ਮਾਛੀਵਾੜਾ ਦੇ 73 ਪਿੰਡਾਂ ਵਿੱਚ ਵੋਟਾਂ ਪਈਆਂ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 15 ਅਕਤੂਬਰ
ਪੰਚਾਇਤੀ ਚੋਣਾਂ ਸਬੰਧੀ ਮਾਛੀਵਾੜਾ ਬਲਾਕ ਦੇ 116 ’ਚੋਂ 43 ਪਿੰਡਾਂ ਵਿੱਚ ਪਹਿਲਾਂ ਹੀ ਸਰਬਸੰਮਤੀ ਹੋ ਚੁੱਕੀ ਹੈ ਅਤੇ ਅੱਜ 73 ਪਿੰਡਾਂ ’ਚ ਵੋਟਿੰਗ ਦਾ ਕੰਮ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹ ਗਿਆ। ਇਨ੍ਹਾਂ ਪਿੰਡਾਂ ਵਿੱਚ 205 ਉਮੀਦਵਾਰ ਸਰਪੰਚ ਦੀ ਚੋਣ ਲੜ ਰਹੇ ਹਨ ਜਦਕਿ 868 ਪੰਚਾਇਤ ਮੈਂਬਰ ਵਜੋਂ ਮੈਦਾਨ ਵਿੱਚ ਸਨ। ਪਿੰਡ ਸ਼ਤਾਬਗੜ੍ਹ ਅਤੇ ਇੱਕ ਦੋ ਹੋਰ ਥਾਵਾਂ ’ਤੇ ਪੋਲਿੰਗ ਬੂਥ ਦੇ ਬਾਹਰ ਵੋਟਿੰਗ ਨੂੰ ਲੈ ਕੇ ਦੋ ਧਿਰਾਂ ਵਿੱਚ ਮਾਮੂਲੀ ਤਕਰਾਰਾਬਾਜ਼ੀ ਵੀ ਦੇਖਣ ਨੂੰ ਮਿਲੀ, ਪਰ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕੰਟਰੋਲ ਕਰ ਲਿਆ। ਜਾਣਕਾਰੀ ਮੁਤਾਬਕ ਮਾਛੀਵਾੜਾ ਬਲਾਕ ਦੇ ਕਈ ਪਿੰਡਾਂ ਵਿੱਚ ਵੋਟਰਾਂ ਨੇ ਕਾਫ਼ੀ ਉਤਸ਼ਾਹ ਦਿਖਾਇਆ ਅਤੇ 4 ਵਜੇ ਤੋਂ ਬਾਅਦ ਵੀ ਲੋਕ ਆਪਣੀ ਵੋਟ ਪਾਉਣ ਲਈ ਕਤਾਰਾਂ ਵਿੱਚ ਖੜ੍ਹੇ ਦਿਖਾਈ ਦਿੱਤੇ। ਖ਼ਬਰ ਲਿਖੇ ਜਾਣ ਤੱਕ ਕਈ ਥਾਵਾਂ ’ਤੇ ਕਈ ਪਿੰਡਾਂ ਦੇ ਚੋਣ ਨਤੀਜੇ ਆ ਚੁੱਕੇ ਸਨ ਜਿੱਥੇ 80 ਤੋਂ 83 ਫ਼ੀਸਦੀ ਵੋਟਿੰਗ ਹੋਈ ਜਦਕਿ ਕਈ ਥਾਵਾਂ ’ਤੇ ਘੱਟ ਵੀ ਹੋਈ। ਖ਼ਬਰ ਲਿਖੇ ਜਾਣ ਤੱਕ ਅਨੁਮਾਨ ਹੈ ਕਿ ਮਾਛੀਵਾੜਾ ਬਲਾਕ ਵਿੱਚ 70 ਫ਼ੀਸਦੀ ਤੋਂ ਵੱਧ ਵੋਟ ਪੋਲ ਹੋਈ।
ਸਮਰਾਲਾ ਵਿੱਚ 65 ਫੀਸਦੀ ਤੋਂ ਵੱਧ ਪੋਲਿੰਗ
