ਸਵੈ-ਇੱਛਤ ਗ਼ੁਲਾਮ
ਗੁਰਦੀਪ ਜੌਹਲ
ਉੱਤਰੀ ਅਮਰੀਕਾ ਵਿੱਚ ਜਦੋਂ ਗ਼ੁਲਾਮਦਾਰੀ ਯੁੱਗ ਸੀ, ਗੋਰੇ ਹਾਕਮ ਅਫਰੀਕਾ ਦੇ ਮੁਲਕਾਂ ਵਿੱਚੋਂ ਰਿਸ਼ਟ-ਪੁਸ਼ਟ ਆਦਮੀ/ਔਰਤਾਂ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਕੇ ਧੋਖੇ ਨਾਲ ਅਮਰੀਕਾ ਲੈ ਆਉਂਦੇ ਸਨ ਤੇ ਉਨ੍ਹਾਂ ਨੂੰ ਗ਼ੁਲਾਮ ਬਣਾ ਲਿਆ ਜਾਂਦਾ ਸੀ; ਉਨ੍ਹਾਂ ਤੋਂ ਪਸ਼ੂਆਂ ਤੋਂ ਵੀ ਵੱਧ ਕੰਮ ਲਿਆ ਜਾਂਦਾ ਸੀ। ਉਨ੍ਹਾਂ ਦੀ ਖਰੀਦ ਲਈ ਬਾਕਾਇਦਾ ਮੰਡੀ ਲੱਗਦੀ ਜਿੱਥੇ ਉਨ੍ਹਾਂ ਦੀ ਸਰੀਰਕ ਬਣਤਰ (ਤਾਕਤ) ਅਨੁਸਾਰ ਮੁੱਲ ਤੈਅ ਹੁੰਦਾ। ਜਦ ਖਰੀਦਦਾਰ ਵੱਧ ਹੋਣ ਤੇ ਗੁਲਾਮ ਲੋੜ ਤੋਂ ਘੱਟ ਤਾਂ ਬੋਲੀ ਲਾਈ ਜਾਂਦੀ। ਇਹ ਵਰਤਾਰਾ ਉਦੋਂ ਇੱਕ ਤਰ੍ਹਾਂ ਨਾਲ ਮਾਨਤਾ ਪ੍ਰਾਪਤ ਹੀ ਸੀ। ਗ਼ੁਲਾਮਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਸੀ।
ਇਹ ਵਰਤਾਰਾ ਸਦਰ ਅਬਹਾਰਮ ਲਿੰਕਨ ਦੇ ਸਮੇਂ ਤੱਕ ਚਲਦਾ ਰਿਹਾ ਜਿਸ ਦੀ ਕੀਮਤ ਲਿੰਕਨ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਇਹ ਪ੍ਰਥਾ ਅਮਰੀਕਾ ਦੇ ਰਾਸ਼ਟਰਪਤੀ ਦੇ ਕਤਲ ਦੇ ਰੂਪ ਵਿੱਚ ਖ਼ਤਮ ਹੋਈ।
ਹੁਣ ਜਿਨ੍ਹਾਂ ਅਸੀਂ ਸਿਆਹਫ਼ਾਮ (ਕਾਲ਼ੇ) ਕਹਿੰਦੇ ਹਾਂ, ਉਹ ਅੱਜ ਵੀ ਅਸਿੱਧੇ ਰੂਪ ਵਿੱਚ ਗ਼ੁਲਾਮ ਹੀ ਹਨ। ਦਿਮਾਗੀ ਤੌਰ ’ਤੇ ਉਹ ਇਹ ਗੱਲ ਕਦੇ ਵੀ ਨਹੀਂ ਭੁੱਲ ਸਕਦੇ ਕਿ ਉਨ੍ਹਾਂ ਦੇ ਵਡੇਰਿਆਂ ਨੂੰ ਸੰਗਲਾਂ ਨਾਲ ਨੂੜ ਕੇ ਅਮਰੀਕਾ ਵਿਚ ਲਿਆਂਦਾ ਗਿਆ ਸੀ। ... ਤੇ ਅਸੀਂ ਪੰਜਾਬੀ ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਜੱਟ ਸ਼ਾਮਲ ਹਨ, ਅੱਜ ਦੇ ਯੁੱਗ ਵਿੱਚ ਆਪਣੇ ਘਰ ਬਾਰ/ਜ਼ਮੀਨ-ਜਾਇਦਾਦਾਂ ਵੇਚ ਕੇ ਪੱਲਿਓਂ 50000 ਡਾਲਰ ਦੇ ਕੇ ਅਮਰੀਕਾ/ਕੈਨੇਡਾ ਆਦਿ ਮੁਲਕਾਂ ਵਿੱਚ ਸਵੈ-ਇੱਛਾ ਨਾਲ ਗ਼ੁਲਾਮ ਹੋਣ ਲਈ ਝਾਟਮ-ਝੀਟਾ ਹੋ ਰਹੇ ਹਾਂ। ਜਦ ਇਹ ਗੱਲ ਕਾਲ਼ਿਆਂ ਨੂੰ ਪਤਾ ਲੱਗਦੀ ਹੈ ਤਾਂ ਉਹ ਦਿਲ ਵਿੱਚ ਸਾਡੇ ਬਾਰੇ ਕੀ ਸੋਚਦੇ ਹੋਣਗੇ, ਉਸ ਦਾ ਅੰਦਾਜ਼ਾ ਕੋਈ ਵੀ ਲਗਾ ਸਕਦਾ ਹੈ।
ਸਵੈ-ਇੱਛਾ ਨਾਲ ਬਣੇ ਪੰਜਾਬੀ ਗ਼ੁਲਾਮਾਂ ਨੂੰ ਤਾਂ ਖ਼ੁਦ ਲਈ ਖਾਣ ਨੂੰ ਰੋਟੀ ਤੱਕ ਵੀ ਬਣਾਉਣੀ ਨਹੀਂ ਆਉਂਦੀ ਹੁੰਦੀ। ਕੋਈ ਵੀ ਕੰਮ ਦੀ ਮੁਹਾਰਤ ਨਹੀਂ ਹੁੰਦੀ; ਕੰਮ ਭਾਵੇਂ ਸਫਾਈ ਦਾ ਹੋਵੇ, ਖਾਣਾ ਬਣਾਉਣ ਦਾ ਹੋਵੇ, ਫੱਟੇ/ਭਾਰ ਚੁੱਕਣ ਦਾ ਹੋਵੇ, ਮਸ਼ੀਨਰੀ ਚਲਾਉਣ ਦਾ ਹੋਵੇ, ਡੰਗਰਾਂ ਨੂੰ ਪੱਠੇ ਪਾਉਣ ਦਾ ਜਾਂ ਹੋਰ ਵੀ ਕੋਈ; ਕੰਮ ਦੇ ਤਜਰਬੇ ਤੋਂ ਬਿਲਕੁਲ ਕੋਰੇ ਹੁੰਦੇ ਹਨ।
ਪੰਜਾਬੀ ਸਵੈ-ਇੱਛਤ ਗ਼ੁਲਾਮਾਂ ਦੀ ਉਨ੍ਹਾਂ ਦੇ ਮਾਲਕ ਭਾਵੇਂ ਗੋਰੇ ਹੋਣ ਜਾਂ ਦੇਸੀ, ਰੱਜ ਕੇ ਲੁੱਟ ਕਰਦੇ ਹਨ। ਕੋਈ ਫ਼ਰਿਆਦ ਨਹੀਂ ਹੈ ਇਨ੍ਹਾਂ ਗੁਲਾਮਾਂ ਦੀ। ਇਨ੍ਹਾਂ ਦਾ ਆਪਸ ਵਿੱਚ ਏਕਾ ਵੀ ਨਹੀਂ ਹੈ, ਮੌਕਾਪ੍ਰਸਤੀ ਇਹ ਛੱਡ ਨਹੀਂ ਸਕਦੇ, ਹਮੇਸ਼ਾ ਦਾਅ ਲਾਉਣ ਦੇ ਮੌਕੇ ਦੀ ਤਲਾਸ਼ ਵਿਚ ਰਹਿੰਦੇ ਹਨ। ਅੱਡੀਆਂ ਚੁੱਕ ਕੇ ਫਾਹਾ ਲੈਣ ਵਾਲੇ ਗ਼ੁਲਾਮਾਂ ਦੀ ਕੋਈ ਦੂਸਰਾ ਦਿਲੋਂ ਚਾਹੁੰਦਿਆਂ ਹੋਇਆਂ ਵੀ ਮਦਦ ਨਹੀਂ ਕਰ ਸਕਦਾ।
