ਨਿਗਮ ਚੋਣਾਂ ਵਿੱਚ ‘ਆਪ’ ਨੂੰ ਮਿਲੇਗੀ ਵੱਡੀ ਜਿੱਤ: ਅਮਨ ਅਰੋੜਾ
ਸਤਵਿੰਦਰ ਬਸਰਾ
ਲੁਧਿਆਣਾ, 26 ਨਵੰਬਰ
ਪੰਜਾਬ ਵਿੱਚ ਪਿਛਲੇ ਦਿਨੀਂ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਚਾਰ ਵਿੱਚੋਂ ਤਿੰਨ ਸੀਟਾਂ ’ਤੇ ਜੇਤੂ ਰਹਿਣ ਵਾਲੀ ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਤੋਂ ਅੰਮ੍ਰਿਤਸਰ ਤੱਕ ਕੱਢੀ ਜਾ ਰਹੀ ਸ਼ੁਕਰਾਨਾ ਯਾਤਰਾ ਦਾ ਲੁਧਿਆਣਾ ਵਿੱਚ ਭਰਵਾਂ ਸਵਾਗਤ ਕੀਤਾ ਗਿਆ। ਇਸ ਯਾਤਰਾ ਦੀ ਅਗਵਾਈ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਕਰ ਰਹੇ ਸਨ। ਇਨ੍ਹਾਂ ਆਗੂਆਂ ਨੇ ਜਗਰਾਉਂ ਪੁਲ ’ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤਾਂ ’ਤੇ ਫੁੱਲਮਾਲਾਵਾਂ ਭੇਟ ਕਰ ਕੇ ਸ਼ਰਧਾਂਜਲੀਆਂ ਭੇਟ ਦਿੱਤੀਆਂ। ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਦੇ ਨੁਮਾਇੰਦੇ ਲੋਕਾਂ ਨੂੰ ਨਾਲ ਲੈ ਕੇ ਚੱਲਣਗੇ ਤਾਂ ਨਗਰ ਨਿਗਮ ਚੋਣਾਂ ਵਿੱਚ ਵੀ ਪਾਰਟੀ ਦੀ ਵੱਡੀ ਜਿੱਤ ਹੋਵੇਗੀ। ਇਸ ਮੌਕੇ ਲੁਧਿਆਣਾ ਤੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਮਦਨ ਲਾਲ ਬੱਗਾ, ਗੁਰਪ੍ਰੀਤ ਗੋਗੀ ਤੇ ਕੁਲਵੰਤ ਸਿੱਧੂ ਆਦਿ ਵੀ ਹਾਜ਼ਰ ਸਨ। ਇਸ ਯਾਤਰਾ ਦੌਰਾਨ ਆਗੂਆਂ ਨੇ ਜਲੰਧਰ ਬਾਈਪਾਸ ’ਤੇ ਬਾਬਾ ਭੀਮ ਰਾਓ ਅੰਬੇਡਕਰ ਦੇ ਬੁੱਤ ’ਤੇ ਹਾਰ ਪਾ ਕੇ ਸ਼ਰਧਾਂਜਲੀ ਦਿੱਤੀ।
ਇਸ ਦੌਰਾਨ ਜਲੰਧਰ ਬਾਈਪਾਸ ’ਤੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਮਦਨ ਲਾਲ ਬੱਗਾ ਨੇ ਯਾਤਰਾ ਦਾ ਸਵਾਗਤ ਕੀਤਾ। ਇਸ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਸ੍ਰੀ ਅਰੋੜਾ ਨੇ ਕਿਹਾ ਕਿ ਇਹ ਯਾਤਰਾ ਲੋਕਾਂ ਵੱਲੋਂ ਜ਼ਿਮਨੀ ਚੋਣਾਂ ਵਿੱਚ ਮਿਲੇ ਭਰਵੇਂ ਸਮਰਥਨ ਦੇ ਸ਼ੁਕਰਾਨੇ ਵਜੋਂ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਸਾਡਾ ਮਕਸਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਅਤੇ ਇਸ ਕੰਮ ਲਈ ਪਾਰਟੀ ਦਾ ਹਰ ਵੱਡੇ ਤੋਂ ਛੋਟਾ ਵਰਕਰ ਦਿਨ ਰਾਤ ਕੰਮ ਕਰ ਰਿਹਾ ਹੈ। ਭਾਜਪਾ ਆਗੂ ਰਵਨੀਤ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ’ਚ ਸ੍ਰੀ ਅਰੋੜਾ ਨੇ ਕਿਹਾ ਕਿ ਜਿਸ ਵਿਅਕਤੀ ਨੇ ਕਦੇ ਕਿਸਾਨਾਂ ਦਾ ਭਲਾ ਨਹੀਂ ਕੀਤਾ, ਉਹ ਕਿਸਾਨਾਂ ਬਾਰੇ ਕੁੱਝ ਕਹਿਣ ਦਾ ਹੱਕਦਾਰ ਨਹੀਂ ਹੈ।
ਸੜਕਾਂ ’ਤੇ ਲੱਗਿਆ ਜਾਮ
ਸ਼ੁਕਰਾਨਾ ਯਾਤਰਾ ਕਾਰਨ ਲੁਧਿਆਣਾ ਦੀਆਂ ਵੱਖ ਵੱਖ ਸੜਕਾਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਲੋਕਾਂ ਨੂੰ ਲੰਮਾ ਸਮਾਂ ਜਾਮ ਵਿੱਚ ਫਸੇ ਰਹਿਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਰਅਸਲ, ਇਹ ਯਾਤਰਾ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਵਿਸ਼ਵਕਰਮਾ ਚੌਕ, ਜਗਰਾਉਂ ਪੁਲ ਤੇ ਜਲੰਧਰ ਬਾਈਪਾਸ ਤੋਂ ਹੋ ਕੇ ਲਾਡੋਵਾਲ ਵੱਲ ਰਵਾਨਾ ਹੋਈ। ਜਗਰਾਉਂ ਪੁਲ ਅਤੇ ਆਸ-ਪਾਸ ਦੀਆਂ ਸੜਕਾਂ ’ਤੇ ਤਾਂ ਜਾਮ ਇੰਨਾ ਜ਼ਿਆਦਾ ਸੀ ਕਿ ਲੋਕਾਂ ਲਈ ਪੈਦਲ ਲੰਘਣਾ ਵੀ ਮੁਸ਼ਕਲ ਹੋ ਰਿਹਾ ਸੀ। ਇਸ ਯਾਤਰਾ ਨੂੰ ਦੇਖਦਿਆਂ ਭਾਵੇਂ ਪ੍ਰਸ਼ਾਸਨ ਵੱਲੋਂ ਟਰੈਫਿਕ ਨੂੰ ਕੰਟਰੋਲ ਲਈ ਕਈ ਆਰਜ਼ੀ ਪ੍ਰਬੰਧ ਕੀਤੇ ਹੋਏ ਸਨ ਪਰ ਆਵਾਜਾਈ ਜ਼ਿਆਦਾ ਹੋਣ ਕਰਕੇ ਇਹ ਪ੍ਰਬੰਧ ਵੀ ਨਾਕਾਫੀ ਸਾਬਤ ਹੋਏ। ਟਰੈਫਿਕ ਦੇ ਬਦਲਵੇਂ ਪ੍ਰਬੰਧਾਂ ਕਾਰਨ ਵੀ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ’ਤੇ ਯਾਤਰੀ ਰਸਤੇ ਵਿੱਚ ਹੀ ਘੰਟਿਆਂਬੱਧੀ ਖੜ੍ਹੇ ਬੱਸਾਂ ਤੇ ਆਟੋ ਰਿਕਸ਼ਾ ਉਡੀਕਦੇ ਰਹੇ। ਜਗਰਾਉਂ ਪੁਲ ’ਤੇ ਟਰੈਫਿਕ ਬੰਦ ਹੋਣ ਕਾਰਨ ਫੀਲਡ ਗੰਜ, ਵਿਸ਼ਵਕਰਮਾ ਚੌਕ, ਰੇਲਵੇ ਸਟੇਸ਼ਨ ਰੋਡ, ਘੰਟਾ ਘਰ, ਦੁਰਗਾ ਮਾਤਾ ਮੰਦਿਰ, ਮਾਤਾ ਰਾਣੀ ਚੌਕ ਤੇ ਪੁਰਾਣੀ ਸਬਜ਼ੀ ਮੰਡੀ ’ਤੇ ਵੀ ਵਾਹਨਾਂ ਦੀ ਭੀੜ ਦੇਖੀ ਗਈ। ਇਹ ਜਾਮ ਯਾਤਰਾ ਦੇ ਲੁਧਿਆਣਾ ਵਿੱਚੋਂ ਰਵਾਨਾ ਹੋ ਜਾਣ ਤੋਂ ਕਈ ਘੰਟੇ ਬਾਅਦ ਵੀ ਲੱਗਾ ਰਿਹਾ।