ਸਮਰਾਲਾ (ਡੀ ਪੀ ਐੱਸ ਬੱਤਰਾ): ਬਲਾਕ ਸਮਰਾਲਾ ’ਚ ਪੈਂਦੇ 62 ਪਿੰਡਾਂ ਵਿੱਚੋਂ 9 ਪਿੰਡਾਂ ਵਿੱਚ ਸਰਬਸੰਮਤੀ ਤੋਂ ਬਾਅਦ ਇੱਕ ਪਿੰਡ ਮੰਜਾਲੀ ਖੁਰਦ ਦੀ ਚੋਣ ਰੱਦ ਹੋਣ ਕਾਰਨ 52 ਪਿੰਡਾਂ ਵਿੱਚ ਵੋਟਾਂ ਪਈਆਂ। ਪਿੰਡ ਮੰਜਾਲੀ ਖੁਰਦ ਦੇ ਇੱਕ ਉਮੀਦਵਾਰ ਦੇ ਕਾਗਜ਼ ਰੱਦ ਹੋ ਜਾਣ ਅਤੇ ਇੱਕ ਹੋਰ ਉਮੀਦਵਾਰ ਵੱਲੋਂ ਕਾਗਜ਼ ਵਾਪਸ ਲੈਣ ਕਾਰਨ ਇਹ ਚੋਣ ਰੱਦ ਕਰਨੀ ਪਈ ਸੀ। ਇਸ ਹਲਕੇ ’ਚ ਸੰਵੇਦਨਸ਼ੀਲ ਐਲਾਨੇ ਪਿੰਡਾਂ ਵਿੱਚ ਸ਼ਾਮਲ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਪਿੰਡ ਦਿਆਲਪੁਰਾ ਅਤੇ ਉਨ੍ਹਾਂ ਦੇ ਪੀ.ਏ. ਨਵਜੀਤ ਸਿੰਘ ਦਾ ਪਿੰਡ ਉਟਾਲਾਂ ਜਿੱਥੋਂ ਕਿ ਉਹ ਖੁਦ ਸਰਪੰਚੀ ਦੀ ਚੋਣ ਲੜ ਰਹੇ ਹਨ, ਦੇ ਪਿੰਡ ਸਮੇਤ ਉੱਘੇ ਕਾਂਗਰਸੀ ਆਗੂ ਜਤਿੰਦਰ ਸਿੰਘ ਬਲਾਲਾ ਦੇ ਪਿੰਡ ਬਲਾਲਾ, ਮਾਣਕੀ ਮੁਸ਼ਕਾਬਾਦ, ਗਗੜਾ, ਗੋਸਲਾਂ ਬਹਿਲੋਲਪੁਰ, ਜਲਾਹਮਾਜਰਾ, ਮਾਣੇਵਾਲ, ਸਹਿਜੋਮਾਜਰਾ, ਸ਼ਤਾਬਗੜ੍ਹ ਤੇ ਪਿੰਡ ਤੱਖਰਾਂ ’ਚ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਵਕ ਰਿਹਾ। ਐੱਸ.ਡੀ.ਐੱਮ. ਰਜਨੀਸ਼ ਅਰੋੜਾ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪਿੰਡਾਂ ਵਿੱਚ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਵੋਟਰਾਂ ਵੱਲੋਂ ਵੀ ਚੋਣ ਅਮਲੇ ਨੂੰ ਸਹਿਯੋਗ ਦਿੰਦਿਆਂ ਚੋਣ ਪ੍ਰਕਿਰਿਆ ਨੇਪਰੇ ਚਾੜ੍ਹਨ ’ਚ ਯੋਗਦਾਨ ਪਾਇਆ ਗਿਆ। ਪੰਚਾਇਤੀ ਚੋਣਾਂ ’ਚ ਪਿੰਡ ਦਿਆਲਪੁਰਾ, ਬਲਾਲਾ, ਉਟਾਲਾਂ, ਭੰਗਲਾਂ, ਮਾਦਪੁਰ, ਘੁਲਾਲ, ਸਮਸ਼ਪੁਰ, ਮੁਸ਼ਕਾਬਾਦ, ਗਗੜਾ, ਨੀਲੋਂ, ਭਰਥਲਾ, ਖੀਰਨੀਆਂ, ਹੇਡੋਂ, ਕੋਟਾਲਾ ਸਮੇਤ ਦਰਜਨਾਂ ਪਿੰਡਾਂ ’ਚ ਫਸਵਾਂ ਮੁਕਾਬਲਾ ਹੋਣ ਕਰਕੇ ਸਭ ਦੀ ਨਜ਼ਰ ਟਿਕੀ ਹੋਈ ਸੀ। ਬਲਾਕ ਦੇ ਸਮੁੱਚੇ 52 ਹੀ ਪਿੰਡਾਂ ਵਿੱਚ ਸ਼ਾਂਤੀ ਰਹੀ ਅਤੇ ਵੋਟਿੰਗ ਦੌਰਾਨ ਇੱਕਾ-ਦੁੱਕਾ ਪਿੰਡਾਂ ਵਿੱਚ ਵੋਟਾਂ ਪੈਣ ਦੀ ਰਫ਼ਤਾਰ ਢਿੱਲੀ ਰਹਿਣ ਦੀ ਜਾਣਕਾਰੀ ਸਾਹਮਣੇ ਆਈ।