ਖਾਲਸਾ ਸਕੂਲ ਵਿੱਚ ਵਾਲੀਬਾਲ ਮੁਕਾਬਲੇ
ਪੱਤਰ ਪ੍ਰੇਰਕ
ਧਾਰੀਵਾਲ, 17 ਦਸੰਬਰ
ਬਾਬਾ ਅਜੈ ਸਿੰਘ ਖਾਲਸਾ ਪਬਲਿਕ ਸਕੂਲ ਗੁਰਦਾਸ ਨੰਗਲ ਵਿਖੇ ਪ੍ਰਿੰਸੀਪਲ ਸਰਬਜੀਤ ਕੌਰ ਦੀ ਅਗਵਾਈ ਹੇਠ ਸਕੂਲ ਦੇ ਪੀ.ਟੀ.ਆਈ. ਅਮਰੀਕ ਸਿੰਘ ਲੇਹਲ ਵੱਲੋਂ ਖਿਡਾਰੀਆਂ ਨੂੰ ਚਾਰ ਹਾਊਸਾਂ ਵਿੱਚ ਵੰਡ ਕੇ ਸਾਲਾਨਾ ਵਾਲੀਬਾਲ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਅੰਡਰ-17 (ਲੜਕੇ) ਸੱਤਵੀਂ ਜਮਾਤ ਤੋਂ ਦਸਵੀਂ ਜਮਾਤ ਦੇ ਖਿਡਾਰੀਆਂ ਦੇ ਵਿਚਾਲੇ ਮੈਚ ਕਰਵਾਏ ਗਏ। ਪਹਿਲੇ ਮੈਚ ਵਿੱਚ ਗਿਆਨੀ ਦਿੱਤ ਸਿੰਘ ਹਾਊਸ ਦੇ ਖਿਡਾਰੀਆਂ ਦੀ ਟੀਮ ਨੇ ਭਗਤ ਸਿੰਘ ਹਾਊਸ ਦੀ ਟੀਮ ਹਰਾ ਕੇ ਜਿੱਤ ਹਾਸਲ ਕੀਤੀ। ਦੂਸਰੇ ਮੈਚ ਵਿੱਚ ਕਰਤਾਰ ਸਿੰਘ ਹਾਊਸ ਦੇ ਖਿਡਾਰੀਆਂ ਦੀ ਟੀਮ ਨੇ ਊਧਮ ਸਿੰਘ ਹਾਊਸ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਫਾਈਨਲ ਮੈਚ ਕਰਤਾਰ ਸਿੰਘ ਹਾਊਸ ਅਤੇ ਗਿਆਨੀ ਦਿੱਤ ਸਿੰਘ ਹਾਊਸ ਦੀਆਂ ਟੀਮਾਂ ਦਰਮਿਆਨ ਹੋਇਆ। ਇਸ ਫਸਵੇਂ ਮੁਕਾਬਲੇ ਵਿੱਚ ਕਰਤਾਰ ਸਿੰਘ ਹਾਊਸ ਦੀ ਟੀਮ ਜੇਤੂ ਰਹੀ। ਇਨ੍ਹਾਂ ਮੈਚਾਂ ਦਾ ਸਕੂਲ ਦੇ ਸਾਰੇ ਬੱਚਿਆਂ ਨੇ ਖੂਬ ਆਨੰਦ ਮਾਣਿਆ। ਮੁਕਾਬਲਿਆਂ ਦੌਰਾਨ ਅਧਿਆਪਕਾ ਜਗਦੀਪ ਕੌਰ ਨੇ ਸਕੋਰਰ ਅਤੇ ਅਧਿਆਪਕਾ ਕੁਲਬੀਰ ਕੌਰ ਨੇ ਟਾਈਮ ਕੀਪਰ ਦੀ ਡਿਊਟੀ ਨਿਭਾਈ। ਜੇਤੂ ਖਿਡਾਰੀਆਂ ਨੂੰ ਪ੍ਰਿੰਸੀਪਲ ਸਰਬਜੀਤ ਕੌਰ ਨੇ ਇਨਾਮ ਦਿੱਤੇ।