ਇਹ ਅਮਰੀਕਾ ਵਿੱਚ ਮੁੱਖ ਤੌਰ ’ਤੇ ਦੋ ਨੰਬਰ ਵਿੱਚ ਬਾਰਡਰ ਟੱਪ ਕੇ ਪਹੁੰਚਦੇ ਹਨ ਅਤੇ ਕੈਨੇਡਾ ਵਿੱਚ ਪੱਲਿਓਂ 50000 ਡਾਲਰ ਸਰਕਾਰ ਨੂੰ ਪੂਜ ਕੇ ਪਹੁੰਚਦੇ ਹਨ। ਦੋਹਾਂ ਮੁਲਕਾਂ ਵਿੱਚ ਸਵੈ-ਇੱਛਤ ਗ਼ੁਲਾਮਾਂ ਦੀ ਹਾਲਤ ਵਿੱਚ ਕੋਈ ਸਿਫ਼ਤੀ ਫ਼ਰਕ ਨਹੀਂ ਹੈ।
ਦੇਖਿਆ ਜਾਵੇ ਤਾਂ ਕਾਲ਼ੇ ਸਾਡੇ ਨਾਲੋਂ ਬਹੁਤ ਬਿਹਤਰ ਹਨ। ਉਨ੍ਹਾਂ ਅੰਦਰ ਫੁਕਰਾਪਨ ਨਾ-ਮਾਤਰ ਹੈ ਪਰ ਪੰਜਾਬੀਆਂ ਵਿੱਚ ਫੁਕਰਾਪਨ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਆਪਣੇ ਇਤਿਹਾਸ ਦੀਆਂ ਝੂਠੀਆਂ ਫੜ੍ਹਾਂ ਮਾਰਨੀਆਂ ਪੰਜਾਬੀਆਂ ਦਾ ਸੁਭਾਅ ਬਣ ਚੁੱਕਿਆ ਹੈ। ਇੱਥੇ ਧਾਰਮਿਕ ਸਥਾਨ ਵੀ ਦੁਕਾਨਾਂ ਵਾਂਗ ਚਲਾਏ ਜਾ ਰਹੇ ਹਨ। ਹਰ ਦੁਕਾਨ ਵਾਂਗ ਰੇਟ ਲਿਸਟਾਂ ਕੰਧਾਂ ’ਤੇ ਲਾਈਆਂ ਹੋਈਆਂ ਹਨ। ਇਕੱਲੇ-ਇਕੱਲੇ ਪਾਠ ਬਗੈਰਾ ਦਾ ਰੇਟ ਦਰਜ ਹੈ। ਹੁਣ ਤਾਂ ਕਈ ‘ਦੁਕਾਨਾਂ’ ਵਾਲਿਆਂ ਨੇ ਰੇਟ ਲਿਸਟਾਂ ਇੰਟਰਨੈੱਟ ’ਤੇ ਵੀ ਪਾ ਦਿੱਤੀਆਂ ਹਨ।
ਸਵੈ-ਇੱਛਤ ਗ਼ੁਲਾਮਾਂ ਨੂੰ ਕੈਨੇਡਾ/ਅਮਰੀਕਾ ਪਹੁੰਚਾਉਣ ਦਾ ਕੰਮ ਧੜੱਲੇ ਨਾਲ ਗਾਇਕ, ਕਲਾਕਾਰ, ਢਾਡੀ, ਰਾਗੀ, ਕਥਾਕਾਰ, ਡੇਰਿਆਂ ਦੇ ਬਾਬੇ ਇਤਿਆਦਿ ਸਭ ਕਰਦੇ ਰਹੇ ਹਨ; ਹੁਣ ਵੀ ਕਰਦੇ ਹਨ। ਰਹਿੰਦੀ ਖੂੰਹਦੀ ਕਸਰ ਖੱਬੇ ਪੱਖ ਦੇ ਹਰ ਕਿਸਮ ਦੇ ਨੇਤਾਵਾਂ ਨੇ ਆਪਣੇ ਬੱਚੇ ਇਸ ਰਾਹ ਤੋਰ ਕੇ ਸਮਾਜ ਵਿੱਚ ਆਪਣਾ ਮਖੌਟਾ ਵੀ ਉਤਾਰ ਦਿੱਤਾ ਹੈ।
ਹੱਦ ਹੀ ਹੋ ਗਈ ਹੈ।... ਕੀ ਸਵੈ-ਇੱਛਤ ਗ਼ੁਲਾਮਾਂ ਨੂੰ ਕਦੀ ਸਮੱਤ ਆਵੇਗੀ!?
*ਨਿਆਗਰਾ ਫਾਲਜ।
ਸੰਪਰਕ: 98153-02809