ਭਿੱਖੀਵਿੰਡ ਦਾ ਬੱਸ ਅੱਡਾ ਚਾਲੂ ਹੋਣ ਦੀ ਉਡੀਕ ’ਚ
ਗੁਰਬਖਸ਼ਪੁਰੀ
ਤਰਨ ਤਾਰਨ, 24 ਨਵੰਬਰ
ਸਰਹੱਦੀ ਖੇਤਰ ਦੇ ਕਸਬਾ ਭਿੱਖੀਵਿੰਡ ਦੇ ਲੋਕਾਂ ਨੂੰ ਸਹੂਲਤ ਦੇਣ ਲਈ 15 ਸਾਲ ਪਹਿਲਾਂ ਬਣਾਇਆ ਬੱਸ ਅੱਡਾ ਅੱਜ ਤੱਕ ਵੀ ਚਾਲੂ ਨਾ ਕੀਤੇ ਜਾਣ ਕਾਰਨ ਇਸ ਨੂੰ ਨਸ਼ੇੜੀਆਂ ਵੱਲੋਂ ਦਿਨ-ਰਾਤ ਵਰਤਿਆ ਜਾਣ ਲੱਗਾ ਹੈ| ਦੋ-ਮੰਜ਼ਿਲਾਂ ਇਮਾਰਤ ਦੇ ਬਣਾਏ ਇਸ ਖੁੱਲ੍ਹੇ-ਡੁੱਲ੍ਹੇ ਬੱਸ ਅੱਡੇ ਨੂੰ ਵਰਤੋਂ ਵਿੱਚ ਲਿਆਉਣ ਲਈ ਇਨ੍ਹਾਂ 15 ਸਾਲਾਂ ਦੌਰਾਨ ਆਮ ਲੋਕਾਂ ਤੋਂ ਇਲਾਵਾ ਜਨਤਕ ਜਥੇਬੰਦੀਆਂ ਨੇ ਵੀ ਆਵਾਜ਼ ਚੁੱਕੀ ਹੈ, ਪਰ ਅਧਿਕਾਰੀ ਅਤੇ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਪ੍ਰਤੀਨਿਧੀ ਅੱਡੇ ਨੂੰ ਚਾਲੂ ਕਰਵਾਉਣ ਤੋਂ ਅਸਮਰੱਥ ਸਾਬਤ ਹੁੰਦੇ ਆਏ ਹਨ| ਬੱਸ ਅੱਡਾ ਸ਼ੁਰੂ ਨਾ ਕੀਤੇ ਜਾਣ ਕਰਕੇ ਅੱਡੇ ਦੇ ਕੁਝ ਕਮਰਿਆਂ ਦੇ ਬੂਹੇ-ਬਾਰੀਆਂ ਆਦਿ ਚੋਰੀ ਕਰ ਲਈਆਂ ਗਈਆਂ ਹਨ| ਇਹ ਅੱਡਾ ਚਾਲੂ ਨਾ ਕੀਤੇ ਜਾਣ ਕਰਕੇ ਹੀ ਬੱਸਾਂ ਭਿੱਖੀਵਿੰਡ ਕਸਬੇ ਦੀਆਂ ਸੜਕਾਂ ’ਤੇ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ ਜਿਸ ਕਰਕੇ ਕਸਬੇ ਵਿੱਚ ਆਵਾਜਾਈ ਅਕਸਰ ਜਾਮ ਰਹਿੰਦੀ ਹੈ| ਯੂਨਾਈਟਿਡ ਟਰੇਡ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਬੱਸ ਅੱਡੇ ਅੰਦਰ ਜਿੱਥੇ ਪੀਣ ਦੇ ਪਾਣੀ ਦਾ ਪ੍ਰਬੰਧ ਨਹੀਂ ਹੈ, ਉੱਥੇ ਅੱਡੇ ਵਿੱਚ ਜਨਤਕ ਪਖਾਨਾ ਘਰ ਤੱਕ ਵੀ ਨਹੀਂ ਹੈ| ਉਨ੍ਹਾਂ ਕਿਹਾ ਕਿ ਬੀਤੇ 10 ਸਾਲਾਂ ਤੋਂ ਕੰਮ ਕਰਦੀ ਆ ਰਹੀ ਨਗਰ ਪੰਚਾਇਤ ਨੇ ਅੱਜ ਤੱਕ ਭਿੱਖੀਵਿੰਡ ਦੀਆਂ ਸੜਕਾਂ ’ਤੇ ਇੱਕ ਵੀ ਜਨਤਕ ਪਖਾਨਾ ਘਰ ਨਹੀਂ ਬਣਾਇਆ ਜਿਸ ਕਰਕੇ ਔਰਤਾਂ ਅਤੇ ਖਾਸ ਕਰਕੇ ਲੜਕੀਆਂ ਨੂੰ ਡਾਢੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ| ਬਿਰਧਾਂ ਲਈ ਤਾਂ ਹੋਰ ਵੀ ਪ੍ਰੇਸ਼ਾਨੀ ਆਉਂਦੀ ਹੈ| ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਤੋਂ ਇਲਾਵਾ ਹੋਰਨਾਂ ਅਧਿਕਾਰੀਆਂ ਨੂੰ ਕਈ ਵਾਰ ਮਿਲ ਕੇ ਲੋਕਾਂ ਦੀ ਸਹੂਲਤ ਵੱਲ ਧਿਆਨ ਦੇਣ ਦੀ ਮੰਗ ਕਰ ਚੁੱਕੇ ਹਨ, ਪਰ ਬੱਸ ਅੱਡਾ ਚਾਲੂ ਕਰਨ ਤੋਂ ਇਲਾਵਾ ਕਸਬੇ ਦੀਆਂ ਹੋਰ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ|
ਐੱਸਡੀਐੱਮ ਗੁਰਦੇਵ ਸਿੰਘ ਧੰਮ ਨੇ ਕਿਹਾ ਕਿ ਕਸਬੇ ਦੀਆਂ ਵਧੇਰੇ ਮੁਸ਼ਕਲਾਂ ਦਾ ਹੱਲ ਇੱਥੇ ਬਾਈਪਾਸ ਬਣਨ ਤੱਕ ਸੰਭਵ ਨਹੀਂ ਹੈ| ਬੱਸ ਅੱਡੇ ਬਾਰੇ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਰੋਡਵੇਜ਼ ਦੇ ਜਨਰਲ ਮੈਨੇਜਰ ਤੋਂ ਜਾਣਕਾਰੀ ਲੈ ਕੇ ਹੀ ਟਿੱਪਣੀ ਕਰ ਸਕਦੇ ਹਨ|