ਸਰਹੱਦੀ ਖੇਤਰ ਵਿੱਚ ਦਹਾਕਿਆਂ ਮਗਰੋਂ ਵੀ ਲੋਕਾਂ ਦੇ ਜ਼ਖ਼ਮ ਅੱਲ੍ਹੇ
ਰਾਜਨ ਮਾਨ
ਰਮਦਾਸ, 19 ਮਈ
ਦੇਸ਼ ਦੀ ਵੰਡ ਦੇ ਕਈ ਦਹਾਕਿਆਂ ਮਗਰੋਂ ਵੀ ਸਰਹੱਦੀ ਲੋਕਾਂ ਦੇ ਜ਼ਖ਼ਮ ਅਜੇ ਤੱਕ ਅੱਲ੍ਹੇ ਹਨ। ਕਈ ਹਕੂਮਤਾਂ ਬਦਲੀਆਂ ਪਰ ਇਨ੍ਹਾਂ ਲੋਕਾਂ ਦੇ ਹਾਲਾਤ ਨਹੀਂ ਬਦਲੇ। ਸਮੇਂ-ਸਮੇਂ ’ਤੇ ਜਦੋਂ ਚੋਣਾਂ ਦੀ ਰੁੱਤ ਆਈ ਤਾਂ ਇਨ੍ਹਾਂ ਲੀਡਰਾਂ ਨੇ ਇਨ੍ਹਾਂ ਲੋਕਾਂ ਦੀਆਂ ਝੋਲੀਆਂ ‘ਲਾਰਿਆਂ’ ਨਾਲ ਭਰੀਆਂ ਅਤੇ ਇਹ ਲਾਰਿਆਂ ਦੇ ਪਰਾਗੇ ਭਰ ਆਸਾਂ ਵਾਲੇ ਛੱਜ ਵਿੱਚ ਛੱਟਦੇ ਰਹੇ ਪਰ ਇਨ੍ਹਾਂ ਦੇ ਹਿੱਸੇ ‘ਕੋੜਕੂ’ ਹੀ ਆਏ।
ਅੱਜ ਮੁੜ ਚੋਣਾਂ ਦੀ ਰੁੱਤ ਆਈ ਹੈ। ਵੱਖ-ਵੱਖ ਸਿਆਸੀ ਧਿਰਾਂ ਦੇ ਆਗੂਆਂ ਵੱਲੋਂ ਇਨ੍ਹਾਂ ਸਰਹੱਦੀ ਲੋਕਾਂ ਨੂੰ ‘ਮਿੱਠੀਆਂ ਗੋਲੀਆਂ’ ਦਿੱਤੀਆਂ ਜਾ ਰਹੀਆਂ ਹਨ। ਸਰਹੱਦੀ ਖੇਤਰ ਦਾ ਦੌਰਾ ਕਰਨ ’ਤੇ ਲੋਕਾਂ ਦਾ ਦਰਦ ਸਪੱਸ਼ਟ ਨਜ਼ਰ ਆ ਰਿਹਾ ਸੀ। ਕੰਡਿਆਲੀ ਤਾਰ ਦੇ ਨਾਲ ਵੱਸੇ ਭਾਰਤ ਦੇ ਆਖਰੀ ਪਿੰਡ ਰੋੜਾਂਵਾਲੀ ਦੇ 100 ਸਾਲਾ ਬਜ਼ੁਰਗ ਕਿਸਾਨ ਜਸਵੰਤ ਸਿੰਘ ਨੇ ਦੱਸਿਆ ਕਿ ਦੇਸ਼ ਦੀ ਵੰਡ ਸਮੇਂ ਉਹ 23 ਕੁ ਵਰ੍ਹਿਆਂ ਦੇ ਸਨ ਅਤੇ ਅੱਜ ਸੱਤ ਦਹਾਕਿਆਂ ਤੋਂ ਵੱਧ ਸਮਾਂ ਬੀਤ ਗਿਆ ਹੈ। ਕਈ ਹਕੂਮਤਾਂ ਆਈਆਂ ਪਰ ਕਿਸੇ ਨੇ ਉਨ੍ਹਾਂ ਦਾ ਕੁਝ ਨਹੀਂ ਸਵਾਰਿਆ। ਉਨ੍ਹਾਂ ਕਿਹਾ ਉਹ ਕਈ ਵਾਰ ਉੱਜੜੇ ਅਤੇ ਕਈ ਵਾਰ ਵੱਸੇ ਪਰ ਕਿਸੇ ਸਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਸਰਹੱਦੀ ਕਿਸਾਨ ਨਿਰਮਲ ਸਿੰਘ, ਜੋ ਫੌਜ ਦੀ ਨੌਕਰੀ ਵੀ ਕਰ ਕੇ ਆਇਆ ਹੈ, ਨੇ ਕਿਹਾ ਕਿ ਸਰਕਾਰਾਂ ਨੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਦੇਣਾ ਤਾਂ ਕੀ ਹੈ, ਪਹਿਲੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ 1987 ਵਿੱਚ ਕਾਂਗਰਸ ਸਰਕਾਰ ਸਮੇਂ ਸਰਹੱਦੀ ਖੇਤਰ ਦੇ ਲੋਕਾਂ ਲਈ ਫੌਜ ਅਤੇ ਅਰਧ ਸੈਨਿਕ ਬਲਾਂ ਦੀ ਭਰਤੀ ਵਿੱਚ ਰਾਖਵਾਂ ਕੋਟਾ ਰੱਖਿਆ ਗਿਆ ਸੀ ਪਰ ਬਾਅਦ ਵਿੱਚ ਸਰਕਾਰਾਂ ਨੇ ਇਹ ਕੋਟਾ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਸਰਹੱਦੀ ਲੋਕਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਰਾਖਵਾਂ ਕੋਟਾ ਦਿੱਤਾ ਜਾਣਾ ਚਾਹੀਦਾ ਹੈ।
ਪਿੰਡ ਰਾਜਾਤਾਲ ਦੇ ਨੌਜਵਾਨ ਕਿਸਾਨ ਅਰਸਾਲ ਸਿੰਘ ਸੰਧੂ ਨੇ ਕਿਹਾ ਕਿ ਤਾਰ ਤੋਂ ਪਾਰ ਕੰਮ ਕਰਨ ਦਾ ਸਮਾਂ ਸਿਰਫ ਅੱਠ ਘੰਟੇ ਹੈ। ਗਰਮੀਆਂ ਵਿੱਚ ਮਜ਼ਦੂਰ ਵੀ ਦੁਪਹਿਰ ਨੂੰ ਕੰਮ ਕਰਨ ਨਹੀਂ ਜਾਂਦੇ ਅਤੇ ਜੇਕਰ ਜਾਂਦੇ ਹਨ ਤਾਂ ਦੁੱਗਣਾ ਪੈਸੇ ਲੈਂਦੇ ਹਨ। ਉਨ੍ਹਾਂ ਕਿਹਾ ਕਿ ਕੰਡਿਆਲੀ ਤਾਰ ਸਰਹੱਦ ਉਪਰ ਲੱਗਣੀ ਚਾਹੀਦੀ ਹੈ ਤੇ ਤਾਰੋਂ ਪਾਰ ਜ਼ਮੀਨ ਦਾ ਮੁਆਵਜ਼ਾ ਘੱਟੋ-ਘੱਟ 25000 ਰੁਪਏ ਪ੍ਰਤੀ ਏਕੜ ਹੋਣਾ ਚਾਹੀਦਾ ਹੈ।
ਰਮਦਾਸ ਦੇ ਸ਼ਿਵੰਦਰ ਸਿੰਘ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਕਰ ਕੇ ਉਨ੍ਹਾਂ ਨੂੰ ਵੱਡੀ ਉਮੀਦ ਸੀ ਕਿ ਹੁਣ ਉਨ੍ਹਾਂ ਦੀ ਜੂਨ ਸੁਧਰ ਜਾਵੇਗੀ ਪਰ ਕੇਂਦਰ ਦੀ ਸਰਕਾਰ ਨੇ ਡੇਰਾ ਬਾਬਾ ਨਾਨਕ ਨੂੰ ਵਿਕਸਿਤ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ। ਬੱਚੀਵਿੰਡ ਦੇ ਕਿਸਾਨ ਅਮਰਜੀਤ ਸਿੰਘ ਨੇ ਕਿਹਾ ਕਿ ਜੇ ਅਟਾਰੀ ਸਰਹੱਦ ਤੋਂ ਵਪਾਰ ਖੋਲ੍ਹਿਆ ਜਾਂਦਾ ਹੈ ਤਾਂ ਸਰਹੱਦੀ ਖੇਤਰ ਦੇ ਲੋਕਾਂ ਨੂੰ ਇਸ ਦਾ ਵੱਡਾ ਲਾਭ ਹੋਵੇਗਾ। ਰੋੜਾਂਵਾਲੀ ਦੇ ਕਿਸਾਨ ਪਾਲ ਸਿੰਘ ਨੇ ਕਿਹਾ,‘ਹਾਕਮਾਂ ਨੇ ਨਸ਼ਿਆਂ ਨਾਲ ਸਾਡੀ ਜਵਾਨੀ ਤਬਾਹ ਕਰ ਦਿੱਤੀ ਹੈ।’ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਤਾਂ ਹੁਣ ਮੋਹ ਹੀ ਭੰਗ ਹੋ ਚੁੱਕਾ ਹੈ।