For the best experience, open
https://m.punjabitribuneonline.com
on your mobile browser.
Advertisement

ਛੇਵੇਂ ਗੇੜ ’ਚ ਵੋਟਰਾਂ ਨੇ ਨਾ ਦਿਖਾਇਆ ਬਹੁਤਾ ਉਤਸ਼ਾਹ

07:35 AM May 26, 2024 IST
ਛੇਵੇਂ ਗੇੜ ’ਚ ਵੋਟਰਾਂ ਨੇ ਨਾ ਦਿਖਾਇਆ ਬਹੁਤਾ ਉਤਸ਼ਾਹ
ਪੰਚਕੂਲਾ ਜ਼ਿਲ੍ਹੇ ਦੇ ਖਤੌਲੀ ’ਚ ਵੋਟ ਪਾਉਣ ਲਈ ਕਤਾਰ ’ਚ ਖੜ੍ਹੀਆਂ ਮਹਿਲਾਵਾਂ। -ਫੋਟੋ: ਰਵੀ ਕੁਮਾਰ
Advertisement

ਨਵੀਂ ਦਿੱਲੀ, 25 ਮਈ
ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਦੌਰਾਨ ਅੱਜ 58 ਹਲਕਿਆਂ ’ਚ 61.11 ਫ਼ੀਸਦ ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ। ਪੱਛਮੀ ਬੰਗਾਲ ਦੀਆਂ ਅੱਠ ਸੀਟਾਂ ’ਤੇ ਰਿਕਾਰਡ 79.4 ਫ਼ੀਸਦ ਵੋਟਿੰਗ ਹੋਈ ਪਰ ਹਿੰਸਾ ’ਚ ਦੋ ਵਿਅਕਤੀ ਮਾਰੇ ਗਏ। ਕਈ ਥਾਵਾਂ ’ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਨੁਕਸ ਕਾਰਨ ਵੋਟਾਂ ਪੈਣ ਦੇ ਅਮਲ ’ਚ ਦੇਰੀ ਹੋਈ। ਅਤਿ ਦੀ ਗਰਮੀ ਪੈਣ ਕਾਰਨ ਲੋਕਾਂ ਦਾ ਮਤਦਾਨ ’ਚ ਉਤਸ਼ਾਹ ਠੰਢਾ ਹੀ ਰਿਹਾ। ਉਂਜ ਕਈ ਪੋਲਿੰਗ ਸਟੇਸ਼ਨਾਂ ’ਤੇ ਚੋਣ ਕਮਿਸ਼ਨ ਨੇ ਠੰਢੇ ਜਲ, ਕੂਲਰਾਂ, ਪੱਖਿਆਂ ਅਤੇ ਟੈਂਟਾਂ ਦਾ ਪ੍ਰਬੰਧ ਕੀਤਾ ਸੀ। ਹੁਣ ਤੱਕ 486 ਸੀਟਾਂ ’ਤੇ ਵੋਟਿੰਗ ਦਾ ਅਮਲ ਮੁਕੰਮਲ ਹੋ ਚੁੱਕਿਆ ਹੈ ਜਦਕਿ ਪੰਜਾਬ ਅਤੇ ਚੰਡੀਗੜ੍ਹ ਸਮੇਤ 57 ਸੀਟਾਂ ’ਤੇ ਆਖਰੀ ਅਤੇ ਸੱਤਵੇਂ ਗੇੜ ’ਚ ਪਹਿਲੀ ਜੂਨ ਨੂੰ ਵੋਟਾਂ ਪੈਣਗੀਆਂ। ਉੜੀਸਾ ਵਿਧਾਨ ਸਭਾ ਦੀਆਂ 42 ਸੀਟਾਂ ’ਤੇ ਵੀ ਅੱਜ ਹੀ ਵੋਟਿੰਗ ਹੋਈ। ਦਿੱਲੀ ਦੀਆਂ ਸਾਰੀਆਂ ਸੱਤ ਅਤੇ ਹਰਿਆਣਾ ਦੀਆਂ 10 ਸੀਟਾਂ ’ਤੇ ਅੱਜ ਵੋਟਾਂ ਪਈਆਂ। ਛੇਵੇਂ ਗੇੜ ’ਚ ਬਿਹਾਰ ਦੀਆਂ ਅੱਠ, ਜੰਮੂ ਕਸ਼ਮੀਰ ਦੀ ਇਕ, ਝਾਰਖੰਡ ਦੀਆਂ ਚਾਰ, ਉੜੀਸਾ ਦੀਆਂ ਛੇ ਅਤੇ ਉੱਤਰ ਪ੍ਰਦੇਸ਼ ਦੀਆਂ 14 ਸੀਟਾਂ ’ਤੇ ਵੋਟਾਂ ਪਈਆਂ ਹਨ। ਝਾਰਖੰਡ ’ਚ 63.76, ਯੂਪੀ ’ਚ 54.3, ਬਿਹਾਰ ’ਚ 55.24, ਹਰਿਆਣਾ ’ਚ 65 ਅਤੇ ਦਿੱਲੀ ’ਚ 57.67 ਫ਼ੀਸਦ ਵੋਟਿੰਗ ਹੋਈ ਹੈ। ਜੰਮੂ ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਸੀਟ ’ਤੇ ਰਿਕਾਰਡ 54.15 ਫ਼ੀਸਦ ਵੋਟਿੰਗ ਹੋਈ ਹੈ ਜੋ ਪਿਛਲੇ 35 ਸਾਲਾਂ ’ਚ ਸਭ ਤੋਂ ਵਧ ਮਤਦਾਨ ਹੈ। ਕੌਮੀ ਰਾਜਧਾਨੀ ’ਚ ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਕੇਂਦਰੀ ਮੰਤਰੀਆਂ ਐੱਸ ਜੈਸ਼ੰਕਰ ਤੇ ਹਰਦੀਪ ਸਿੰਘ ਪੁਰੀ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਦਿੱਲੀ ਦੀ ਮੰਤਰੀ ਆਤਿਸ਼ੀ, ਕਾਂਗਰਸ ਆਗੂਆਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਹੋਰਾਂ ਨੇ ਪਰਿਵਾਰ ਸਣੇ ਵੋਟਾਂ ਭੁਗਤਾਈਆਂ। ਸੀਪੀਐੱਮ ਆਗੂ ਬਰਿੰਦਾ ਕਰਤ ਨੇ ਦੋਸ਼ ਲਾਇਆ ਕਿ ਉਸ ਨੂੰ ਪੋਲਿੰਗ ਬੂਥ ’ਤੇ ਕਰੀਬ ਇਕ ਘੰਟੇ ਤੱਕ ਵੋਟ ਪਾਉਣ ਲਈ ਉਡੀਕ ਕਰਨੀ ਪਈ ਕਿਉਂਕਿ ਈਵੀਐੱਮ ਕੰਟਰੋਲ ਯੂਨਿਟ ਦੀ ਬੈਟਰੀ ਮੁੱਕ ਗਈ ਸੀ। ਜ਼ਿਲ੍ਹਾ ਚੋਣ ਅਧਿਕਾਰੀ ਨੇ ਬਾਅਦ ’ਚ ਕਿਹਾ ਕਿ 15 ਮਿੰਟ ’ਚ ਹੀ ਬੈਟਰੀ ਬਦਲ ਦਿੱਤੀ ਗਈ ਸੀ।

