‘ਗੋਲਡਨ ਬੁਆਏ’ ਨੀਰਜ ਚੋਪੜਾ ਦੇ ਪੈਰਿਸ ’ਚ ਚਮਕਣ ਦੀ ਉਡੀਕ
ਪੈਰਿਸ, 5 ਅਗਸਤ
ਭਾਰਤੀ ਅਥਲੈਟਿਕਸ ਲਈ ਕਈ ਰਿਕਾਰਡ ਬਣਾਉਣ ਵਾਲਾ ਨੀਰਜ ਚੋਪੜਾ ਆਪਣੇ ਦੂਜੇ ਓਲੰਪਿਕ ਵਿੱਚ ਇੱਕ ਵਾਰ ਫਿਰ ਆਪਣੇ ਨੇਜ਼ੇ ਨਾਲ ਇਤਿਹਾਸ ਰਚਣਾ ਚਾਹੇਗਾ ਕਿਉਂਕਿ 140 ਕਰੋੜ ਭਾਰਤੀਆਂ ਨੂੰ ਉਸ ਤੋਂ ਇੱਕ ਵਾਰ ਫਿਰ ਪੀਲੇ ਤਗ਼ਮੇ ਦੀ ਉਮੀਦ ਹੈ। ਨੀਰਜ ਮੰਗਲਵਾਰ ਨੂੰ ਕੁਆਲੀਫਿਕੇਸ਼ਨ ਰਾਊਂਡ ’ਚ ਉਤਰੇਗਾ ਅਤੇ ਫਾਈਨਲ ਅੱਠ ਅਗਸਤ ਨੂੰ ਖੇਡਿਆ ਜਾਵੇਗਾ। ਇਸ ਸਾਲ ਚੋਪੜਾ ਨੇ ਸਿਰਫ਼ ਤਿੰਨ ਮੁਕਾਬਲਿਆਂ ਵਿੱਚ ਹਿੱਸਾ ਲਿਆ ਪਰ ਉਸ ਦੇ ਬਾਕੀ ਸਾਥੀ ਮੁਕਾਬਲੇਬਾਜ਼ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਦੋਹਾ ਡਾਇਮੰਡ ਲੀਗ ਵਿੱਚ ਮਈ ’ਚ ਨੀਰਜ ਚੋਪੜਾ ਨੇ 88.36 ਮੀਟਰ ਦੂਰੀ ’ਤੇ ਨੇਜ਼ਾ ਸੁੱਟਿਆ। ਇਸੇ ਦੌਰਾਨ ਪੱਟ ਦੀਆਂ ਮਾਸ-ਪੇਸ਼ੀਆਂ ਵਿੱਚ ਤਕਲੀਫ਼ ਕਾਰਨ ਉਸ ਨੇ 28 ਮਈ ਨੂੰ ਓਸਟ੍ਰਾਵਾ ਗੋਲਡਨ ਸਪਾਈਕ ਵਿੱਚ ਹਿੱਸਾ ਨਹੀਂ ਲਿਆ। ਨੀਰਜ ਨੇ ਜੂਨ ਵਿੱਚ ਫਿਨਲੈਂਡ ’ਚ ਪਾਵੋ ਨੁਰਮੀ ਖੇਡਾਂ ਵਿੱਚ 85.97 ਮੀਟਰ ਦਾ ਥਰੋਅ ਸੁੱਟ ਕੇ ਸੋਨ ਤਗ਼ਮੇ ਨਾਲ ਵਾਪਸੀ ਕੀਤੀ। ਇਸ ਮਗਰੋਂ ਸੱਤ ਜੁਲਾਈ ਨੂੰ ਪੈਰਿਸ ਡਾਇਮੰਡ ਲੀਗ ਵਿੱਚ ਉਸ ਨੇ ਹਿੱਸਾ ਨਹੀਂ ਲਿਆ। ਨੀਰਜ ਦੇ ਕੋਚ ਨੇ ਫਿਟਨੈੱਸ ਸਬੰਧੀ ਚਿੰਤਾਵਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਹੁਣ ਉਸ ਦੇ ਪੱਟ ਦੀਆਂ ਮਾਸ-ਪੇਸ਼ੀਆਂ ’ਚ ਕੋਈ ਤਕਲੀਫ਼ ਨਹੀਂ ਹੈ ਅਤੇ ਉਹ ਸਖ਼ਤ ਅਭਿਆਸ ਕਰ ਰਿਹਾ ਹੈ। ਭਾਰਤ ਦਾ ਕਿਸ਼ੋਰ ਜੇਨਾ ਵੀ ਇਸ ਦੌੜ ਵਿੱਚ ਹੈ, ਜਿਸ ਨੇ ਪਿਛਲੇ ਸਾਲ ਏਸ਼ਿਆਈ ਖੇਡਾਂ ਵਿੱਚ 87.54 ਮੀਟਰ ਦੇ ਥਰੋਅ ਨਾਲ ਕੁਆਲੀਫਾਈ ਕੀਤਾ ਸੀ। -ਪੀਟੀਆਈ