ਅੱਗ ਤੋਂ ਬਚਾਅ ਲਈ ਕਦਮ ਚੁੱਕਣ ਵਾਸਤੇ ਜੰਗਲਾਂ ਦਾ ਦੌਰਾ
ਪੱਤਰ ਪ੍ਰੇਰਕ
ਪਠਾਨਕੋਟ, 3 ਅਪਰੈਲ
ਗਰਮੀ ਦੇ ਵਧਦਿਆਂ ਸਾਰ ਹੀ ਅੱਗ ਲੱਗਣ ਦੇ ਖਤਰਿਆਂ ਤੋਂ ਬਚਣ ਲਈ ਜੰਗਲਾਤ ਵਿਭਾਗ ਦੇ ਚੰਡੀਗੜ੍ਹ ਸਥਿਤ ਚੀਫ ਕੰਜ਼ਰਵੇਟਰ ਮਹਾਂਵੀਰ ਸਿੰਘ ਨੇ ਧਾਰ ਬਲਾਕ ਦੇ ਨੀਮ ਪਹਾੜੀ ਖੇਤਰ ਦੇ ਜੰਗਲਾਂ ਦਾ ਦੌਰਾ ਕੀਤਾ ਅਤੇ ਜਾਇਜ਼ਾ ਲਿਆ। ਇਸ ਮੌਕੇ ਦੁਨੇਰਾ ਰੇਂਜ ਦੇ ਅਫਸਰ ਮੁਕੇਸ਼ ਵਰਮਾ ਵੀ ਹਾਜ਼ਰ ਸਨ।
ਚੀਫ ਕੰਜਰਵੇਟਰ ਮਹਾਂਵੀਰ ਸਿੰਘ ਨੇ ਦੱਸਿਆ ਕਿ ਅਪਰੈਲ, ਮਈ ਤੇ ਜੂਨ ਦੇ ਮਹੀਨਿਆਂ ਵਿੱਚ ਗਰਮੀ ਵੱਧ ਹੋਣ ਕਰਕੇ ਜੰਗਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਨ ਦਾ ਖਤਰਾ ਵਧ ਜਾਂਦਾ ਹੈ ਅਤੇ ਅਕਸਰ ਹੀ ਇਹ ਦੇਖਿਆ ਗਿਆ ਹੈ ਕਿ ਪਠਾਨਕੋਟ ਦੇ ਧਾਰ ਖੇਤਰ ਅੰਦਰ ਜੰਗਲਾਂ ਨੂੰ ਅੱਗ ਹਿਮਾਚਲ ਦੇ ਜੰਗਲਾਂ ਵਿੱਚ ਲੱਗੀ ਅੱਗ ਤੋਂ ਫੈਲਦੀ ਰਹੀ ਹੈ। ਇਸ ਕਰਕੇ ਉਨ੍ਹਾਂ ਪੰਜਾਬ-ਹਿਮਾਚਲ ਹੱਦ ’ਤੇ ਪੈਂਦੇ ਜੰਗਲਾਂ ਨੂੰ ਦੇਖਿਆ ਹੈ ਅਤੇ ਇੱਥੇ ਅੱਗ ਬੁਝਾਉਣ ਲਈ ਵਿਛਾਈ ਹੋਈ 10 ਕਿਲੋਮੀਟਰ ਲੰਬੀ ਪਾਣੀ ਵਾਲੀ ਪਾਈਪ ਦਾ ਵੀ ਉਨ੍ਹਾਂ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਾਈਪ ਲਾਈਨ ਵਾਲੇ ਸਾਰੇ ਖੇਤਰ ਨੂੰ ਸਾਫ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਕੀਤੀਆਂ ਕਿ ਜੰਗਲ ਦੇ ਨਾਲ ਲੱਗਦੇ ਪਿੰਡਾਂ ਦੇ ਵਾਸੀਆਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਅਤੇ ਉਨ੍ਹਾਂ ਦੇ ਮੋਬਾਈਲ ਫੋਨਾਂ ਨੂੰ ਫਾਇਰ ਸਰਵੇ ਆਫ ਇੰਡੀਆ ਦੇ ਪੋਰਟਲ ਨਾਲ ਐਸਐਮਐਸ ’ਤੇ ਜੋੜਿਆ ਤਾਂ ਜੋ ਕਿਸੇ ਵੇਲੇ ਵੀ ਜੰਗਲ ਵਿੱਚ ਅੱਗ ਲੱਗਦੀ ਹੈ ਤਾਂ ਉਸ ਦਾ ਪਿੰਡਾਂ ਦੇ ਸਰਪੰਚਾਂ ਤੇ ਹੋਰ ਮੋਹਤਬਰਾਂ ਨੂੰ ਤੁਰੰਤ ਐੱਸਐੱਮਐੱਸ ਕਾਲ ਰਾਹੀਂ ਪਤਾ ਲੱਗ ਸਕੇ ਤੇ ਉਹ ਅੱਗ ਨੂੰ ਬੁਝਾਉਣ ਵਿੱਚ ਤੁਰੰਤ ਹਰਕਤ ਵਿੱਚ ਆ ਸਕਣ। ਉਨ੍ਹਾਂ ਨਾਗ ਧਾਰ ਵਿੱਚ ਵਾਚ ਟਾਵਰ ਦਾ ਵੀ ਮੁਆਇਨਾ ਕੀਤਾ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਜੰਗਲਾਂ ਵਿੱਚ ਦਿਨ-ਰਾਤ ਮੁਲਾਜ਼ਮ ਤਾਇਨਾਤ ਕਰਨ ਲਈ ਕਿਹਾ, ਜੋ ਅੱਗ ਲੱਗਣ ਉਪਰ ਨਜ਼ਰ ਰੱਖ ਸਕਣ। ਉਨ੍ਹਾਂ ਨਿਰਦੇਸ਼ ਦਿੱਤਾ ਕਿ ਉਥੇ ਫਾਇਰ ਟੈਂਡਰ ਗੱਡੀਆਂ ਵੀ ਤਿਆਰ-ਬਰ-ਤਿਆਰ ਰੱਖੀਆਂ ਜਾਣ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਵਿਭਾਗ ਕੋਲ ਪਗਡੰਡੀਆਂ ਵਿੱਚ ਜਾਣ ਲਈ ਛੋਟੀਆਂ ਫਾਇਰ ਟੈਂਡਰ ਗੱਡੀਆਂ ਨਹੀਂ ਹਨ, ਇਸ ਬਾਰੇ ਉਹ ਭਾਰਤ ਸਰਕਾਰ ਨੂੰ ਵੀ ਲਿਖਣਗੇ।