For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ ਲਈ ਮਤਦਾਨ ਅੱਜ; ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ

10:10 AM Jun 01, 2024 IST
ਲੋਕ ਸਭਾ ਚੋਣਾਂ ਲਈ ਮਤਦਾਨ ਅੱਜ  ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ
ਰਾਏਕੋਟ ’ਚ ਪੋਲਿੰਗ ਸਟੇਸ਼ਨਾਂ ’ਤੇ ਜਾਣ ਲਈ ਇੰਤਜ਼ਾਰ ਕਰਦਾ ਹੋਇਆ ਪੋਲਿੰਗ ਸਟਾਫ਼।
Advertisement

ਗਗਨਦੀਪ ਅਰੋੜਾ
ਲੁਧਿਆਣਾ, 31 ਮਈ
ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਤਹਿਤ ਪੰਜਾਬ ਵਿੱਚ ਸ਼ਨਿਚਰਵਾਰ ਨੂੰ ਵੋਟਾਂ ਪੈਣਗੀਆਂ ਜਿਸ ਲਈ ਲੁਧਿਆਣਾ ਸ਼ਹਿਰ ਪੂਰੀ ਤਰ੍ਹਾਂ ਤਿਆਰ ਹੈ। ਇਸ ਸਬੰਧੀ ਪ੍ਰਸ਼ਾਸਨ ਨੇ ਵੀ ਆਪਣੇ ਪੱਧਰ ’ਤੇ ਪੂਰੀ ਤਿਆਰੀ ਕਰ ਲਈ ਹੈ। ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਕਈ ਥਾਵਾਂ ’ਤੇ ਚੈਕਿੰਗ ਕੀਤੀ ਅਤੇ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪੁਲੀਸ ਦੇ ਉਚ ਅਧਿਕਾਰੀ ਵੀ ਸਨ।
ਲੁਧਿਆਣਾ ਵਿੱਚ ਲੋਕ ਸਭਾ ਚੋਣਾਂ ਲਈ 758614 ਵੋਟਰ ਸ਼ਨਿਚਰਵਾਰ ਨੂੰ 43 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਜੋ ਲੋਕ ਸਭਾ ਚੋਣਾਂ ਲਈ ਮੈਦਾਨ ਵਿੱਚ ਹਨ, ਜਿੱਥੇ 1843 ਪੋਲਿੰਗ ਬੂਥਾਂ ’ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। 43 ਉਮੀਦਵਾਰ ਲਈ ਹਰ ਪੋਲਿੰਗ ਬੂਥ ’ਤੇ 3 ਈਵੀਐਮ ਮਸ਼ੀਨਾਂ ਲਗਾਈਆਂ ਗਈਆਂ ਹਨ। ਜ਼ਿਲ੍ਹਾ ਚੋਣ ਅਧਿਕਾਰੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਲੋਕ ਸਭਾ ਹਲਕਾ ਲੁਧਿਆਣਾ ਵਿੱਚ ਕੁੱਲ 1758614 ਵੋਟਰ ਹਨ ਜਿਨ੍ਹਾਂ ਵਿੱਚ 937094 ਪੁਰਸ਼, 821386 ਇਸਤਰੀ, 134 ਟਰਾਂਸਜੈਂਡਰ, 66 ਵਿਦੇਸ਼ੀ ਵੋਟਰ, 10502 ਦਿਵਿਆਂਗ ਵੋਟਰ, 34600 ਅੱਸੀ ਸਾਲ ਤੋਂ ਉਪਰ, 2142 ਸਰਵਿਸ ਵੋਟਰ ਆਦਿ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਐਸ.ਆਰ.ਐਸ. ਪੋਲੀਟੈਕਨਿਕ ਕਾਲਜ, ਕੇ.ਵੀ.