ਸਿੰਘਭੂਮ ਦੇ ਮਾਓਵਾਦ ਪ੍ਰਭਾਵਿਤ ਇਲਾਕਿਆਂਵਿੱਚ ਪਹਿਲੀ ਵਾਰ ਪੈਣਗੀਆਂ ਵੋਟਾਂ
ਰਾਂਚੀ, 7 ਅਪਰੈਲ
ਝਾਰਖੰਡ ਦੇ ਸਿੰਘਭੂਮ ਲੋਕ ਸਭਾ ਹਲਕੇ ’ਚ ਮਾਓਵਾਦ ਤੋਂ ਪ੍ਰਭਾਵਿਤ ਰਹੇ ਕਈ ਅੰਦਰੂਨੀ ਇਲਾਕਿਆਂ ’ਚ 13 ਮਈ ਨੂੰ ਪਹਿਲੀ ਵਾਰ ਜਾਂ ਦਹਾਕਿਆਂ ਮਗਰੋਂ ਵੋਟਾਂ ਪੈਣਗੀਆਂ ਅਤੇ ਵੋਟਿੰਗ ਟੀਮਾਂ ਤੇ ਜ਼ਰੂਰੀ ਸਮੱਗਰੀ ਹੈਲੀਕਾਪਟਰਾਂ ਰਾਹੀਂ ਇਨ੍ਹਾਂ ਥਾਵਾਂ ’ਤੇ ਪਹੁੰਚਾਈ ਜਾਵੇਗੀ ਤਾਂ ਜੋ ਏਸ਼ੀਆ ਦੇ ਸਭ ਤੋਂ ਸੰਘਣੇ ‘ਸਾਲ’ ਜੰਗਲ ਦੇ ਸਾਰੰਦਾ ’ਚ ਰਹਿਣ ਵਾਲੇ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਇਹ ਚੋਣ ਮੁਲਾਜ਼ਮ ਦੂਰ-ਦਰਾਜ ਦੀਆਂ ਥਾਵਾਂ ’ਤੇ 118 ਬੂਥ ਸਥਾਪਤ ਕਰਨਗੇ। ਪੱਛਮੀ ਸਿੰਘਭੂਮ ਦੇ ਡੀਸੀ ਤੇ ਜ਼ਿਲ੍ਹਾ ਚੋਣ ਅਧਿਕਾਰੀ ਕੁਲਦੀਪ ਚੌਧਰੀ ਨੇ ਕਿਹਾ, ‘ਅਸੀਂ ਇਹ ਯਕੀਨੀ ਬਣਾਉਣ ਲਈ ਪ੍ਰਤੀਬੱਧ ਹਾਂ ਕਿ ਕੋਈ ਵੀ ਵੋਟਰ ਰਹਿ ਨਾ ਜਾਵੇ। ਅਸੀਂ ਅਜਿਹੇ ਕਈ ਇਲਾਕਿਆਂ ਦੀ ਪਛਾਣ ਕੀਤੀ ਹੈ ਜਿੱਥੇ ਪਹਿਲੀ ਵਾਰ ਜਾਂ ਤਕਰੀਬਨ ਦੋ ਦਹਾਕਿਆਂ ਬਾਅਦ ਵੋਟਾਂ ਪੈਣਗੀਆਂ ਕਿਉਂਕਿ ਇਹ ਥਾਂ ਮਾਓਵਾਦ ਤੋਂ ਪ੍ਰਭਾਵਿਤ ਸੀ।’ ਪੱਛਮੀ ਸਿੰਘਭੂਮ ਦੇਸ਼ ’ਚ ਖੱਬੇਪੱਖੀ ਅਤਿਵਾਦ ਤੋਂ ਸਭ ਤੋਂ ਪ੍ਰਭਾਵਿਤ ਜ਼ਿਲ੍ਹਿਆਂ ’ਚੋਂ ਇੱਕ ਬਣਿਆ ਹੋਇਆ ਹੈ। ਪਿਛਲੇ ਸਾਲ ਇੱਥੇ ਮਾਓਵਾਦ ਨਾਲ ਸਬੰਧਤ 46 ਘਟਨਾਵਾਂ ਵਾਪਰੀਆਂ ਜਿਨ੍ਹਾਂ ’ਚ 22 ਮੌਤਾਂ ਹੋਈਆਂ। -ਪੀਟੀਆਈ