ਕਤਲ ਮਾਮਲਾ: ਪਤਨੀ ਤੇ ਪ੍ਰੇਮੀ ਸਮੇਤ ਤਿੰਨ ਗ੍ਰਿਫ਼ਤਾਰ
ਗੁਰਬਖਸ਼ਪੁਰੀ
ਤਰਨ ਤਾਰਨ, 24 ਨਵੰਬਰ
ਥਾਣਾ ਸਦਰ ਦੀ ਪੁਲੀਸ ਨੇ ਇਲਾਕੇ ’ਚ ਪੰਜ ਦਿਨ ਪਹਿਲਾਂ ਹੋਏ ਇੱਕ ਅੰਨ੍ਹੇ ਕਤਲ ਦੀ ਗੁੱਥੀ ਹੱਲ ਕਰਨ ਦਾ ਦਾਅਵਾ ਕੀਤਾ ਹੈ| ਪੁਲੀਸ ਨੇ ਤਰਨ ਤਾਰਨ-ਪੱਟੀ ਸੜਕ ਤੋਂ ਪਿੱਦੀ ਪਿੰਡ ਦੀ ਸੰਪਰਕ ਸੜਕ ਤੋਂ ਸੁਰਜੀਤ ਸਿੰਘ (45) ਵਾਸੀ ਖਾਲਸਾ ਰੋਡ ਭਾਈ ਮੰਝ ਰੋਡ, ਕੋਟ ਮਿੱਤ ਸਿੰਘ ਦੀ ਲਾਸ਼ ਬਰਾਮਦ ਕੀਤੀ ਸੀ| ਇਸ ਕਤਲ ਪਿੱਛੇ ਮ੍ਰਿਤਕ ਦੀ ਪਤਨੀ ਦੇ ਨਾਜਾਇਜ਼ ਸਬੰਧ ਮੁੱਖ ਕਾਰਨ ਦੱਸੇ ਜਾ ਰਹੇ ਹਨ ਜਿਸ ਤਹਿਤ ਪੁਲੀਸ ਨੇ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਤੋਂ ਇਲਾਵਾ ਉਸ ਦੇ ਪ੍ਰੇਮੀ ਜਸਪਾਲ ਸਿੰਘ ਵਾਸੀ ਤਰਨ ਤਾਰਨ ਰੋਡ ਅੰਮ੍ਰਿਤਸਰ ਅਤੇ ਜਸਪਾਲ ਸਿੰਘ ਦੇ ਸਾਥੀ ਗੁਰਮੀਤ ਸਿੰਘ ਬੱਬਾ ਵਾਸੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ| ਪੁਲੀਸ ਨੇ ਵਾਰਦਾਤ ਲਈ ਵਰਤੀ ਕਿਰਚ ਬਰਾਮਦ ਕਰ ਲਈ ਹੈ|
ਇਸ ਦੌਰਾਨ ਐੱਸਐੱਸਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਦੇ ਜਸਪਾਲ ਸਿੰਘ ਨਾਲ ਨਾਜਾਇਜ਼ ਸਬੰਧ ਸਨ ਅਤੇ ਉਸ ਦਾ ਪਤੀ ਉਸ ਨੂੰ ਇਸ ਤੋਂ ਰੋਕਦਾ ਸੀ ਜਿਸ ਕਰਕੇ ਉਸ ਨੇ ਆਪਣੇ ਪ੍ਰੇਮੀ ਜਸਪਾਲ ਸਿੰਘ ਨਾਲ ਮਿਲ ਕੇ 20 ਨਵੰਬਰ ਨੂੰ ਰਾਤ ਵੇਲੇ ਉਸ ਦੇ ਘਰੋਂ ਬੁਲਾ ਕੇ ਸ਼ਰਾਬ ਪਿਲਾਈ ਤੇ ਉਸ ਦਾ ਕਤਲ ਕਰ ਕੇ ਲਾਸ਼ ਕਾਰ ਵਿੱਚ ਲਿਆ ਕੇ ਪਿੱਦੀ ਪਿੰਡ ਨੇੜੇ ਸੁੱਟ ਦਿੱਤੀ| ਪੁਲੀਸ ਨੇ ਇਸ ਸਬੰਧੀ ਬੀਐੱਨਐੱਸ ਦੀ ਦਫ਼ਾ 103, 3 (5) ਅਧੀਨ ਇੱਕ ਕੇਸ ਪਹਿਲਾਂ ਹੀ ਦਰਜ ਕੀਤਾ ਹੋਇਆ ਹੈ|
ਪਿੰਡ ਪੱਖੋਚੱਕ ਵਿੱਚ ਤਿੰਨ ਨੌਜਵਾਨਾਂ ਵੱਲੋਂ ਕਿਸਾਨ ’ਤੇ ਹਮਲਾ
ਪਠਾਨਕੋਟ (ਪੱਤਰ ਪ੍ਰੇਰਕ): ਥਾਣਾ ਤਾਰਾਗੜ੍ਹ ਅਧੀਨ ਪੈਂਦੇ ਪਿੰਡ ਪੱਖੋਚੱਕ ਵਿੱਚ ਖੇਤਾਂ ਵਿੱਚ ਗਏ ਇੱਕ ਵਿਅਕਤੀ ਉਪਰ ਤਿੰਨ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਉਸ ਦਾ ਨਾਂ ਅਸ਼ਵਨੀ ਕੁਮਾਰ ਦੱਸਿਆ ਜਾ ਰਿਹਾ ਹੈ ਤੇ ਉਸ ਨੂੰ ਸਿਵਲ ਹਸਪਤਾਲ ਪਠਾਨਕੋਟ ਵਿੱਚ ਦਾਖਲ ਕਰਵਾਇਆ ਗਿਆ ਹੈ। ਅਸ਼ਵਨੀ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਅੱਜ ਸਵੇਰੇ ਖੇਤਾਂ ਵਿੱਚ ਗਿਆ ਸੀ ਜਿੱਥੇ ਖੇਤਾਂ ਵਿੱਚ ਹੀ ਤਿੰਨ ਨੌਜਵਾਨ ਪੁੱਜ ਗਏ ਤੇ ਉਨ੍ਹਾਂ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ। ਹਮਲੇ ਦਾ ਪਤਾ ਲੱਗਣ ਉੱਤੇ ਉਹ ਖੇਤਾਂ ਵਿੱਚ ਪੁੱਜੇ ਤਾਂ ਅਸ਼ਵਨੀ ਜ਼ਖਮੀ ਹਾਲਤ ਵਿੱਚ ਪਿਆ ਸੀ, ਜਿਸ ਨੂੰ ਪਠਾਨਕੋਟ ਹਸਪਤਾਲ ਵਿੱਚ ਲਿਜਾ ਕੇ ਦਾਖਲ ਕਰਵਾਇਆ ਗਿਆ। ਥਾਣਾ ਤਾਰਾਗੜ੍ਹ ਦੇ ਜਾਂਚ ਅਧਿਕਾਰੀ ਬਲਕਾਰ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਤਿੰਨ ਵਿਅਕਤੀਆਂ ਨੇ ਅਸ਼ਵਨੀ ਉਪਰ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ, ਪਰ ਅਜੇ ਤੱਕ ਕਿਸੇ ਵੀ ਧਿਰ ਵੱਲੋਂ ਪੁਲੀਸ ਕੋਲ ਆਪਣੇ ਬਿਆਨ ਦਰਜ ਨਹੀਂ ਕਰਵਾਏ ਗਏ। ਬਿਆਨਾਂ ਮੁਤਾਬਕ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਜਾਂਚ ਅਧਿਕਾਰੀ ਦਾ ਇਹ ਵੀ ਕਹਿਣਾ ਹੈ ਕਿ ਝਗੜੇ ਦਾ ਕਾਰਨ ਅਸ਼ਵਨੀ ਦੀ ਰਿਸ਼ਤੇਦਾਰ ਲੜਕੀ ਦਾ ਦੂਜੀ ਧਿਰ ਦੇ ਇੱਕ ਨੌਜਵਾਨ ਨਾਲ ਪ੍ਰੇਮ ਵਿਆਹ ਸੀ ਤੇ ਇਸੇ ਰੰਜਿਸ਼ ਕਾਰਨ ਇਹ ਖੂਨੀ ਝੜਪ ਹੋਈ ਹੈ।