ਐਮ. ਸਕੂਲ, ਖ਼ਾਲਸਾ ਕਾਲਜ (ਲੜਕੀਆਂ) ਅਤੇ ਸਰਕਾਰੀ ਕਾਲਜ (ਲੜਕੀਆਂ) ਦੇ ਵੱਖ-ਵੱਖ ਕੇਂਦਰਾਂ ਤੋਂ ਪੋਲਿੰਗ ਪਾਰਟੀਆਂ ਦੀ ਰਵਾਨਗੀ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਵੋਟਾਂ ਨੂੰ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ 1843 ਪੋਲਿੰਗ ਪਾਰਟੀਆਂ ਸਮੇਤ 25000 ਦੇ ਕਰੀਬ ਮੁਲਾਜ਼ਮਾਂ ਨੂੰ ਪੋਲਿੰਗ ਬੂਥਾਂ ‘ਤੇ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਸਮੂਹ ਚੋਣ ਅਮਲੇ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਤਾਕੀਦ ਕੀਤੀ ਤਾਂ ਜੋ ਵੋਟਰ ਸੁਚਾਰੂ ਅਤੇ ਨਿਰਵਿਘਨ ਆਪਣੀ ਵੋਟ ਪਾ ਸਕਣ। ਉਨ੍ਹਾਂ ਪੋਲਿੰਗ ਪਾਰਟੀਆਂ ਨੂੰ ਇਸ ਪ੍ਰਕਿਰਿਆ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਵੀ ਦਿੱਤਾ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪੋਲਿੰਗ ਬੂਥਾਂ ’ਤੇ ਪੋਲਿੰਗ ਪਾਰਟੀਆਂ ਅਤੇ ਵੋਟਰਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਟੈਂਟ, ਕੁਰਸੀਆਂ, ਮਿੱਠੇ ਠੰਡੇ ਪਾਣੀ, ਪੱਖੇ, ਕੂਲਰ, ਵ੍ਹੀਲ ਚੇਅਰ, ਰੈਂਪ ਆਦਿ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੁਧਿਆਣਾ ਸੰਸਦੀ ਹਲਕੇ ਅਧੀਨ 89 ਮਾਡਲ ਪੋਲਿੰਗ ਬੂਥ, 9 ਪਿੰਕ ਪੋਲਿੰਗ ਬੂਥ, 18 ਗਰੀਨ ਪੋਲਿੰਗ ਬੂਥ ਅਤੇ ਇੱਕ ਪੋਲਿੰਗ ਬੂਥ ਖਾਸ ਤੌਰ ’ਤੇ ਦਿਵਿਆਂਗਾਂ ਲਈ ਬਣਾਏ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਵੋਟਰਾਂ ਨੂੰ ਚੋਣ ਵਾਲੇ ਦਿਨ ਆਪਣੀ ਵੋਟ ਪਾਉਣ ਲਈ ਵੱਡੀ ਗਿਣਤੀ ਵਿੱਚ ਆ ਕੇ ਮਤਦਾਨ ਦਾ ਨਵਾਂ ਰਿਕਾਰਡ ਕਾਇਮ ਕਰਨ ਲਈ ਪ੍ਰੇਰਿਤ ਕੀਤਾ। ਡੀਸੀ ਨੇ ਕਿਹਾ ਕਿ ਜੋ ਕਰਮੀ ਡਿਊਟੀ ’ਤੇ ਤਾਇਨਾਤ ਹਨ ਤੇ ਉਨ੍ਹਾਂ ਦੇ ਬੱਚੇ 10 ਸਾਲ ਤੋਂ ਛੋਟੇ ਹਨ, ਉਨ੍ਹਾਂ ਦੇ ਬੱਚਿਆਂ ਲਈ ਚਿਲਡਰਨ ਕੇਅਰ ਸੈਂਟਰ ਵੀ ਬਣਾਏ ਗਏ ਹਨ ਤਾਂ ਕਿ ਬੱਚੇ ਉਥੇ ਆਰਾਮ ਨਾਲ ਖੇਡ ਸਕਣ ਤੇ ਉਨ੍ਹਾਂ ਦੇ ਖਾਣ ਪੀਣ ਦਾ ਵੀ ਪ੍ਰਬੰਧ ਪੂਰਾ ਕੀਤਾ ਗਿਆ ਹੈ। ਸਮੂਹ ਵੋਟਰ ਅੱਗੇ ਆ ਕੇ ਵੋਟਾਂ ਪਾਉਣ ਤੇ ਆਪਣਾ ਫਰਜ਼ ਅਦਾ ਕਰਨ।