Advertisement

ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਕੇਂਦਰੀ ਮੰਤਰੀ ਐੱਸ ਜੈਸ਼ੰਕਰ, ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ, ਮਹਿਬੂਬਾ ਮੁਫ਼ਤੀ, ਯੋਗੇਂਦਰ ਯਾਦਵ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਅਰਵਿੰਦ ਕੇਜਰੀਵਾਲ, ਬਾਂਸੁਰੀ ਸਵਰਾਜ ਤੇ ਸਵਾਤੀ ਮਾਲੀਵਾਲ ਵੋਟ ਪਾਉਣ ਮਗਰੋਂ ਉਂਗਲ ’ਤੇ ਲੱਗੀ ਸਿਆਹੀ ਦਿਖਾਉਂਦੇ ਹੋਏ। -ਫੋਟੋਆਂ: ਪੀਟੀਆਈ

‘ਆਪ’ ਆਗੂ ਆਤਿਸ਼ੀ ਨੇ ਪੋਸਟ ਪਾ ਕੇ ਦੋਸ਼ ਲਾਇਆ ਕਿ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਪੁਲੀਸ ਨੂੰ ਉਨ੍ਹਾਂ ਖੇਤਰਾਂ ਵਿੱਚ ਵੋਟਿੰਗ ’ਚ ਅੜਿੱਕਾ ਡਾਹੁਣ ਅਤੇ ਧੀਮੀ ਵੋਟਿੰਗ ਕਰਾਉਣ ਦੇ ਹੁਕਮ ਦਿੱਤੇ ਹਨ ਜਿਥੇ ‘ਇੰਡੀਆ’ ਗੱਠਜੋੜ ਦੇ ਸਮਰਥਕ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ। ਉਧਰ ਉਪ ਰਾਜਪਾਲ ਵੀਕੇ ਸਕਸੈਨਾ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਵੋਟਰਾਂ ਨੂੰ ਗੁਮਰਾਹ ਕਰਨ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਖ਼ਤ ਨੋਟਿਸ ਲੈ ਕੇ ਕਾਰਵਾਈ ਕੀਤੀ ਜਾਵੇਗੀ। ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ਜ਼ਿਲ੍ਹੇ ਦੀ ਤਮਲੁਕ ਸੀਟ ਤਹਿਤ ਪੈਂਦੇ ਮਾਹੀਸ਼ਡਲ ’ਚ ਅੱਜ ਸਵੇਰੇ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਰਕਰਾਂ ’ਚ ਹੋਈ ਝੜਪ ਦੌਰਾਨ ਟੀਐੱਮਸੀ ਦੇ ਸਥਾਨਕ ਆਗੂ ਸ਼ੇਖ਼ ਮੋਇਬੁਲ ਦੀ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਇਸ ਮਾਮਲੇ ’ਚ ਇਕ ਮਹਿਲਾ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਸਿੱਧੇ ਤੌਰ ’ਤੇ ਭਾਜਪਾ ਨਾਲ ਜੁੜੇ ਹੋਏ ਹਨ। ਉਂਜ ਭਾਜਪਾ ਆਗੂ ਤਪਨ ਬੰਦੋਪਾਧਿਆਏ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦਾ ਭਾਜਪਾ ਨਾਲ ਕੋਈ ਸਬੰਧ ਨਹੀਂ ਹੈ ਅਤੇ ਹੱਤਿਆ ਟੀਐੱਮਸੀ ਆਗੂਆਂ ਦੇ ਅੰਦਰੂਨੀ ਝਗੜੇ ਦਾ ਨਤੀਜਾ ਹੈ। ਝਾਰਗ੍ਰਾਮ ਹਲਕੇ ਦੇ ਲਾਲਗੜ੍ਹ ਪੁਲੀਸ ਸਟੇਸ਼ਨ ਤਹਿਤ ਪੈਂਦੇ ਬੇਲਾਟਿਕਰੀ ਇਲਾਕੇ ’ਚ ਉਸ ਸਮੇਂ ਤਣਾਅ ਪੈਦਾ ਹੋ ਗਿਆ ਜਦੋਂ ਇਕ ਨੌਜਵਾਨ ਦੀ ਕੱਟੀ-ਵੱਢੀ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਉਤਮ ਮਹਾਤੋ ਵਜੋਂ ਹੋਈ ਹੈ ਪਰ ਪੁਲੀਸ ਦਾ ਦਾਅਵਾ ਹੈ ਕਿ ਉਸ ਦੀ ਹੱਤਿਆ ਦਾ ਸਿਆਸਤ ਜਾਂ ਚੋਣ ਹਿੰਸਾ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਚੋਣ ਅਧਿਕਾਰੀ ਕੋਲ ਵੱਖ ਵੱਖ ਸਿਆਸੀ ਪਾਰਟੀਆਂ ਨੇ 69 ਸ਼ਿਕਾਇਤਾਂ ਕੀਤੀਆਂ ਜਿਨ੍ਹਾਂ ’ਚੋਂ ਸਭ ਤੋਂ ਜ਼ਿਆਦਾ ਸੀਪੀਐੱਮ ਤੋਂ ਮਿਲੀਆਂ ਸਨ। ਪੱਛਮੀ ਮਿਦਨਾਪੁਰ ਜ਼ਿਲ੍ਹੇ ਦੇ ਸਬਾਂਗ ’ਚ ਟੀਐੱਮਸੀ ਵਰਕਰਾਂ ਨੇ ਭਾਜਪਾ ਦੇ ਪੋਲਿੰਗ ਏਜੰਟ ’ਤੇ ਹਮਲਾ ਕੀਤਾ। ਟੀਐੱਮਸੀ ਨੇ ਦੋਸ਼ ਲਾਇਆ ਕਿ ਨੰਦੀਗ੍ਰਾਮ ’ਚ ਭਾਜਪਾ ਕਾਰਕੁਨਾਂ ਨੇ ਇਕ ਪੁਲ ਤੋੜ ਦਿੱਤਾ ਤਾਂ ਜੋ ਪਿੰਡ ਵਾਸੀ ਪੋਲਿੰਗ ਸਟੇਸ਼ਨ ’ਤੇ ਨਾ ਪਹੁੰਚ ਸਕਣ। ਇਸੇ ਤਰ੍ਹਾਂ ਝਾਰਗ੍ਰਾਮ ਹਲਕੇ ਦੇ ਪਿੰਡ ਗਾਰਬੇਟਾ ’ਚ ਭਾਜਪਾ ਉਮੀਦਵਾਰ ਪ੍ਰਣਤ ਟੂਡੂ ਪੁੱਜਾ ਤਾਂ ਉਥੇ ਟੀਐੱਮਸੀ ਦੇ ਕਰੀਬ 200 ਵਰਕਰ ਜਮ੍ਹਾਂ ਹੋ ਗਏ ਅਤੇ ਉਨ੍ਹਾਂ ਉਸ ਦਾ ਵਾਹਨ ਰੋਕ ਲਿਆ। ਕੁਝ ਪ੍ਰਦਰਸ਼ਨਕਾਰੀਆਂ ਨੇ ਉਸ ਦੇ ਵਾਹਨ ’ਤੇ ਪਥਰਾਅ ਵੀ ਕੀਤਾ। ਟੂਡੂ ਦੇ ਸਿਰ ’ਤੇ ਮਾਮੂਲੀ ਸੱਟ ਵੀ ਲੱਗੀ ਹੈ। ਤਮੁਲਕ ’ਚ ਭਾਜਪਾ ਉਮੀਦਵਾਰ ਅਤੇ ਕਲਕੱਤਾ ਹਾਈ ਕੋਰਟ ਦੇ ਸਾਬਕਾ ਜੱਜ ਅਭਿਜੀਤ ਗੰਗੋਪਾਧਿਆਏ ਨੇ ਪਾਰਟੀ ਵਰਕਰਾਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾ ਕੇ ਮਿਓਨਾ ’ਚ ਧਰਨਾ ਦਿੱਤਾ। ਗ਼ਟਲ ਲੋਕ ਸਭਾ ਹਲਕੇ ਤਹਿਤ ਦੇਬਰਾ ’ਚ ਉਸ ਸਮੇਂ ਤਣਾਅ ਫੈਲ ਗਿਆ ਜਦੋਂ ਸੀਏਪੀਐੱਫ ਦੇ ਇਕ ਜਵਾਨ ਨੇ ਮਹਿਲਾ ਨਾਲ ਛੇੜਖਾਨੀ ਕੀਤੀ। ਜਵਾਨ ਨੂੰ ਤੁਰੰਤ ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਨੇ ਚੋਣ ਡਿਊਟੀ ਤੋਂ ਹਟਾ ਦਿੱਤਾ ਅਤੇ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੀ ਮੇਂਧੜ ਸਬ-ਡਿਵੀਜ਼ਨ ’ਚ ਇਕ ਪੋਲਿੰਗ ਸਟੇਸ਼ਨ ਦੇ ਬਾਹਰ ਦੋ ਉਮੀਦਵਾਰਾਂ ਦੇ ਸਮਰਥਕਾਂ ਵਿਚਕਾਰ ਝੜਪਾਂ ’ਚ ਚਾਰ ਔਰਤਾਂ ਸਮੇਤ ਛੇ ਵਿਅਕਤੀ ਜ਼ਖ਼ਮੀ ਹੋ ਗਏ। ਸ਼ਾਹਪੁਰ ਸੈਕਟਰ ਦੇ ਪੋਲਿੰਗ ਸਟੇਸ਼ਨ ’ਚ ਵੋਟਿੰਗ ਦਾ ਅਮਲ ਬਿਨ੍ਹਾਂ ਕਿਸੇ ਅੜਿੱਕੇ ਦੇ ਮੁਕੰਮਲ ਹੋਇਆ। ਪੁਲੀਸ ਨੇ ਤੁਰੰਤ ਹਰਕਤ ’ਚ ਆਉਂਦਿਆਂ ਦੋਵੇਂ ਧਿਰਾਂ ਨੂੰ ਛੁਡਾਇਆ ਅਤੇ ਐੱਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ

ਵੋਟ ਪਾਉਣ ਮਗਰੋਂ ਉਂਗਲ ’ਤੇ ਲੱਗੀ ਸਿਆਹੀ ਦਿਖਾਉਂਦੇ ਹੋਏ ਸੀਪੀਐੱਮ ਆਗੂ ਬਰਿੰਦਾ ਕਰਾਤ, ਪ੍ਰਕਾਸ਼ ਕਰਾਤ
‘ਆਪ’ ਆਗੂ ਸੰਜੇ ਿਸੰਘ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ। -ਫੋਟੋਆਂ: ਪੀਟੀਆਈ
Advertisement
Author Image

sukhwinder singh

View all posts

Advertisement
Advertisement
×