ਈਵੀਐੱਮ ’ਚ ਖ਼ਰਾਬੀ ਕਾਰਨ ਕਈ ਥਾਈਂ ਦੇਰੀ ਨਾਲ ਸ਼ੁਰੂ ਹੋਈ ਵੋਟਿੰਗ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 1 ਜੂਨ
ਪੰਥਕ ਹਲਕਾ ਸ੍ਰੀ ਆਨੰਦਪੁਰ ਸਾਹਿਬ ਲਈ ਜ਼ਿਲ੍ਹਾ ਐਸਏਐਸ ਨਗਰ (ਮੁਹਾਲੀ) ਅਧੀਨ ਪੈਂਦੇ ਵਿਧਾਨ ਸਭਾ ਹਲਕਾ ਮੁਹਾਲੀ ਅਤੇ ਖਰੜ ਨੂੰ ਲੋਕ ਸਭਾ ਚੋਣਾਂ ਦੌਰਾਨ ਪੇਂਡੂ ਖੇਤਰ ਵਿੱਚ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਦੋਂਕਿ ਸ਼ਹਿਰੀ ਖੇਤਰ ਵਿੱਚ ਕਿਤੇ-ਕਿਤੇ ਰੌਸ਼ਨ ਨਜ਼ਰ ਆਈ। ਕਈ ਥਾਵਾਂ ’ਤੇ ਈਵੀਐਮ ਮਸ਼ੀਨਾਂ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਮਤਦਾਨ ਪ੍ਰਕਿਰਿਆ ਪ੍ਰਭਾਵਿਤ ਹੋਈ। ਅਤਿ ਦੀ ਗਰਮੀ ਕਾਰਨ ਸ਼ਹਿਰੀ ਲੋਕ ਆਪਣੇ ਘਰਾਂ ’ਚੋਂ ਬਾਹਰ ਨਹੀਂ ਨਿਕਲੇ। ਸਵੇਰੇ ਸੱਤ ਵਜੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ ਪ੍ਰੰਤੂ ਸ਼ਹਿਰੀ ਬੂਥਾਂ ’ਤੇ ਸਨਾਟਾ ਪਸਰਿਆ ਹੋਇਆ ਸੀ।
ਉਧਰ, ‘ਆਪ’ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੱਜ ਡੀਸੀ ਕੰਪਲੈਕਸ ਨੇੜੇ ਪਿੰਡ ਲਖਨੌਰ ਵਿੱਚ ਸਭ ਤੋਂ ਪਹਿਲੀ ਵੋਟ ਪਾਈ। ਉਸ ਨੇ ਇੱਥੋਂ ਦੇ ਵੇਵ ਅਸਟੇਟ ਸੈਕਟਰ-85 ਵਿੱਚ ਕਾਫ਼ੀ ਸਮੇਂ ਤੋਂ ਕਿਰਾਏ ’ਤੇ ਮਕਾਨ ਲਿਆ ਹੋਇਆ ਹੈ ਅਤੇ ਇੱਥੇ ਹੀ ਵੋਟ ਬਣੀ ਹੋਈ ਹੈ।
ਸ਼ਹਿਰੀ ਖੇਤਰ ਦੇ ਪਿੰਡ ਕੁੰਭੜਾ ਦੇ 113 ਬੂਥ ’ਤੇ ਇੱਕ ਘੰਟਾ ਲੇਟ ਮਤਦਾਨ ਸ਼ੁਰੂ ਹੋਇਆ। ‘ਆਪ’ ਵਲੰਟੀਅਰ ਹਰਮੇਸ਼ ਸਿੰਘ ਕੁੰਭੜਾ ਨੇ ਦੱਸਿਆ ਕਿ ਇੱਥੇ ਈਵੀਐਮ ਮਸ਼ੀਨ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਸਵੇਰੇ ਸੱਤ ਵਜੇ ਦੀ ਥਾਂ ਅੱਠ ਵਜੇ ਵੋਟਾਂ ਪੈਣੀਆਂ ਸ਼ੁਰੂ ਹੋਈਆਂ। ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਸੋਹਾਣਾ ਦੇ 48 ਨੰਬਰ ਬੂਥ ’ਤੇ ਸਵੇਰੇ 8 ਵਜੇ ਈਵੀਐਮ ਮਸ਼ੀਨ ਵਿੱਚ ਤਕਨੀਕੀ ਖ਼ਰਾਬੀ ਕਾਰਨ ਕਰੀਬ ਸਾਢੇ 9 ਵਜੇ ਤੱਕ ਵੋਟਾਂ ਦਾ ਕੰਮ ਪ੍ਰਭਾਵਿਤ ਰਿਹਾ। ਡੇਢ ਘੰਟੇ ਬਾਅਦ ਵਿੱਚ ਨੁਕਸ ਠੀਕ ਕਰ ਕੇ ਮੁੜ ਮਤਦਾਨ ਸ਼ੁਰੂ ਹੋਇਆ।