Advertisement

ਰਾਏਕੋਟ ਵਿਧਾਨ ਸਭਾ ਹਲਕੇ ਵਿੱਚ ਤਾਇਨਾਤ ਕੀਤੇ ਅਰਧ ਸੈਨਿਕ ਬਲ ਤੇ ਪੁਲੀਸ ਮੁਲਾਜ਼ਮ

ਰਾਏਕੋਟ (ਸੰਤੋਖ ਗਿੱਲ): ਸਹਾਇਕ ਰਿਟਰਨਿੰਗ ਅਫ਼ਸਰ-ਕਮ ਸਬ-ਡਿਵੀਜ਼ਨਲ ਮੈਜਿਸਟ੍ਰੇਟ ਬੇਅੰਤ ਸਿੰਘ ਸਿੱਧੂ ਅਨੁਸਾਰ ਵਿਧਾਨ ਸਭਾ ਹਲਕਾ ਰਾਏਕੋਟ ਵਿੱਚ ਸਾਰੇ 188 ਪੋਲਿੰਗ ਸਟੇਸ਼ਨਾਂ ਲਈ ਪੋਲਿੰਗ ਪਾਰਟੀਆਂ ਰਵਾਨਾ ਕਰ ਦਿੱਤੀਆਂ ਗਈਆਂ ਹਨ। ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਦੇ ਵਿਧਾਨ ਸਭਾ ਹਲਕਾ ਰਾਏਕੋਟ ਵਿੱਚ ਭਲਕੇ ਪੈਣ ਵਾਲੀਆਂ ਵੋਟਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਸਾਰੇ ਪੋਲਿੰਗ ਸਟੇਸ਼ਨਾਂ ਉਪਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਹਲਕੇ ਦੇ ਪਿੰਡ ਟੂਸਾ, ਜਲਾਲਦੀਵਾਲ, ਦੱਧਾਹੂਰ, ਬੱਸੀਆਂ, ਧਾਲੀਆਂ, ਬੜੂੰਦੀ, ਮਹੇਰਨਾ, ਕਲਸੀਆਂ ਅਤੇ ਜੌਹਲਾਂ ਸਮੇਤ ਰਾਏਕੋਟ ਸ਼ਹਿਰ ਦੇ ਸੰਵੇਦਨਸ਼ੀਲ 15 ਪੋਲਿੰਗ ਬੂਥਾਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸਹਾਇਕ ਰਿਟਰਨਿੰਗ ਅਫ਼ਸਰ ਬੇਅੰਤ ਸਿੰਘ ਸਿੱਧੂ ਅਨੁਸਾਰ ਸਖ਼ਤ ਗਰਮੀ ਕਾਰਨ ਸਾਰੇ ਪੋਲਿੰਗ ਸਟੇਸ਼ਨਾਂ ਉਪਰ ਠੰਢੇ-ਮਿੱਠੇ ਜਲ਼ ਦੀਆਂ ਛਬੀਲਾਂ ਲਾਉਣ ਲਈ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਦੀ ਜ਼ਿੰਮੇਵਾਰੀ ਹਲਕਾ ਪਟਵਾਰੀਆਂ ਨੂੰ ਸੌਂਪੀ ਗਈ ਹੈ, ਹਰ ਪੋਲਿੰਗ ਸਟੇਸ਼ਨ ਲਈ ਖੰਡ ਅਤੇ ਸ਼ਰਬਤ ਦੀਆਂ ਬੋਤਲਾਂ ਵੀ ਪੋਲਿੰਗ ਪਾਰਟੀਆਂ ਨਾਲ ਹੀ ਭੇਜੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਲਕੇ ਵਿੱਚ ਵੋਟਰਾਂ ਦੀ ਕੁਲ ਗਿਣਤੀ 1,47,991 ਹੈ, ਜਿਸ ਵਿੱਚ 79,243 ਮਰਦ, 68,747 ਔਰਤਾਂ ਅਤੇ ਟਰਾਂਸਜੈਂਡਰ ਦੀ ਵੀ ਕੇਵਲ ਇਕ ਵੋਟ ਹੈ। ਉਪ ਪੁਲੀਸ ਕਪਤਾਨ ਰਛਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਉਨ੍ਹਾਂ ਦੀ ਨਿਗਰਾਨੀ ਹੇਠ ਰਾਏਕੋਟ ਹਲਕੇ ਵਿੱਚ 191 ਅਰਧ ਸੈਨਿਕ ਬਲਾਂ ਦੇ ਜਵਾਨਾਂ ਸਣੇ ਕੁਲ 493 ਸੁਰੱਖਿਆ ਕਰਮਚਾਰੀ ਅਤੇ ਪੁਲੀਸ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 17 ਵਿਸ਼ੇਸ਼ ਦਸਤੇ 24 ਘੰਟੇ ਗਸ਼ਤ ਕਰਨਗੇ, 4 ਵਿਸ਼ੇਸ਼ ਨਾਕੇਬੰਦੀਆਂ ਤੋਂ ਇਲਾਵਾ 3 ਉੱਡਣ ਦਸਤੇ ਵੀ 24 ਘੰਟੇ ਡਿਊਟੀ ਕਰਨਗੇ।

Advertisement
Author Image

joginder kumar

View all posts

Advertisement
Advertisement
×