾਂ ਦੀ ਸੁਹਿਰਦਤਾ ਦੀ ਜ਼ਰੂਰਤ ਹੁੰਦੀ ਹੈ। ਮਨੁੱਖ ਆਪਣੇ ਧੁਰ ਅੰਦਰੋਂ ਅਮਨ ਤੇ ਸਥਿਰਤਾ ਲੋਚਦਾ ਹੈ। ਉਹ ਕੁਝ ਸਮੇਂ ਲਈ ਨਫ਼ਰਤ ਤੇ ਹਿੰਸਾ ਦੇ ਵਹਿਣਾਂ ਵਿਚ ਵਹਿ ਸਕਦਾ ਹੈ ਪਰ ਉਹ ਅਜਿਹੀਆਂ ਭਾਵਨਾਵਾਂ ’ਚੋਂ ਬਾਹਰ ਨਿਕਲਣ ਦੀ ਤਾਕਤ ਵੀ ਰੱਖਦਾ ਹੈ। ਇਹੀ ਤਾਕਤ ਉਸ ਨੂੰ ਮਨੁੱਖ ਬਣਾਉਂਦੀ ਹੈ। ਕੇਂਦਰ ਤੇ ਸੂਬਾ ਸਰਕਾਰਾਂ ਦੇ ਨਾਲ ਨਾਲ ਸਾਰੀਆਂ ਸਿਆਸੀ ਪਾਰਟੀਆਂ ਨੂੰ ਮਨੀਪੁਰ ਵਿਚ ਭਾਈਚਾਰਕ ਸਾਂਝ ਵਾਲਾ ਮਾਹੌਲ ਬਹਾਲ ਕਰਨ ਲਈ ਇਕੱਠੀਆਂ ਹੋ ਕੇ ਯਤਨ ਕਰਨੇ ਚਾਹੀਦੇ ਹਨ। ਇਸ ਲਈ ਮਨੀਪੁਰ ਦੇ ਸਮਾਜ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ, ਨਾਗਰਿਕ ਸਮਾਜ (Civil Society), ਸਭ ਦੇ ਸਹਿਯੋਗ ਦੀ ਜ਼ਰੂਰਤ ਹੈ। ਦੁੱਖ-ਦੁਸ਼ਵਾਰੀਆਂ ਝੇਲ ਰਹੇ ਮਨੀਪੁਰ ਨੂੰ ਅਮਨ ਦੀ ਸਰਘੀ ਵੱਲ ਕਦਮ ਪੁੱਟਣੇ ਪੈਣੇ ਹਨ।

Advertisement

Advertisement
Author Image

sukhwinder singh

View all posts

Advertisement