ਇੰਜ ਹੀ ਕਾਂਗਰਸ ਆਗੂ ਮੋਹਨ ਸਿੰਘ ਬਠਲਾਣਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਬਠਲਾਣਾ ਵਿੱਚ ਸਵੇਰੇ 7 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ ਪਰ 8 ਵਜੇ ਅਚਾਨਕ ਈਵੀਐਮ ਮਸ਼ੀਨ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਇੱਕ ਘੰਟਾ ਮਤਦਾਨ ਪ੍ਰਕਿਰਿਆ ਪ੍ਰਭਾਵਿਤ ਰਹੀ। 9 ਵਜੇ ਮੁੜ ਮਦਤਾਨ ਸ਼ੁਰੂ ਹੋਇਆ।
ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਜਸਪ੍ਰੀਤ ਸਿੰਘ ਸੋਨੀ ਬੜੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਲੋਕਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ। ਐੱਸਜੀਪੀਸੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਦੱਸਿਆ ਕਿ ਕਸਬਾ ਲਾਂਡਰਾਂ ਵਿੱਚ ਲੋਕਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ। ਇੱਥੇ ਅਕਾਲੀ ਦਲ ਅਤੇ ‘ਆਪ’ ਦੇ ਪੋਲਿੰਗ ਬੂਥ ’ਤੇ ਭੀੜ ਸੀ।
ਇਤਿਹਾਸਕ ਨਗਰ ਚੱਪੜਚਿੜੀ ਕਲਾਂ ਅਤੇ ਚੱਪੜਚਿੜੀ ਖੁਰਦ ਦੀਆਂ ਵੋਟਾਂ ਇੱਕ ਥਾਂ ਪਈਆਂ। ਬਸਪਾ ਆਗੂ ਸੁਖਦੇਵ ਸਿੰਘ ਨੇ ਦੱਸਿਆ ਕਿ ਸਾਢੇ 4 ਵਜੇ ਤੱਕ 50 ਫੀਸਦੀ ਮਤਦਾਨ ਹੋਇਆ। ਇਸ ਦੌਰਾਨ ਪੋਲਿੰਗ ਬੂਥ ’ਤੇ ਕਿਸੇ ਹੋਰ ਦੀ ਵੋਟ ਪਾਉਣ ਆਏ ਵਿਅਕਤੀ ਨੂੰ ਕਾਬੂ ਕੀਤਾ ਗਿਆ। ਗੁਰਪ੍ਰੀਤ ਸਿੰਘ ਗਿੰਨੀ ਨੇ ਦੱਸਿਆ ਕਿ ਪਿੰਡ ਬੜਮਾਜਰਾ ਵਿੱਚ ਵੋਟਰਾਂ ਨੂੰ ਗਰਮੀ ਤੋਂ ਰਾਹਤ ਪਹੁੰਚਾਉਣ ਲਈ ਛਬੀਲ ਦਾ ਠੰਢਾ ਪਾਣੀ ਵਰਤਾਇਆ। ਸਾਬਕਾ ਸਰਪੰਚ ਇਕਬਾਲ ਸਿੰਘ ਨੇ ਦੱਸਿਆ ਕਿ ਜੁਝਾਰ ਨਗਰ ਵਿੱਚ ਸ਼ਾਮ ਸਾਢੇ 4 ਵਜੇ ਵੀ ਲੋਕਾਂ ਦੀ ਕਤਾਰ ਲੱਗੀ ਹੋਈ ਸੀ। ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਸਾਢੇ 3 ਵਜੇ ਤੱਕ 50 ਫੀਸਦੀ ਮਤਦਾਨ ਹੋਇਆ।